ਨੇਪਾਲ ‘ਚ ਲੱਗੇ ਭੂਚਾਲ ਦੇ ਝਟਕੇ, 4.5 ਰਹੀ ਤੀਬਰਤਾ

ਕਾਠਮੰਡੂ – ਪੱਛਮੀ ਨੇਪਾਲ ਵਿਚ ਬੁੱਧਵਾਰ ਤੜਕੇ 4.5 ਤੀਬਰਤਾ ਦਾ ਭੂਚਾਲ ਆਇਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭੂਚਾਲ ਦਾ ਕੇਂਦਰ ਪੂਰਬੀ ਬਝਾਂਗ ਜ਼ਿਲ੍ਹੇ ‘ਚ ਸਥਿਤ ਸੀ। ਨੇਪਾਲ ਦੇ ‘ਰਾਸ਼ਟਰੀ ਭੂਚਾਲ ਕੇਂਦਰ’ ਦੇ ਅਨੁਸਾਰ, ਕਾਠਮੰਡੂ ਤੋਂ 450 ਕਿਲੋਮੀਟਰ ਪੱਛਮ ‘ਚ ਬਝਾਂਗ ਜ਼ਿਲ੍ਹੇ ‘ਚ ਸਵੇਰੇ 4.06 ਵਜੇ ਰਿਕਟਰ ਪੈਮਾਨੇ ‘ਤੇ 4.5 ਦੀ ਤੀਬਰਤਾ ਵਾਲਾ ਭੂਚਾਲ ਦਰਜ ਕੀਤਾ ਗਿਆ।
ਅਧਿਕਾਰੀਆਂ ਨੇ ਦੱਸਿਆ ਕਿ ਭੂਚਾਲ ਦੇ ਝਟਕੇ ਪੱਛਮੀ ਨੇਪਾਲ ਦੇ ਬਝਾਂਗ ਦੇ ਆਸ-ਪਾਸ ਦੇ ਜ਼ਿਲ੍ਹਿਆਂ ‘ਚ ਵੀ ਮਹਿਸੂਸ ਕੀਤੇ ਗਏ। ਉਨ੍ਹਾਂ ਕਿਹਾ ਕਿ ਭੂਚਾਲ ‘ਚ ਕਿਸੇ ਜਾਨੀ ਜਾਂ ਜਾਇਦਾਦ ਦੇ ਨੁਕਸਾਨ ਦੀ ਤੁਰੰਤ ਕੋਈ ਰਿਪੋਰਟ ਨਹੀਂ ਹੈ। ਪਹਾੜੀ ਨੇਪਾਲ ਵਿੱਚ ਅਕਸਰ ਭੂਚਾਲ ਆਉਂਦੇ ਰਹਿੰਦੇ ਹਨ। ਅਪ੍ਰੈਲ ‘ਚ 5.2 ਅਤੇ 4.1 ਤੀਬਰਤਾ ਦੇ 2 ਭੂਚਾਲ ਆਏ ਸਨ। ਨੇਪਾਲ ਵਿੱਚ ਅਪ੍ਰੈਲ 2015 ਵਿੱਚ 7.8 ਤੀਬਰਤਾ ਵਾਲੇ ਭੂਚਾਲ ਨੇ ਤਬਾਹੀ ਮਚਾਈ ਸੀ, ਜਿਸ ਵਿੱਚ ਲਗਭਗ 9,000 ਲੋਕ ਮਾਰੇ ਗਏ ਸਨ ਅਤੇ ਲਗਭਗ 22,000 ਹੋਰ ਜ਼ਖ਼ਮੀ ਹੋਏ ਸਨ। ਇਸ ਦੌਰਾਨ 8,00,000 ਤੋਂ ਵੱਧ ਘਰਾਂ ਅਤੇ ਸਕੂਲਾਂ ਦੀਆਂ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ ਸੀ।