ਗਡਕਰੀ ਬੋਲੇ- ਅਗਲੇ ਸਾਲ ਦੇ ਅਖ਼ੀਰ ਤੱਕ ਅਮਰੀਕਾ ਵਰਗੀਆਂ ਹੋਣਗੀਆਂ ਰਾਜਸਥਾਨ ਦੀਆਂ ਸੜਕਾਂ

ਜੈਪੁਰ- ਕੇਂਦਰੀ ਸੜਕ ਟਰਾਂਸਪੋਰਟ ਅਤੇ ਹਾਈਵੇਅ ਮੰਤਰੀ ਨਿਤੀਨ ਗਡਕਰੀ ਨੇ ਸੋਮਵਾਰ ਯਾਨੀ ਕਿ ਅੱਜ ਕਿਹਾ ਕਿ ਅਗਲੇ ਸਾਲ ਦੇ ਅਖ਼ੀਰ ਤੱਕ ਰਾਜਸਥਾਨ ਦੀਆਂ ਸੜਕਾਂ ਅਮਰੀਕਾ ਵਰਗੀਆਂ ਬਣਾ ਦਿੱਤੀਆਂ ਜਾਣਗੀਆਂ। ਜਿਸ ਤੋਂ ਰਾਜਸਥਾਨ ਖ਼ੁਸ਼ਹਾਲ ਅਤੇ ਸੰਪੰਨ ਪ੍ਰਦੇਸ਼ ਬਣੇਗਾ। ਗਡਕਰੀ ਹਨੂੰਮਾਨਗੜ੍ਹ ਜ਼ਿਲ੍ਹੇ ਦੇ ਪੱਕਾ ਸਾਰਣਾ ਪਿੰਡ ‘ਚ ਇਕ ਉਦਘਾਟਨ ਅਤੇ ਨੀਂਹ ਪੱਥਰ ਪ੍ਰੋਗਰਾਮ ਨੂੰ ਸੰਬੋਧਿਤ ਕਰ ਰਹੇ ਸਨ।
ਗਡਕਰੀ ਨੇ ਕਿਹਾ ਕਿ ਪਿੰਡ ਨੂੰ ਖ਼ੁਸ਼ਹਾਲ ਬਣਾਉਣਾ ਹੀ ਸਾਡਾ ਸਾਰਿਆਂ ਦਾ ਮਕਸਦ ਹੈ।  ਉਨ੍ਹਾਂ ਕਿਹਾ ਕਿ ਉਹ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜੌਨ ਐਫ ਕੈਨੇਡੀ ਦੀ ਗੱਲ ਅਕਸਰ ਦੋਹਰਾਉਂਦੇ ਹਨ ਜਿਨ੍ਹਾਂ ਨੇ ਕਿਹਾ ਸੀ ਕਿ ਅਮਰੀਕਾ ਅਮੀਰ ਹੈ, ਇਸ ਕਾਰਨ ਅਮਰੀਕਾ ਦੀਆਂ ਸੜਕਾਂ ਚੰਗੀਆਂ ਨਹੀਂ ਹੋਈਆਂ, ਅਮਰੀਕਾ ਦੇ ਰਸਤੇ ਚੰਗੇ ਹਨ, ਇਸ ਕਾਰਨ ਅਮਰੀਕਾ ਅਮੀਰ ਹੈ।
ਗਡਕਰੀ ਨੇ ਅੱਗੇ ਕਿਹਾ ਕਿ ਅਸੀਂ ਰਾਜਸਥਾਨ ਦੀਆਂ ਸੜਕਾਂ 2024 ਖ਼ਤਮ ਹੋਣ ਤੋਂ ਪਹਿਲਾਂ ਅਮਰੀਕਾ ਵਾਂਗ ਬਣਾ ਦੇਵਾਂਗੇ, ਇਹ ਵਾਅਦਾ ਮੈਂ ਤੁਹਾਡੇ ਨਾਲ ਕਰਦਾ ਹਾਂ। ਇਨ੍ਹਾਂ ਰਸਤਿਆਂ ਕਾਰਨ ਰਾਜਸਥਾਨ ਵੀ ਇਕ ਖ਼ੁਸ਼ਹਾਲ ਅਤੇ ਸੰਪੰਨ ਪ੍ਰਦੇਸ਼ ਬਣੇਗਾ। ਗਡਕਰੀ ਨੇ 2050 ਕਰੋੜ ਰੁਪਏ ਦੀ ਕੁੱਲ ਲਾਗਤ ਦੇ 6 ਨੈਸ਼ਨਲ ਹਾਈਵੇਅ ਪ੍ਰਾਜੈਕਟਾਂ ਅਤੇ ਸੇਤੂਬੰਧਨ ਪ੍ਰਾਜੈਕਟ ਦੇ ਤਹਿਤ 7 ਰੇਲਵੇ ਓਵਰਬ੍ਰਿਜਾਂ (ਆਰ.ਓ.ਬੀ.) ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਇਸ ਮੌਕੇ ਸੰਸਦ ਮੈਂਬਰ ਨਿਹਾਲ ਚੰਦ, ਰਾਹੁਲ ਕਸਵਾਨ ਅਤੇ ਨਰਿੰਦਰ ਕੁਮਾਰ ਵੀ ਹਾਜ਼ਰ ਸਨ।