ਭਾਰਤੀ ਹਾਈ ਕਮਿਸ਼ਨ ਹਮਲਾ ਮਾਮਲਾ: ਜਾਂਚ ਲਈ ਲੰਡਨ ਪੁੱਜੀ NIA ਟੀਮ

ਨਵੀਂ ਦਿੱਲੀ- ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ) ਦੀ ਇਕ ਟੀਮ 19 ਮਾਰਚ ਨੂੰ ਲੰਡਨ ਵਿਚ ਖਾਲਿਸਤਾਨ ਸਮਰਥਕਾਂ ਵੱਲੋਂ ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨ ਦੀ ਭੰਨਤੋੜ ਕਰਨ ਦੀ ਕੋਸ਼ਿਸ਼ ਦੀ ਜਾਂਚ ਦੇ ਸਬੰਧ ਵਿੱਚ ਲੰਡਨ ਪਹੁੰਚ ਗਈ। ਟੀਮ ਸ਼ੱਕੀ ਵਿਅਕਤੀਆਂ ਦੇ ਵੇਰਵੇ ਅਤੇ ਹਮਲੇ ਦੇ ਸਬੂਤ ਇਕੱਠੇ ਕਰਨ ਲਈ ਇਸ ਹਫਤੇ ਲੰਡਨ ‘ਚ ਸਕਾਟਲੈਂਡ ਯਾਰਡ ਅਤੇ ਮੈਟਰੋਪੋਲੀਟਨ ਪੁਲਸ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰੇਗੀ।
19 ਮਾਰਚ ਨੂੰ ਵਿਰੋਧ ਪ੍ਰਦਰਸ਼ਨ ਦੌਰਾਨ ਹਾਈ ਕਮਿਸ਼ਨ ਦੇ ਇੱਕ ਕਰਮਚਾਰੀ ਨੇ ਦੋਸ਼ ਲਗਾਇਆ ਸੀ ਕਿ ਤਿਰੰਗੇ ਨੂੰ ਹੇਠਾਂ ਉਤਾਰਨ ਦੀ ਕੋਸ਼ਿਸ਼ ਕਰਨ ਵਾਲੇ ਇੱਕ ਪ੍ਰਦਰਸ਼ਨਕਾਰੀ ਵੱਲੋਂ ਉਸ ‘ਤੇ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਅਤੇ ਬਾਹਰ ਭੀੜ ਨੇ ਮਿਸ਼ਨ ਦੀ ਸੰਪਤੀ ਨੂੰ ਨੁਕਸਾਨ ਪਹੁੰਚਾਇਆ ਹੈ। ਅਪ੍ਰੈਲ ਵਿੱਚ ਗ੍ਰਹਿ ਮੰਤਰਾਲਾ (MHA) ਵੱਲੋਂ ਯੂਕੇ ਦੇ ਗ੍ਰਹਿ ਦਫ਼ਤਰ ਦੇ ਪ੍ਰਤੀਨਿਧੀਆਂ ਨਾਲ ਮੁਲਾਕਾਤ ਤੋਂ ਬਾਅਦ ਏਜੰਸੀ ਨੇ ਦਿੱਲੀ ਪੁਲਸ ਤੋਂ ਜਾਂਚ ਆਪਣੇ ਹੱਥ ਵਿੱਚ ਲੈ ਲਈ ਸੀ।