ਇਸ ਸੰਸਾਰ ‘ਚ ਕੋਈ ਨਾ ਕੋਈ ਤੁਹਾਡੇ ਤੋਂ ਵੀ ਬਦਤਰ ਸਥਿਤੀ ‘ਚ ਜ਼ਰੂਰ ਹੋਵੇਗਾ। ਅਤੇ ਇਹ ਇੱਕ ਚੰਗੀ ਗੱਲ ਹੈ ਕਿਉਂਕਿ ਇਸ ਦਾ ਮਤਲਬ ਹੈ ਕਿ ਚਿੰਤਾ ਨੂੰ ਖ਼ੁਦ ਤੋਂ ਦੂਰ ਰੱਖਣ ਦਾ ਹਮੇਸ਼ਾਂ ਕੋਈ ਨਾ ਕੋਈ ਢੰਗ ਹੁੰਦਾ ਹੈ। ਤੁਸੀਂ ਦੂਸਰੇ ਲੋਕਾਂ ਨੂੰ ਬਿਹਤਰ ਮਹਿਸੂਸ ਕਰਾ ਕੇ ਖ਼ੁਸ਼ ਹੁੰਦੇ ਹੋ ਜਿੰਨਾ ਚਿਰ ਮਦਦ ਲਈ ਉਨ੍ਹਾਂ ਦੀ ਲੋੜ ਇੱਕ ਕਠੋਰ ਰੱਖਿਆਤਮਕ ਰਵੱਈਏ ‘ਚ ਨਾ ਤਬਦੀਲ ਹੋ ਜਾਵੇ ਜਿਹੜਾ ਕਿ ਉਨ੍ਹਾਂ ਨੂੰ ਕਿਸੇ ਕਿਸਮ ਦੀ ਵੀ ਸਹਾਇਤਾ ਹਾਸਿਲ ਕਰਨ ਦੇ ਨਾਕਾਬਿਲ ਬਣਾ ਦਿੰਦਾ ਹੈ! ਤੁਸੀਂ, ਪਰ, ਇਸ ਗੱਲ ਪ੍ਰਤੀ ਚੇਤੰਨ ਹੋ ਕਿ ਕਈ ਵਾਰ ਰਹਿਮਦਿਲ ਹੋਣ ਲਈ ਤੁਹਾਨੂੰ ਨਿਰਦਈ ਬਣਨਾ ਪੈਂਦੈ। ਫ਼ਿਰ ਵੀ, ਤੁਹਾਡੇ ਕੋਲ ਇੱਕ ਵੱਡਾ ਦਿਲ ਹੈ ਜੋ, ਸਖ਼ਤ ਦਿਖਣ ਦੀ ਤੁਹਾਡੀ ਸਾਰੀ ਕੋਸ਼ਿਸ਼ ਦੇ ਬਾਵਜੂਦ, ਅੰਦਰੋਂ ਬੇਹੱਦ ਕੋਮਲ ਹੈ। ਤੁਹਾਡੀ ਦਿਆਲਤਾ ਤੋਂ ਸਭ ਨੂੰ ਫ਼ਾਇਦਾ ਹੋਵੇਗਾ।
ਅਸੀਂ ਆਪਣੇ ਕੱਪੜੇ ਬੜੇ ਧਿਆਨ ਨਾਲ ਚੁਣਦੇ ਹਾਂ। ਸਾਡੇ ‘ਤੇ ਕੀ ਜੱਚਦਾ ਹੈ ਅਤੇ ਕੀ ਨਹੀਂ, ਇਸ ਬਾਰੇ ਆਪਣੀਆਂ ਭਾਵਨਾਵਾਂ ਨਾਲ ਅਸੀਂ ਘੁੱਟ ਕੇ ਚਿੰਬੜੇ ਰਹਿੰਦੇ ਹਾਂ। ਪਰ ਵਿਚਾਰਾਂ ਸਬੰਧੀ ਕੀ ਕਹੋਗੇ? ਕੀ ਉਹ ਸਾਨੂੰ ਹਮੇਸ਼ਾ ਸੂਟ ਕਰਦੇ ਹਨ? ਕਈ ਅਜਿਹੇ ਪਲ ਹੁੰਦੇ ਨੇ ਜਦੋਂ ਕਿਸੇ ਹੋਰ ਦੇ ਰਵੱਈਏ ਵੱਲ ਦੇਖ ਕੇ ਜਾਂ ਜਿਹੜਾ ਸਟੈਂਡ ਉਹ ਲੈ ਰਹੇ ਹੁੰਦੇ ਨੇ, ਉਸ ਬਾਰੇ ਸੁਣ ਕੇ ਅਸੀਂ ਹੈਰਾਨ ਹੁੰਦੇ ਹਾਂ। ਕੀ ਉਹ ਸੱਚਮੁੱਚ ਇਸ ਮਾਮਲੇ ਜਾਂ ਮੁੱਦੇ ਬਾਰੇ ਇੰਨੀ ਜ਼ਿਆਦਾ ਸ਼ਿੱਦਤ ਨਾਲ ਸੋਚਦੇ ਨੇ? ਕੀ ਉਨ੍ਹਾਂ ਨੇ ਆਪਣੇ ਤਰਕ ਨੂੰ ਅੰਦਰੋਂ-ਬਾਹਰੋਂ ਚੰਗੀ ਤਰ੍ਹਾਂ ਘੋਖ ਲਿਐ? ਜਾਂ ਕੇਵਲ ਕਿਸੇ ਲੋਕਪ੍ਰਿਯ ਖ਼ਿਆਲ ਨੂੰ ਹੀ ਉਹ ਇੱਕ ਤੋਤੇ ਵਾਂਗ ਦੁਹਰਾਈ ਜਾ ਰਹੇ ਨੇ? ਆਸਮਾਨ ਇਸ ਵਕਤ ਤੁਹਾਨੂੰ ਆਪਣੇ ਮਨ ਅੰਦਰਲੇ ਵਿਸ਼ਵਾਸਾਂ ਦੇ ਬਿਊਰੋ ਨੂੰ ਸਾਫ਼ ਕਰਨ ਦਾ ਇੱਕ ਵੱਡਾ ਮੌਕਾ ਬਖ਼ਸ਼ ਰਿਹੈ।
ਅਸੀਂ ਸਾਰੇ, ਸਮੇਂ ਸਮੇਂ ‘ਤੇ, ਅਜਿਹੀਆਂ ਚੀਜ਼ਾਂ ਕਰ ਬੈਠਦੇ ਹਾਂ ਜਿਨ੍ਹਾਂ ਬਾਰੇ ਮੁੜ ਕੇ ਸਾਨੂੰ ਅਫ਼ਸੋਸ ਹੁੰਦਾ ਹੈ। ਜਾਂ, ਸ਼ਾਇਦ, ਅਸੀਂ ਅਜਿਹੀਆਂ ਚੀਜ਼ਾਂ ਕਰਦੇ ਹਾਂ ਜਿਨ੍ਹਾਂ ਨੂੰ ਲੈ ਕੇ ਸਾਨੂੰ ਓਨਾ ਜ਼ਿਆਦਾ ਅਫ਼ਸੋਸ ਤਾਂ ਨਹੀਂ ਹੁੰਦਾ ਜਿੰਨਾ ਇਸ ਗੱਲ ਦਾ ਅਹਿਸਾਸ ਕਿ ਸਾਡੇ ਲਈ ਦੂਸਰਿਆਂ ਨੂੰ ਇਹ ਸਮਝਾ ਸਕਣਾ ਔਖਾ ਹੋ ਜਾਵੇਗਾ ਕਿ ਆਖ਼ਿਰ ਅਸੀਂ ਅਜਿਹਾ ਕੀਤਾ ਹੀ ਕਿਓਂ ਸੀ। ਜਾਂ ਅਸੀਂ ਅਜਿਹੀਆਂ ਚੀਜ਼ਾਂ ਵੀ ਕਰਦੇ ਹਾਂ ਜਿਨ੍ਹਾਂ ਨੂੰ ਕਰ ਕੇ ਅਸੀਂ ਮਹਿਸੂਸ ਤਾਂ ਕਰਦੇ ਹਾਂ ਮਾਣਮੱਤੇ ਕਿ ਅਸੀਂ ਉਹ ਕੀਤੀਆਂ, ਪਰ ਉਨ੍ਹਾਂ ਨੂੰ ਕਰਨ ਦਾ ਸਿਹਰਾ ਅਸੀਂ ਖ਼ੁਦ ਦੇ ਸਿਰ ਨਹੀਂ ਬੰਨ੍ਹਣਾ ਚਾਹੁੰਦੇ। ਸ਼ਾਇਦ, ਨਿੱਜਤਾ ਅਤੇ ਦਿਆਨਤਦਾਰੀ ਦਾ ਆਦਰ ਕਰਦੇ ਹੋਏ, ਸਾਨੂੰ ਇੰਝ ਦਿਖਾਵਾ ਕਰਨਾ ਪੈਂਦੈ ਜਿਵੇਂ ਅਸੀਂ ਕੁਝ ਕੀਤਾ ਹੀ ਨਹੀਂ ਜਾਂ ਉਸ ਨੂੰ ਕਰਨ ਦੀ ਵਾਹ-ਵਾਹ ਕਿਸੇ ਹੋਰ ਨੂੰ ਖੱਟਣ ਦੇਣੀ ਪੈਂਦੀ ਹੈ। ਪਰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਤੁਸੀਂ ਬਿਲਕੁਲ ਸਹੀ ਚੀਜ਼ ਕਰ ਰਹੇ ਹੋ!
ਉਸ ਦਾ ਕੀ ਨਾਮ ਸੀ ਭਲਾ, ਓਹੀ ਬੰਦਾ ਜਿਸ ਨੇ ਆਪਣੇ ਮੋਢਿਆਂ ‘ਤੇ ਸਾਰੇ ਸੰਸਾਰ ਦਾ ਭਾਰ ਚੁੱਕਿਆ ਹੋਇਆ ਸੀ? ਐਟਲੱਸ? ਯਾਰ, ਵਾਧੂ ਔਖਾ ਸੀ ਓਹਦਾ ਕੰਮ ਵੀ। ਮੈਂ ਤਾਂ ਅਜਿਹਾ ਕਰਨ ਦੀ ਕਲਪਨਾ ਵੀ ਨਹੀਂ ਕਰ ਸਕਦਾ। ਕੀ ਤੁਸੀਂ ਕਦੇ ਸੋਚਿਐ ਅਜਿਹਾ ਕਾਰਜ ਕਰਨ ਬਾਰੇ? ਵੈਸੇ ਮੇਰਾ ਖ਼ਿਆਲ ਹੈ ਕਿ ਆਪਣਾ ਨਿੱਜੀ ਅਤੇ ਵਿਅਕਤੀਗਤ ਬੋਝ ਚੁੱਕਣ ਨਾਲੋਂ ਸੰਸਾਰ ਦਾ ਭਾਰ ਆਪਣੇ ਮੋਢਿਆਂ ‘ਤੇ ਢੋਣਾ ਵਧੇਰੇ ਸੌਖਾ ਹੋਵੇਗਾ। ਇਹ ਐਟਲੱਸ ਖ਼ੁਦ ਨੂੰ ਸਮਝਦਾ ਕੀ ਸੀ? ਕੀ ਉਹ ਬਾਕੀ ਸਾਰਿਆਂ ਤੋਂ ਇੰਨਾ ਜ਼ਿਆਦਾ ਸਰੇਸ਼ਠ ਸੀ ਕਿ ਉਸ ਨੂੰ ਸਾਡੇ ਲਈ ਸਾਡਾ ਭਾਰ ਢੋਣ ਦੀ ਹੱਕ ਸੀ? ਜਾਂ ਫ਼ਿਰ ਕੀ ਉਹ ਕੇਵਲ ਆਡੰਬਰਪੂਰਣ ਭਰਮ ਦੀ ਇੱਕ ਸਥਿਤੀ ਸੀ? ਤੁਹਾਡੀ ਭਾਵਨਾਤਮਕ ਜ਼ਿੰਦਗੀ ‘ਚ, ਕਿਸੇ ਇੱਕ ਖ਼ਾਸ ਵਿਅਕਤੀ ਨੂੰ ਜ਼ਿੰਮੇਵਾਰੀ ਦੇ ਆਪਣੇ ਹਿੱਸੇ ਦਾ ਭਾਰ ਚੁੱਕਣਾ ਪੈਣੈ।
ਸਾਡੇ ਕੋਲ ਚਰਚਾ ਕਰਨ ਲਈ ਇੱਕ ਮਹੱਤਵਪੂਰਣ ਮੁੱਦਾ ਹੈ। ਮੂਲ ਰੂਪ ‘ਚ, ਗੱਲ ਇੱਥੇ ਮੁਕਦੀ ਹੈ … ਓ ਮੇਰਿਆ ਰੱਬਾ, ਤੁਸੀਂ ਜ਼ਰਾ ਖਿੜਕੀ ਤੋਂ ਬਾਹਰ ਝਾਕੋ ਤਾਂ ਸਹੀ! ਦੇਖਿਆ ਜੇ ਕੀ ਪਾਈ ਫ਼ਿਰਦਾ ਸੀ ਉਹ ਬੰਦਾ? ਮੁਆਫ਼ ਕਰਨਾ, ਅਸੀਂ ਕੀ ਗੱਲ ਕਰ ਰਹੇ ਸਾਂ? ਹਾਂ ਸੱਚ, ਇਹ ਇੱਕ ਮਹੱਤਵਪੂਰਣ ਮੁੱਦਾ ਹੈ। ਚਲੋ ਠੀਕ ਹੈ, ਹੁਣ ਸੁਣੋ। ਤੁਹਾਨੂੰ ਜੋ ਚਾਹੀਦੈ … ਹਾਂ, ਸੱਚ, ਫ਼੍ਰਿਜ ‘ਚ ਕਿੰਨਾ ਕੁ ਦੁੱਧ ਪਿਐ? ਮੁਆਫ਼ ਕਰਨਾ। ਇੱਕ ਵਾਰ ਫ਼ਿਰ ਕੋਸ਼ਿਸ਼ ਕਰਦਾਂ ਆਪਣੀ ਗੱਲ ਮੁਕਾਉਣ ਦੀ। ਸਭ ਤੋਂ ਵੱਧ ਦਬਾਅ ਤਾਂ ਇਸ ਗੱਲ ਦਾ ਹੈ … ਇੱਕ ਮਿੰਟ ਰੁਕਿਓ ਜ਼ਰਾ, ਫ਼ੋਨ ਦੀ ਘੰਟੀ ਵੱਜ ਰਹੀ ਹੈ … ਹੋ ਸਕਦੈ ਤੁਸੀਂ ਕਿਸੇ ਸ਼ੈਅ ਨੂੰ ਬਹੁਤ ਜ਼ਿਆਦਾ ਲਾਗਿਓਂ ਦੀ ਦੇਖ ਰਹੇ ਹੋ ਅਤੇ ਤੁਹਾਨੂੰ ਵਿਸ਼ੇ ਤੋਂ ਥੋੜ੍ਹਾ ਹੱਟ ਕੇ ਸੋਚਣ ਦੀ ਲੋੜ ਹੈ। ਜੋ ਸਮੇਂ ਦੀ ਬਰਬਾਦੀ ਜਿਹਾ ਲੱਗ ਰਿਹੈ, ਕਿਤੇ ਓਹੀ ਤਾਂ ਉਹ ਹੱਲ ਨਹੀਂ ਜਿਸ ਦੀ ਤੁਹਾਨੂੰ ਲੋੜ ਹੈ?