ਜੰਤਰ ਮੰਤਰ ਵਿਖੇ ਪਹਿਲਵਾਨਾਂ ਦਾ ਰੋਸ ਪ੍ਰਦਰਸ਼ਨ ਲਗਾਤਾਰ ਜਾਰੀ

ਵਿਨੇਸ਼ ਫੋਗਾਟ ਨੇ ਕਿਹਾ : ਸ਼ਿਕਾਇਤ ਦੇਣ ਵਾਲੀਆਂ ਸਾਰੀਆਂ ਕੁੜੀਆਂ ਨਾਰਕੋ ਟੈਸਟ ਲਈ ਤਿਆਰ
ਨਵੀਂ ਦਿੱਲੀ : ਨਵੀਂ ਦਿੱਲੀ ਦੇ ਜੰਤਰ ਮੰਤਰ ਵਿਖੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਮੁਖੀ ਬਿ੍ਰਜ ਭੂਸ਼ਣ ਸ਼ਰਨ ਸਿੰਘ ਖਿਲਾਫ ਪਹਿਲਵਾਨਾਂ ਦਾ ਰੋਸ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਇਸ ਰੋਸ ਪ੍ਰਦਰਸ਼ਨ ਦੌਰਾਨ ਪਹਿਲਵਾਨ ਵਿਨੇਸ਼ ਫੋਗਾਟ ਨੇ ਕਿਹਾ ਕਿ ਮੈਂ ਬਿ੍ਰਜ ਭੂਸ਼ਣ ਨੂੰ ਦੱਸਣਾ ਚਾਹੁੰਦੀ ਹਾਂ ਕਿ ਸਿਰਫ ਵਿਨੇਸ਼ ਹੀ ਨਹੀਂ, ਸ਼ਿਕਾਇਤ ਦੇਣ ਵਾਲੀਆਂ ਸਾਰੀਆਂ ਕੁੜੀਆਂ ਨਾਰਕੋ ਟੈਸਟ ਕਰਵਾਉਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਇਸ ਨਾਰਕੋ ਟੈਸਟ ਨੂੰ ਲਾਈਵ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਪੂਰੇ ਦੇਸ਼ ਨੂੰ ਪਤਾ ਲੱਗ ਸਕੇ ਕਿ ਉਹ ਦੇਸ਼ ਦੀਆਂ ਧੀਆਂ ਨਾਲ ਕੀ ਜ਼ੁਲਮ ਕਰਦਾ ਹੈ। ਇਸੇ ਦੌਰਾਨ ਖਾਪ ਮਹਾਪੰਚਾਇਤ ਨੇ ਵੀ ਐਲਾਨ ਕੀਤਾ ਹੈ ਕਿ ਕੁਸ਼ਤੀ ਫੈਡਰੇਸ਼ਨ ਦੇ ਮੁਖੀ ਬਿ੍ਰਜ ਭੂਸ਼ਣ ਸ਼ਰਨ ਸਿੰਘ ਖਿਲਾਫ ਮਹਿਲਾਵਾਂ 28 ਮਈ ਨੂੰ ਸੰਸਦ ਦੀ ਨਵੀਂ ਇਮਾਰਤ ਦੇ ਅੱਗੇ ਪੰਚਾਇਤ ਕਰਨਗੀਆਂ। ਜ਼ਿਕਰਯੋਗ ਹੈ ਕਿ ਇਸੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਇਮਾਰਤ ਦਾ ਉਦਘਾਟਨ ਕਰਨਾ ਹੈ। ਬਜਰੰਗ ਪੂਨੀਆ ਨੇ ਦੱਸਿਆ ਕਿ ਉਨ੍ਹਾਂ ਚਾਰ ਫ਼ੈਸਲੇ ਲਏ ਹਨ ਜਿਸ ਵਿਚ 28 ਮਈ ਨੂੰ ਸੰਸਦ ਅੱਗੇ ਪੰਚਾਇਤ ਕਰਨ ਦਾ ਫ਼ੈਸਲਾ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਭਲਕੇ ਮੰਗਲਵਾਰ (23 ਮਈ) ਨੂੰ ਜੰਤਰ ਮੰਤਰ ਤੋਂ ਇੰਡੀਆ ਗੇਟ ਤੱਕ ਮੋਮਬੱਤੀ ਮਾਰਚ ਕੀਤਾ ਜਾਵੇਗਾ। ਧਿਆਨ ਰਹੇ ਕਿ ਮਹਿਲਾ ਪਹਿਲਵਾਨ ਬਿ੍ਰਜ ਭੂਸ਼ਣ ’ਤੇ ਜਿਨਸੀ ਸ਼ੋਸ਼ਣ ਦੇ ਆਰੋਪ ਲਗਾ ਰਹੀਆਂ ਹਨ। ਪੂਨੀਆ ਨੇ ਕਿਹਾ, ‘ਇਸ ਸੰਘਰਸ਼ ਲਈ ਮੈਂ ਉਲੰਪਿਕ ਤਗਮਾ ਤੱਕ ਕੁਰਬਾਨ ਕਰਨ ਲਈ ਵੀ ਤਿਆਰ ਹਾਂ।