ਨਵੀਂ ਦਿੱਲੀ- ਦਿੱਲੀ ‘ਚ ਸੇਵਾਵਾਂ ਦੇ ਕੰਟਰੋਲ ‘ਤੇ ਕੇਂਦਰ ਸਰਕਾਰ ਦੇ ਆਰਡੀਨੈਂਸ ਖ਼ਿਲਾਫ਼ ਸਮਰਥਨ ਜੁਟਾਉਣ ਲਈ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇਸ਼ ਵਿਆਪੀ ਦੌਰੇ ‘ਤੇ ਹਨ। ਕੇਜਰੀਵਾਲ ਨੇ ਰਾਸ਼ਟਰਵਾਦੀ ਕਾਂਗਰਸ ਪਾਰਟੀ (NCP) ਦੇ ਪ੍ਰਧਾਨ ਸ਼ਰਦ ਪਵਾਰ ਨਾਲ ਮੁੰਬਈ ਵਿਖੇ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਸ਼ਰਦ ਪਵਾਰ ਨੇ ਕੇਜਰੀਵਾਲ ਨੂੰ ਕੇਂਦਰ ਦੇ ਆਰਡੀਨੈਂਸ ਖ਼ਿਲਾਫ਼ ਸਮਰਥਨ ਦੇਣ ਦੀ ਗੱਲ ਆਖੀ ਹੈ। ਇਸ ਮਗਰੋਂ ਅੱਜ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ ਅਤੇ NCP ਦੇ ਪ੍ਰਧਾਨ ਸ਼ਰਦ ਪਵਾਰ ਨੇ ਪ੍ਰੈੱਸ ਕਾਨਫਰੰਸ ਕੀਤੀ।
ਕੇਜਰੀਵਾਲ ਨੇ ਕਿਹਾ ਕਿ 8 ਸਾਲ ਤੱਕ ਦਿੱਲੀ ਦੇ ਅਧਿਕਾਰਾਂ ਦੀ ਲੜਾਈ ਲੜੀ ਹੈ। ਸਾਡੇ ਤੋਂ ਲਗਾਤਾਰ ਸ਼ਕਤੀਆਂ ਖੋਹਣ ਦੀ ਕੋਸ਼ਿਸ਼ ਕੀਤੀ ਗਈ। ਸੰਸਦ ਵਿਚ ਬਿੱਲ ਪਾਸ ਹੋਣ ਨਹੀਂ ਦੇਣਾ ਹੈ। ਗੈਰ-ਭਾਜਪਾ ਦਲ ਨਾਲ ਆਓ ਤਾਂ ਆਰਡੀਨੈਂਸ ਡਿੱਗ ਜਾਵੇਗਾ। ਇਹ ਆਰਡੀਨੈਂਸ ਸੁਪਰੀਮ ਕੋਰਟ ਦੇ ਫ਼ੈਸਲੇ ਖ਼ਿਲਾਫ਼ ਲਿਆਂਦਾ ਗਿਆ ਹੈ। ਰਾਜ ਸਭਾ ਵਿਚ ਜੇਕਰ ਬਿੱਲ ਡਿੱਗ ਜਾਂਦਾ ਹੈ ਤਾਂ ਇਸ ਨੂੰ 2024 ਦਾ ਸੈਮੀਫਾਈਨਲ ਮੰਨੋ। ਭਾਜਪਾ ਦੀ ਸਰਕਾਰ ਨਹੀਂ ਆਉਣ ਵਾਲੀ ਹੈ। ਓਧਰ ਸ਼ਰਦ ਪਵਾਰ ਨੇ ਕਿਹਾ ਕਿ ਇਹ ਯਕੀਨੀ ਕਰਨਾ ਸਾਡੀ ਜ਼ਿੰਮੇਵਾਰੀ ਹੈ ਕਿ ਸਾਰੀਆਂ ਗੈਰ-ਭਾਜਪਾ ਪਾਰਟੀਆਂ ਅਰਵਿੰਦ ਕੇਜਰੀਵਾਲ ਦਾ ਸਮਰਥਨ ਕਰਨ।
ਕੇਜਰੀਵਾਲ ਮੁਤਾਬਕ NCP ਨੇ ਸਾਨੂੰ ਸਮਰਥਨ ਦਿੱਤਾ ਹੈ ਕਿ ਰਾਜ ਸਭਾ ਵਿਚ ਇਸ ਬਿੱਲ ਨੂੰ ਪਾਸ ਨਾ ਹੋਣ ਦੇਣ ਲਈ ਸਾਡਾ ਸਹਿਯੋਗ ਕਰਨਗੇ। ਸ਼ਰਦ ਪਵਾਰ ਸਾਬ੍ਹ ਦੇਸ਼ ਦੇ ਸਭ ਤੋਂ ਵੱਡੇ ਨੇਤਾਵਾਂ ਵਿਚੋਂ ਇਕ ਹਨ। ਮੇਰੀ ਪਵਾਰ ਸਾਬ੍ਹ ਨੂੰ ਬੇਨਤੀ ਹੈ ਕਿ ਖ਼ੁਦ ਤਾਂ ਸਮਰਥਨ ਕਰ ਰਹੇ ਹਨ, ਦੇਸ਼ ਦੀਆਂ ਦੂਜੀਆਂ ਪਾਰਟੀਆਂ ਤੋਂ ਵੀ ਸਮਰਥਨ ਜੁਟਾਉਣ ‘ਚ ਸਾਡਾ ਸਹਿਯੋਗ ਕਰਨ। ਆਰਡੀਨੈਂਸ ਖ਼ਿਲਾਫ ‘ਆਪ’ ਦੀ ਲੜਾਈ ਨੂੰ ਸਮਰਥਨ ਦੇਣ ਲਈ ਕੇਜਰੀਵਾਲ ਨੇ ਸ਼ਰਦ ਪਵਾਰ ਦਾ ਧੰਨਵਾਦ ਕੀਤਾ। ਕੇਜਰੀਵਾਲ ਨੇ ਕਿਹਾ ਕਿ ਆਰਡੀਨੈਂਸਾਂ ਦਾ ਇਸਤੇਮਾਲ ਕਰ ਕੇ ਚੁਣੀ ਹੋਈਆਂ ਸਰਕਾਰਾਂ ਨੂੰ ਕੰਮ ਕਰਨ ਦਿੱਤਾ ਜਾ ਰਿਹਾ ਹੈ। ਇਹ ਦੇਸ਼ ਲਈ ਚੰਗਾ ਨਹੀਂ ਹੈ।
ਇਹ ਹੈ ਮਾਮਲਾ
ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਕੇਂਦਰ ਸਰਕਾਰ ਨੇ ਇਕ ਆਰਡੀਨੈਂਸ ਲਿਆਂਦਾ ਸੀ, ਜਿਸ ਨੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਪੂਰੀ ਤਰ੍ਹਾਂ ਪਲਟ ਦਿੱਤਾ ਸੀ। ਅਦਾਲਤ ਨੇ ਜਿੱਥੇ ਤਬਾਦਲੇ ਅਤੇ ਤਾਇਨਾਤੀ ਦੇ ਮਾਮਲੇ ਵਿਚ ਮੁੱਖ ਮੰਤਰੀ ਕੇਜਰੀਵਾਲ ਨੂੰ ਸਾਰੇ ਅਧਿਕਾਰ ਦਿੱਤੇ ਸਨ, ਉੱਥੇ ਹੀ ਕੇਂਦਰ ਸਰਕਾਰ ਨੇ ਆਰਡੀਨੈਂਸ ਰਾਹੀਂ ਸਾਰੇ ਅਧਿਕਾਰ ਉਪ ਰਾਜਪਾਲ (LG) ਨੂੰ ਵਾਪਸ ਦੇ ਦਿੱਤੇ ਹਨ।
ਹੁਣ ਇਸ ਆਰਡੀਨੈਂਸ ਦੇ ਖਿਲਾਫ ਕੇਜਰੀਵਾਲ ਮੋਦੀ ਸਰਕਾਰ ਖਿਲਾਫ ਵਿਰੋਧੀ ਧਿਰ ਨੂੰ ਇਕਜੁੱਟ ਕਰਨ ਅਤੇ ਆਪਣੇ ਲਈ ਸਮਰਥਨ ਮੰਗਣ ਦੀ ਕਵਾਇਦ ‘ਚ ਲੱਗੇ ਹੋਏ ਹਨ। ਕੇਜਰੀਵਾਲ ਚਾਹੁੰਦੇ ਹਨ ਕਿ ਜਦੋਂ ਕੇਂਦਰ ਸਰਕਾਰ ਇਸ ਆਰਡੀਨੈਂਸ ਨੂੰ ਰਾਜ ਸਭਾ ਵਿਚ ਬਿੱਲ ਦੇ ਰੂਪ ਵਿਚ ਲਿਆਵੇ ਤਾਂ ਸਮੁੱਚੀ ਵਿਰੋਧੀ ਧਿਰ ਇਕਜੁੱਟ ਹੋ ਕੇ ਇਸ ਦਾ ਵਿਰੋਧ ਕਰੇ, ਤਾਂ ਜੋ ਇਹ ਕਾਨੂੰਨ ਨਾ ਬਣ ਜਾਵੇ।