ਛੋਟੇ ਉਮਰੇ ਲੰਬੀਆਂ ਪੁਲਾਂਘਾ ਕੱਕੜ ਦੀਆਂ

ਡਾਇਰੀ ਦਾ ਪੰਨਾ/ ਨਿੰਦਰ ਘੁਗਿਆਣਵੀ
ਪੰਜਾਬ ਭਾਜਪਾ ਦਾ ਯੁਵਾ ਆਗੂ ਗੌਰਵ ਕੱਕੜ ਮੇਰੇ ਸੱਕੇ ਚਾਚੇ ਸਵਰਗੀ ਸ਼ਾਮ ਲਾਲ ਕੱਕੜ ਦਾ ਪੁੱਤਰ ਹੈ। ਰਿਸ਼ਤਿਓਂ ਉਹ ਮੇਰਾ ਛੋਟਾ ਭਰਾ ਲਗਦਾ ਹੈ, ਪਰ ਸਾਡੇ ਰਾਹ ਰਸਤੇ ਵੱਖਰੇ ਵੱਖਰੇ ਹਨ। ਉਹਦਾ ਖੇਤਰ ਸਿਆਸਤ ਹੈ ਅਤੇ ਮੇਰਾ ਸਾਹਿਤ, ਕਲਾ ਤੇ ਲੇਖਣੀ ਹੈ, ਸੋ ਮੇਰੇ ਵਰਗੇ ਬੰਦੇ ਸਭ ਸਮਾਜ ਦੇ ਸਾਂਝੇ ਹੁੰਦੇ ਹਨ।
ਪਰ ਮੈਨੂੰ ਫ਼ਿਰ ਵੀ ਮਾਣ ਹੈ ਕਿ ਇਸ ਵਕਤ ਗੌਰਵ ਇੱਕ ਉਭਰਦਾ ਹੋਇਆ ਸਰਗਰਮ ਸਿਆਸਤਦਾਨ ਹੈ। ਗੌਰਵ ਨੂੰ ਮੈਂ ਆਪਣੇ ਹੱਥੀਂ ਖਿਡਾਇਆ ਹੈ। ਲਾਡ ਲਡਾਇਆ ਹੈ। ਉਸ ਨੂੰ ਬਾਲ ਤੋਂ ਬਾਲਗ ਹੁੰਦਿਆਂ ਦੇਖਿਆ ਹੈ। ਨਿੱਕਾ ਹੁੰਦਾ ਉਹ ਬੜਾ ਹੀ ਭੋਲਾ ਭਾਲਾ ਅਤੇ ਸਾਊ ਨਿਆਣਾ ਮੁੰਡਾ ਸੀ। ਬਹੁਤ ਹੀ ਸ਼ਰਮੀਲਾ। ਉਹ 1988 ‘ਚ ਪੈਦਾ ਹੋਇਆ, ਜਦ ਮੈਂ ਉਸਤਾਦ ਯਮਲਾ ਜੱਟ ਦਾ ਚੇਲਾ ਬਣਿਆ ਸੀ। ਉਸ ਦੇ ਪਿਤਾ ਦਾ ਸਰਬ੍ਹਾਲਾ ਵੀ ਮੈਂ ਹੀ ਬਣਿਆ ਸੀ, ਅਤੇ ਚਾਚੇ ਨਾਲ ਮੇਰਾ ਪਿਆਰ ਵੀ ਬੜਾ ਸੀ। ਜਦ ਮੈਂ ਜੱਜ ਦਾ ਅਰਦਲੀ ਲੱਗਿਆ ਸੀ ਫ਼ਰੀਦਕੋਟ ਤਾਂ ਜੱਜ ਸਾਹਿਬ ਦੀ ਕੋਠੀ ਤੋਂ ਰਾਤ ਨੂੰ ਲੇਟ ਵਿਹਲਾ ਹੋ ਕੇ ਇਨ੍ਹਾਂ ਕੋਲ ਆ ਕੇ ਹੀ ਰਹਿੰਦਾ ਸੀ। ਸਾਡਾ ਜੱਦੀ ਘਰ ਭਾਵੇਂ ਪਿੰਡ ‘ਚ ਹੈ, ਪਰ ਚਾਚੇ ਚਾਚੀ ਕੋਲ ਰਹਿਣਾ ਮੈਨੂੰ ਚੰਗਾ ਲਗਦਾ ਸੀ। ਉਹ ਸਾਰੇ ਸਮੇਂ ਬੜੀ ਤੇਜ਼ੀ ਨਾਲ ਬੀਤ ਗਏ। ਚਾਚੇ ਦਾ ਵਿਛੋੜਾ ਮੈਂ ਦਿਲ ‘ਤੇ ਲਾ ਲਿਆ ਸੀ ਅਤੇ ਕਾਫ਼ੀ ਚਿਰ ਇਸ ਦਾ ਮੇਰੇ ਮਨ ‘ਤੇ ਅਸਰ ਰਿਹਾ।
ਚਾਚਾ ਜੀ ਦੀ ਮੌਤ ਬਾਅਦ (2008) ਗੌਰਵ ਨੂੰ ਚਾਚਾ ਜੀ ਦੀ ਕੱਪੜੇ ਦੀ ਦੁਕਾਨ ‘ਤੇ ਵੀ ਬੈਠਣਾ ਪਿਆ, ਪਰ ਉਸ ਦਾ ਕੱਪੜੇ ਦੇ ਵਪਾਰ ਵਿੱਚ ਭੋਰਾ ਮਨ ਨਾ ਲੱਗਿਆ ਅਤੇ ਉਹ ਕੁਝ ਨਵਾਂ ਤੇ ਵੱਖਰਾ ਕਰਨਾ ਚਾਹੁੰਦਾ ਸੀ। ਉਸ ਦੇ ਮਨ ‘ਚ ਸਿਆਸਤ ਰਾਹੀਂ ਸਮਾਜ ਸੇਵਾ ਕਰਨ ਦੀ ਭਾਵਨਾ ਪੈਦਾ ਹੋ ਚੁੱਕੀ ਸੀ।
***
ਸੰਨ 2008 ‘ਚ ਗੌਰਵ ਭਾਜਪਾ ਦੇ ਕਾਫ਼ਿਲੇ ‘ਚ ਰਲਿਆ। ਪੰਜਾਬ ਭਾਜਪਾ ਦਾ ਯੁਵਾ ਮੋਰਚਾ ਦਾ ਛੇ ਵਾਰ ਜ਼ਿਲ੍ਹਾ ਪਰਧਾਨ ਰਿਹਾ। ਹੁਣ ਵੀ ਪੰਜਾਬ ਭਾਜਪਾ ਯੁਵਾ ਮੋਰਚਾ ਦਾ ਸਕੱਤਰ ਹੈ ਅਤੇ ਜ਼ਿਲ੍ਹਾ ਫ਼ਰੀਦਕੋਟ ਦਾ ਹਲਕਾ ਇੰਚਾਰਜ ਵੀ ਹੈ। ਪਾਰਟੀ ਪ੍ਰਤੀ ਸੰਜੀਦਗੀ ਅਤੇ ਵਫ਼ਾਦਾਰੀ ਕਾਰਣ ਉਸ ਨੇ 2022 ਦੀ ਫ਼ਰੀਦਕੋਟ ਤੋਂ ਵਿਧਾਨ ਸਭਾ ਚੋਣ ਵੀ ਲੜੀ। ਸਾਡੀ ਚਾਚੀ ਅਤੇ ਉਸ ਦੀ ਮਾਤਾ ਸਰੋਜ ਰਾਣੀ ਵਲੋਂ ਮਿਲੀ ਹਰ ਸਮੇਂ ਹੱਲਾਸ਼ੇਰੀ ਅਤੇ ਹੌਸਲਾ ਅਫ਼ਜ਼ਾਈ ਅਤੇ ਵੱਡੇ ਭਰਾ ਲਲਿਤ ਕੁਮਾਰ ਕੱਕੜ ਵਲੋਂ ਹਰ ਸਮੇਂ ਮਿਲਦਾ ਸਾਥ ਤੇ ਸਹਿਯੋਗ ਗੌਰਵ ਵਾਸਤੇ ਅਨਮੋਲ ਹੈ। ਜਦ ਛੋਟੀ ਉਮਰੇ ਸਾਡੇ ਚਾਚਾ ਜੀ ਪੂਰੇ ਹੋ ਗਏ ਤਾਂ ਛੋਟੇ ਜਿਹੇ ਗੌਰਵ ਵਾਸਤੇ ਪਿਤਾ ਦਾ ਵਿਛੋੜਾ ਸਹਿਣ ਕਰਨਾ ਸੌਖਾ ਨਹੀਂ ਸੀ, ਪਰ ਭਰਾ ਲਲਿਤ ਨੇ ਉਸ ਦੀ ਉਂਗਲੀ ਫ਼ੜਕੇ ਤੋਰਿਆ। ਮੈਥੋਂ ਉਹ ਲਗਭਗ 14 ਸਾਲ ਛੋਟਾ ਹੈ।
ਗੌਰਵ ਕੱਕੜ ਪਾਰਟੀ ਦੀਆਂ ਸਰਗਰਮੀਆਂ ‘ਚ ਲਗਾਤਾਰ ਦੂਰ ਦੂਰ ਤੀਕ ਭਾਗ ਲੈਣ ਜਾਂਦਾ ਹੈ। ਉਸਨੇ ਛੋਟੀ ਉਮਰੇ ਹੀ ਪਾਰਟੀ ਦੇ ਵੱਡੇ ਆਗੂਆਂ ਦੇ ਮਨਾਂ ‘ਚ ਆਪਣੀ ਥਾਂ ਬਣਾ ਲਈ ਹੈ। ਕਹਿੰਦੇ ਹਨ ਕਿ ਜਿਨ੍ਹਾਂ ਨੇ ਕੁਝ ਕਰਨਾ ਹੋਵੇਮ ਉਹ ਘਰ ਟਿਕ ਕੇ ਨੀ ਬਹਿੰਦੇ। ਜੇਕਰ ਉਹ ਇਸੇ ਤਰਾਂ ਮਿਹਨਤ ਕਰਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦ ਉਹ ਪਾਰਟੀ ਦੇ ਮੂਹਰਲੀ ਸਫ਼ਾਂ ਦੇ ਨੇਤਾਵਾਂ ‘ਚ ਗਿਣਿਆ ਜਾਣ ਲੱਗੇਗਾ। ਮੇਰੀਆਂ ਦੁਆਵਾਂ ਅਤੇ ਸ਼ੁਭਕਾਮਨਾਵਾਂ ਉਸ ਦੇ ਨਾਲ ਹਨ।