ਬਾਈਡੇਨ ਜੀ-7 ਸੰਮੇਲਨ ਤੋਂ ਪਹਿਲਾਂ ਜਾਪਾਨ ਦੇ ਰਾਸ਼ਟਰਪਤੀ ਨਾਲ ਕਰਨਗੇ ਮੁਲਾਕਾਤ

ਹੀਰੋਸ਼ੀਮਾ – ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਵੀਰਵਾਰ ਨੂੰ ਜਾਪਾਨ ਪਹੁੰਚੇ, ਜਿੱਥੇ ਉਹ ਜੀ-7 ਸੰਮੇਲਨ ਤੋਂ ਪਹਿਲਾਂ ਰਾਸ਼ਟਰਪਤੀ ਫੂਮਿਓ ਕਿਸ਼ਿਦਾ ਨਾਲ ਨਿੱਜੀ ਤੌਰ ‘ਤੇ ਮੁਲਾਕਾਤ ਕਰਨਗੇ। ਦੋਹਾਂ ਦੇਸ਼ਾਂ ਦੇ ਮੁਖੀਆਂ ਵਿਚਾਲੇ ਇਹ ਮੁਲਾਕਾਤ ਇਸ ਗੱਲ ਦਾ ਸੰਕੇਤ ਹੈ ਕਿ ਦੋਹਾਂ ਦੇਸ਼ਾਂ ਵਿਚਾਲੇ ਆਰਥਿਕ ਅਤੇ ਰਾਸ਼ਟਰੀ ਸੁਰੱਖਿਆ ਸਬੰਧ ਕਿਸ ਤਰ੍ਹਾਂ ਡੂੰਘੇ ਹੋਏ ਹਨ। ਹੀਰੋਸ਼ੀਮਾ ਕਿਸ਼ਿਦਾ ਦਾ ਜੱਦੀ ਸ਼ਹਿਰ ਹੈ ਅਤੇ ਇੱਥੇ G7 ਸਿਖਰ ਸੰਮੇਲਨ ਹੋ ਰਿਹਾ ਹੈ।
ਇਹ ਉਹ ਥਾਂ ਹੈ ਜਿੱਥੇ ਅਮਰੀਕਾ ਨੇ 1945 ਵਿੱਚ ਦੂਜੇ ਵਿਸ਼ਵ ਯੁੱਧ ਦੌਰਾਨ ਪਰਮਾਣੂ ਬੰਬ ਸੁੱਟਿਆ ਸੀ ਅਤੇ ਹੁਣ ਇਸੇ ਸਥਾਨ ਤੋਂ ਅਮਰੀਕਾ, ਜਾਪਾਨ ਅਤੇ ਉਸਦੇ ਸਹਿਯੋਗੀ ਦੇਸ਼ ਯੂਕ੍ਰੇਨ ਉੱਤੇ ਰੂਸ ਦੇ ਹਮਲੇ ਨੂੰ ਲੈ ਕੇ ਰਣਨੀਤਕ ਚਰਚਾ ਕਰਨਗੇ। ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਾਨ ਨੇ ਕਿਹਾ ਕਿ ਰੂਸੀ ਹਮਲੇ ਦਾ ਮੁੱਦਾ ਮਹੱਤਵਪੂਰਨ ਹੈ ਅਤੇ ਇਸ ‘ਤੇ ਸੰਮੇਲਨ ‘ਚ ਪ੍ਰਮੁੱਖਤਾ ਨਾਲ ਚਰਚਾ ਹੋਵੇਗੀ। ਸੁਲੀਵਾਨ ਨੇ ਕਿਹਾ ਕਿ ਬਾਈਡੇਨ ਅਤੇ ਕਿਸ਼ਿਦਾ ਵਿਚਕਾਰ ਬੈਠਕ ਦਾ ਉਦੇਸ਼ ਪਿਛਲੇ 2 ਸਾਲਾਂ ਵਿੱਚ ਸਾਰੇ ਖੇਤਰਾਂ ਵਿੱਚ ਵਿਕਸਤ ਹੋਏ ਸਬੰਧਾਂ ਨੂੰ ਅੱਗੇ ਵਧਾਉਣਾ ਹੈ।