ਯਾਦਾਂ ਦਾ ਝਰੋਖਾ – 11
ਡਾ. ਕੇਵਲ ਅਰੋੜਾ
94176 95299
ਸਾਉਣ ਦਾ ਮਹੀਨਾ ਭੂਆ ਭੋਲੀ ਆਪਣੇ ਪੇਕੇ ਪਿੰਡ ਹੀ ਲਾ ਕੇ ਜਾਂਦੀ ਰਹੀ। ਪਿੰਡ ਨਾਲ ਉਸਦਾ ਬਹੁਤ ਲਗਾਅ ਸੀ ਅਤੇ ਸਾਰਾ ਪਿੰਡ ਉਸ ਦਾ ਮਾਣ ਕਰਦਾ ਸੀ। ਹੁਣ ਭੋਲੀ ਨੂੰ ਭੂਆ ਭੋਲੀ ਦਾ ਰੁਤਬਾ ਮਿਲ ਗਿਆ ਸੀ। ਭੂਆ ਭੋਲੀ ਜਦ ਵੀ ਪਿੰਡ ਆਉਂਦੀ, ਮੈਨੂੰ ਕਿਤੇ ਨਾ ਕਿਤੇ ਮਿਲ ਪੈਂਦੀ, ਅਤੇ ਮੈਂ ਵੀ ਉਸ ਦਾ ਬਹੁਤ ਮਾਣ ਕਰਦਾ ਸੀ। ਉਹ ਮੇਰੇ ਕੋਲੋਂ ਨਕਸ ਵੌਮਿਕਾ ਦਾ ਪਾਊਡਰ ਅਪਣੇ ਪਿੰਡ ਲਈ ਲੈ ਜਾਂਦੀ। ਉਸ ਨੂੰ ਉਹ ਪਸ਼ੂਆਂ ਦੀ ਭੁੱਕੀ ਕਹਿੰਦੀ ਸੀ, ‘ਵੇ ਵੀਰਾ, ਸਾਡੇ ਬੰਦਿਆਂ ਵਾਲੀ ਭੁੱਕੀ ਤਾਂ ਬਥੇਰੀ ਮਿਲ ਜਾਂਦੀ ਆ ਪਰ ਆਹ ਪਸ਼ੂਆਂ ਵਾਲੀ ਭੁੱਕੀ ਨਹੀਂ ਮਿਲਦੀ।” ਉਸ ਨੇ ਕਈ ਵਾਰ ਗੱਲ ਕਰਨੀ ਕਿ ਵੀਰਾ, ਭੁੱਕੀ ਖਾਣ ਵਾਲੇ ਅਪਣੇ ਇਧਰ ਹੀ ਬਾਹਲੇ ਆ, ਸਾਡੇ ਤਾਂ ਕੋਈ ਇੱਕਾ ਦੁੱਕਾ ਹੀ ਖਾਂਦਾ ਐ, ਸਾਦੇ ਅਤੇ ਕਿਰਸੀ ਲੋਕ ਆ ਪਰ ਹੈ ਸੌਖੇ, ਭਲਾ ਹੋਵੇ ਤੇਰਾ ਵੀਰਾ, ਸਿਆਲੋ ਸਿਆਲ ਤਾਂ ਬਹੁਤ ਕੰਮ ਦਿੰਦੀ ਐ, ਸਾਡੇ ਤਾਂ ਡਾਕਟਰ ਵੀ ਵੀਹ ਵੀਹ ਮੀਲ ‘ਤੇ ਮਿਲਦੇ ਆ।”
ਮੈਨੂੰ ਭੂਆ ਭੋਲੀ ਨਾਲ ਗੱਲਾਂ ਕਰ ਕੇ ਬਹੁਤ ਕੁੱਝ ਜਾਨਣ ਅਤੇ ਸਿੱਖਣ ਨੂੰ ਮਿਲਦਾ। ਉਸ ਦਾ ਪੇਕਾ ਪਰਿਵਾਰ ਵੀ ਮੇਰਾ ਬਹੁਤ ਮਾਣ ਤਾਣ ਕਰਦਾ ਸੀ। ਉਸ ਦਾ ਵੱਡਾ ਤਾਇਆ ਬੀਮਾਰ ਹੋ ਗਿਆ ਅਤੇ ਡਾਕਟਰਾਂ ਨੇ ਵੀ ਸੇਵਾ ਕਰਨ ਨੂੰ ਕਹਿ ਦਿੱਤਾ। ਭੋਲੀ ਨੂੰ ਸੁਨੇਹਾ ਮਿਲਿਆ ਤਾਂ ਉਹ ਭੱਜੀ ਆਈ ਗੰਗਾਨਗਰ ਵਾਲੀ ਬੱਸ ਚੜ੍ਹ ਕੇ। ਅਪਣੇ ਹੱਥੀਂ ਆਪ ਬੁਣਿਆ ਹੋਇਆ ਖੇਸ ਵੀ ਨਾਲ ਲੈ ਕੇ ਆਈ ਸੀ। ਜਦ ਘਰ ਪਹੁੰਚੀ ਤਾਂ ਤਾਏ ਦੇ ਚਿਹਰੇ ਦੀ ਉਦਾਸੀ ਪਤਾ ਨਹੀਂ ਕਿੱਥੇ ਉੱਡ ਗਈ ਸੀ। ਤਾਏ ਦੇ ਗਲ ਲੱਗ ਕੇ ਮਿਲੀ ਤਾਂ ਤਾਏ ਦੇ ਚਿਹਰੇ ‘ਤੇ ਮੁੜ ਰੌਣਕ ਪਰਤ ਆਈ। ਕਈ ਦਿਨਾਂ ਬਾਅਦ ਤਾਏ ਨੇ ਪੂਰੀ ਰੋਟੀ ਖਾਧੀ। ਭੋਲੀ ਧੀ ਦੀ ਸੇਵਾ ਨਾਲ ਜਿਵੇਂ ਉਸ ਦੇ ਅੰਦਰ ਦਾ ਚਿਰਾਗ਼ ਜੱਗ ਪਿਆ ਹੋਵੇ! ਜਿਵੇਂ ਉਸ ਨੂੰ ਕੋਈ ਬੀਮਾਰੀ ਹੋਵੇ ਹੀ ਨਾ। ਦਸ ਗਿਆਰਾਂ ਦਿਨ ਲੰਘ ਗਏ ਅਤੇ ਭੋਲੀ ਦੀ ਧਾਹ ਤਾਏ ਦੇ ਕਮਰੇ ‘ਚੋਂ ਨਿਕਲ ਕੇ ਅੰਬਰਾਂ ਨੂੰ ਚੜ੍ਹ ਗਈ। ਸਾਰੇ ਪਿੰਡ ਦਾ ਤ੍ਰਾਹ ਨਿਕਲ ਗਿਆ। ਸਭ ਉਹਨਾਂ ਦੇ ਘਰ ਵੱਲ ਨੂੰ ਭੱਜੇ। ਤਾਇਆ ਪੂਰਾ ਹੋ ਚੁੱਕਾ ਸੀ। ਉਸ ਨੇ ਪਿੰਡੋਂ ਲਿਆਂਦਾ ਹੋਇਆ ਖੇਸ ਬੜੇ ਆਦਰ ਅਤੇ ਮੋਹ ਨਾਲ ਤਾਏ ‘ਤੇ ਪਾਇਆ। ਜਦੋਂ ਤਾਏ ਦਾ ਸੰਸਕਾਰ ਕਰਨ ਗਏ ਤਾਂ ਭੂਆ ਭੋਲੀ ਦੇ ਵੈਣ ਸੁਣ ਕੇ ਕੋਈ ਵੀ ਅਪਣੇ ਅੱਥਰੂ ਨਹੀਂ ਸੀ ਰੋਕ ਸਕਿਆ। ਤਾਏ ਦੇ ਭੋਗ ਤੋਂ ਪਹਿਲਾਂ ਹੀ ਉਸ ਦੀ ਛੋਟੀ ਤਾਈ ਜੋ ਕਾਫ਼ੀ ਦੇਰ ਤੋਂ ਬੀਮਾਰ ਚੱਲ ਰਹੀ ਸੀ ਕੁੱਝ ਜ਼ਿਆਦਾ ਹੀ ਢਿੱਲੀ ਹੋ ਗਈ ਸੀ। ਚਲੋ, ਤਾਏ ਦਾ ਭੋਗ ਪੈ ਗਿਆ ਸਤਾਰੀਏ ‘ਤੇ ਅਤੇ ਭੋਗ ‘ਤੇ ਭੂਆ ਭੋਲੀ ਦਾ ਸਾਰਾ ਸਹੁਰਾ ਪਰਿਵਾਰ ਜੀਪ ਕਰ ਕੇ ਆਇਆ ਅਤੇ ਵਾਪਿਸ ਚਲਾ ਗਿਆ ਪਰ ਭੂਆ ਭੋਲੀ ਛੋਟੀ ਤਾਈ ਕਰ ਕੇ ਉਨਾਂ ਨਾਲ ਨਾ ਗਈ। ਉਸ ਦੀ ਹਾਲਤ ਉਸ ਨੂੰ ਪਤਾ ਲੱਗ ਗਈ ਸੀ ਪਾਣੀਂ ਦਾ ਬੁਲਬੁਲਾ ਪਤਾ ਨਹੀਂ ਕਿਹੜੇ ਵੇਲੇ ਮੁਕਜੇ। ਕੁਦਰਤੀ ਉਸ ਦੇ ਪੇਕਿਆਂ ਦੀ ਮੱਝ ਬੀਮਾਰ ਹੋ ਗਈ ਅਤੇ ਉੱਥੇ ਭੂਆ ਭੋਲੀ ਵੀ ਮਿਲ ਗਈ, ਆਖਣ ਲੱਗੀ, ”ਵੇ ਬਾਈ, ਜੇ ਕਿਤੇ ਤੈਨੂੰ ਖੇਸਾਂ ਵਾਲਾ ਚਰਨਾ ਮਿਲ ਜਾਵੇ ਤਾਂ ਸਾਡੇ ਘਰ ਭੇਜੀਂ।”
”ਕੀ ਕਰਾਉਣਾ ਭੈਣ ਜੀ ਉਹਦੇ ਤੋਂ ਖੇਸ ਤਾਂ ਤੇਰੇ ਬੁਣੇ ਹੀ ਅਪਣੇ ਘਰੇ ਪੰਜਾਹ ਪਏ ਆ।” ਉਹਦੀ ਭਰਜਾਈ ਕੋਲੋਂ ਬੋਲੀ ਤਾਂ ਅਗੋਂ ਭੋਲੀ ਨੇ ਆਖਿਆ, ”ਨਹੀਂ ਭਾਬੀ ਨਹੀਂ, ਪੇਕਿਆਂ ਦਾ ਖੇਸ ਹਰ ਥਾਂ ‘ਤੇ ਨਹੀਂ ਵਰਤੀਦਾ ਹੁੰਦਾ।” ਉਸ ਦਾ ਇਸ਼ਾਰਾ ਤਾਈ ਵੱਲ ਸੀ। ਕੁਦਰਤੀਂ ਮੁਕਸਰ ਵਾਲੇ ਚਰਨੇ ਦੀ ਖੇਸਾਂ ਦੀ ਅਵਾਜ਼ ਆ ਗਈ। ਭੂਆ ਭੋਲੀ ਨੇ ਉਦਾਸੇ ਚਿਹਰੇ ਨਾਲ ਖੇਸ ਖ਼ਰੀਦਿਆ। ਤਾਈ ਵਿਚਾਰੀ ਕਈ ਦਿਨ ਮੰਜੇ ਉਤੇ ਰਿੜਕਦੀ ਰਿੜਕਦੀ ਚੱਲ ਵੱਸੀ। ਭੂਆ ਭੋਲੀ ਹੁਣ ਪੱਥਰ ਹੋ ਚੁੱਕੀ ਸੀ ਜਿਵੇਂ ਪੇਕਿਆਂ ਦਾ ਘਰ ਖਾਲਮ ਖ਼ਾਲੀ ਹੋ ਗਿਆ ਹੋਵੇ! ਉਹਨੇ ਚਰਨੇ ਤੋਂ ਲਿਆ ਖੇਸ ਤਾਈ ‘ਤੇ ਪਾਇਆ ਅਤੇ ਇਕਦਮ ਧਾਹ ਮਾਰ ਕੇ ਭੁੰਜੇ ਡਿੱਗ ਪਈ। ਸਾਰੇ ਪਿੰਡ ਨੂੰ ਹਸਾਉਣ ਵਾਲੀ ਭੂਆ ਭੋਲੀ ਤਾਈ ਦੇ ਸੰਸਕਾਰ ਤੋਂ ਬਾਅਦ ਡਾਹਢੀ ਖਾਮੋਸ਼ ਹੋ ਕਿ ਇੱਕ ਅਪਣੇ ਸਹੁਰੇ ਪਿੰਡ ਨੂੰ ਜਾਣ ਵਾਲੀ ਜੀਪ ਵਿੱਚ ਬਹਿਣ ਲੱਗੀ ਤਾਂ ਪਿੰਡ ਦੇ ਲੋਕਾਂ ਦੀਆਂ ਅੱਖਾਂ ‘ਚ ਹੰਝੂ ਸਨ। ਸੋ ਇਹੋ ਜਿਹੇ ਭੋਲੇ ਭਾਲੇ ਅਤੇ ਸਾਦ ਮੁਰਾਦੇ ਲੋਕ ਯਾਦਾਂ ਦਾ ਝਰੋਖਾ ਮੱਲੀ ਬੈਠੇ ਹਨ।