ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1489

ਬੱਚੇ ਅਕਸਰ ਪਾਰਟੀਆਂ ‘ਚ ਅਜਿਹੀਆਂ ਖੇਡਾਂ ਖੇਡਣਾ ਪਸੰਦ ਕਰਦੇ ਨੇ ਜਿਨ੍ਹਾਂ ‘ਚ ਡਾਂਸ ਵਗੈਰਾ ਕਰਨਾ ਅਤੇ ਫ਼ਿਰ ਸੰਗੀਤ ਦੇ ਰੁਕਣ ‘ਤੇ ਉਪਲਬਧ ਸੀਮਿਤ ਕੁਰਸੀਆਂ ‘ਚੋਂ ਇੱਕਦਮ ਕੋਈ ਇੱਕ ਮੱਲਣੀ ਸ਼ਾਮਿਲ ਹੁੰਦਾ ਹੈ। ਸ਼ੁਰੂ ‘ਚ, ਕੁਰਸੀਆਂ ਦੀ ਗਿਣਤੀ ਖਿਡਾਰੀਆਂ ਦੀ ਗਿਣਤੀ ਦੇ ਐਨ ਬਰਾਬਰ ਹੁੰਦੀ ਹੈ। ਫ਼ਿਰ ਹੌਲੀ-ਹੌਲੀ, ਇੱਕ-ਇੱਕ ਕਰ ਕੇ, ਕੁਰਸੀਆਂ ਹਟਾਉਣੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਹਨ। ਕੀ ਇਸ ਵਕਤ ਤੁਸੀਂ ਵੀ ਅਜਿਹੀ ਕਿਸੇ ਸਰਗਰਮੀ ‘ਚ ਰੁੱਝੇ ਹੋਏ ਹੋ? ਕੀ ਇੰਝ ਲੱਗਦੈ ਕਿ ਜਿਓਂ ਹੀ ਤੁਹਾਨੂੰ ਮਹਿਸੂਸ ਹੁੰਦੈ ਕਿ ਹੁਣ ਰੁਕਣਾ ਸੁਰੱਖਿਅਤ ਹੋਣਾ ਚਾਹੀਦੈ, ਆਰਾਮ ਕਰ ਲੈਣਾ ਚਾਹੀਦੈ, ਬਹੁਤੀ ਕਾਹਲ ਕਰਨ ਦੀ ਲੋੜ ਨਹੀਂ, ਤੁਸੀਂ ਇਸ ਗੱਲ ਨੂੰ ਲੈ ਕੇ ਬਿਲਕੁਲ ਵੀ ਸੁਨਿਸ਼ਚਿਤ ਨਹੀਂ ਹੋ ਸਕਦੇ ਕਿ ਅੰਤ ‘ਚ ਤੁਹਾਡੇ ਬੈਠਣ ਲਈ ਕੋਈ ਸੁਰੱਖਿਅਤ ਸਥਾਨ ਬਚੇਗਾ? ਇਹ ਠੀਕ ਹੈ ਕਿ ਹਾਲੀਆ ਘਟਨਾਵਾਂ ਨੇ ਤੁਹਾਡੀ ਸੁਰੱਖਿਆ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨ ‘ਚ ਕੋਈ ਬਹੁਤਾ ਯੋਗਦਾਨ ਨਹੀਂ ਪਾਇਆ, ਪਰ ਆਉਣ ਵਾਲੀਆਂ ਘਟਨਾਵਾਂ ਜ਼ਰੂਰ ਮਦਦਗ਼ਾਰ ਸਾਬਿਤ ਹੋਣਗੀਆਂ।

ਲੋਕ ਬਲਦੀ ‘ਚ ਤੇਲ ਪਾਉਣਾ ਪਸੰਦ ਕਰਦੇ ਨੇ। ਉਹ ਜਲੇ ‘ਤੇ ਨਮਕ ਛਿੜਕਦੇ ਨੇ। ਉਹ ਆਪਣੀਆਂ ਸ਼ਿਕਾਇਤਾਂ ਦੀ ਸੂਚੀ ਨੂੰ ਕਦੇ ਮੁਕਾਉਣਾ ਹੀ ਨਹੀਂ ਚਾਹੁੰਦੇ। ਉਹ ਉਨ੍ਹਾਂ ਦੀ ਦੇਖਭਾਲ ਅਤੇ ਪਰਵਰਿਸ਼ ਕਰਨ ‘ਚ ਵਧੇਰੇ ਦਿਲਚਸਪੀ ਰੱਖਦੇ ਹਨ, ਕਿਸੇ ਨੂੰ ਨਾਪਸੰਦ ਕਰਨ ਜਾਂ ਦੁਖੀ ਹੋਣ ਦੇ ਆਪਣੇ ਕਾਰਨਾਂ ਨੂੰ ਘੁੱਟ ਕੇ ਜੱਫੀ ਪਾਈ ਰੱਖਣ ‘ਚ। ਮਨ ਦੇ ਕਿਸੇ ਕੋਨੇ ‘ਚ ਡੂੰਘੀ ਖੁੱਭੀ ਹੋਈ ਵਿਰੋਧ ਦੀ ਭਾਵਨਾ ਜਾਂ ਨਿਰਾਸ਼ਾ ਦੇ ਬੱਦਲਾਂ ਨੂੰ ਆਪਣੇ ਤੋਂ ਦੂਰ ਕਰਨ ਲਈ ਬਹੁਤ ਸਾਰੇ ਪ੍ਰੇਮ ਅਤੇ ਪ੍ਰੇਰਣਾ ਦੀ ਲੋੜ ਹੁੰਦੀ ਹੈ। ਜਦੋਂ, ਪਰ, ਅਸੀਂ ਉਸ ਸ਼ਾਨਦਾਰ ਪਲ ਤਕ ਅੱਪੜ ਜਾਂਦੇ ਹਾਂ ਜਿੱਥੇ ਅਤੀਤ ਨੂੰ ਘਟੋਘੱਟ ਮੁਆਫ਼ ਕੀਤਾ ਜਾ ਸਕਦਾ ਹੋਵੇ, ਜੇ ਭੁਲਾਇਆ ਨਹੀਂ ਵੀ ਜਾ ਸਕਦਾ, ਤਾਂ ਸਮੁੱਚਾ ਸੰਸਾਰ ਡਿਜ਼ਨੀ ਦੇ ਕਿਸੇ ਬਹੁਰੰਗੇ ਕਾਰਟੂਨ ਵਾਂਗ ਚਮਕ ਉਠਦਾ ਹੈ। ਚਲੋ, ਉਸ ਤਕ ਪਹੁੰਚਣ ਦੀ ਕੋਸ਼ਿਸ਼ ਕਰੋ। ਅਜਿਹਾ ਕਰਨ ਨਾਲ ਸਭ ਕੁਝ ਬਿਹਤਰੀ ਲਈ ਬਦਲ ਜਾਵੇਗਾ।

ਜਾਦੂਈ ਦਲੀਏ ਦੀ ਪੁਰਾਣੀ ਬਾਲ ਕਹਾਣੀ ਚੇਤੇ ਜੇ? ਕਿਸੇ ਨੂੰ ਕਿਤੋਂ ਇੱਕ ਪਤੀਲਾ ਲੱਭ ਜਾਂਦੈ। ਉਹ ਉਸ ‘ਚ ਕੋਈ ਸ਼ੈਅ ਘੋਲਦੇ ਨੇ, ਅਤੇ ਫ਼ਿਰ ਉਸ ਪਤੀਲੇ ‘ਚੋਂ ਉਸੇ ਪਦਾਰਥ ਦੀ ਕਦੇ ਨਾ ਮੁੱਕਣ ਵਾਲੀ ਸਪਲਾਈ ਮਿਲਣੀ ਸ਼ੁਰੂ ਹੋ ਜਾਂਦੀ ਹੈ। ਆਪਣੇ ਮਨਾਂ ਦੀ ਡੂੰਘਾਈ ‘ਚ, ਅਸੀਂ ਸਾਰੇ ਹੀ ਅਜਿਹੇ ਅਸੀਮਿਤ ਭੰਡਾਰ ਚੁੱਕੀ ਫ਼ਿਰਦੇ ਹਾਂ। ਜੇ ਅਸੀਂ ਮਨ ਦੇ ਪਤੀਲੇ ‘ਚ ਆਪਣਾ ਪਿਆਰ ਮਿਲਾਉਂਦੇ ਹਾਂ ਤਾਂ ਬਦਲੇ ‘ਚ ਸਾਨੂੰ ਮਿਲਦੈ ਵੰਡਣ ਲਈ ਵਧੇਰੇ ਪ੍ਰੇਮ ਅਤੇ ਆਨੰਦ। ਅਸੀਂ ਉਸ ‘ਚ ਸਾਕਾਰਾਤਮਕਤਾ ਮਿਲਾਉਂਦੇ ਹਾਂ ਅਤੇ ਬਾਹਰ ਨਿਕਲਦੇ ਹਨ ਉਹ ਵਿਸ਼ਵਾਸ ਅਤੇ ਆਸ ਜਿਨ੍ਹਾਂ ਦੀ ਸਾਨੂੰ ਲੋੜ ਹੁੰਦੀ ਹੈ। ਅਤੇ ਜੇ ਅਸੀਂ, ਗ਼ਲਤੀ ਨਾਲ, ਉਸ ‘ਚ ਕੁਝ ਸ਼ੰਕਾ, ਗੁੱਸਾ ਜਾਂ ਭੈਅ ਰਲਣ ਦੇਈਏ ਤਾਂ ਕੀ ਹੋਵੇਗਾ? ਖ਼ੈਰ, ਜੇਕਰ ਅਜਿਹਾ ਹੋ ਵੀ ਜਾਵੇ ਤਾਂ ਬਿਹਤਰੀ ਇਸੇ ‘ਚ ਹੈ ਕਿ ਅਸੀਂ ਉਸ ਨੂੰ ਥੋੜ੍ਹੀ ਸਾਕਾਰਾਤਮਕਤਾ ਨਾਲ ਬਦਲੀਏ। ਤੁਹਾਨੂੰ ਕੇਵਲ ਇੰਨਾ ਹੀ ਕਰਨ ਦੀ ਲੋੜ ਹੈ।

ਜਦੋਂ ਤੁਸੀਂ ਰੁਕ ਕੇ ਵਿਚਾਰਦੇ ਹੋ ਕਿ ਲੰਘੇ ਕੁਝ ਕੁ ਸਾਲਾਂ ‘ਚ ਤੁਸੀਂ ਕਿੰਨਾ ਜ਼ਿਆਦਾ ਬਦਲ ਚੁੱਕੇ ਹੋ ਤਾਂ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਭਵਿੱਖ ਲਈ ਕੋਈ ਵੀ ਯੋਜਨਾ ਬਣਾਉਣਾ ਕਿਸੇ ਮਾਨਸਿਕ ਦਬਾਅ ਜਾਂ ਜੀਅ ਦੇ ਜੰਜਾਲ ਤੋਂ ਘੱਟ ਪ੍ਰਤੀਤ ਨਹੀਂ ਹੁੰਦਾ। ਬਹੁਤ ਸਾਰੀਆਂ ਅਣਜਾਣੀਆਂ ਚੀਜ਼ਾਂ ਹਨ। ਜਿੰਨਾ ਜ਼ਿਆਦਾ ਤੁਸੀਂ ਉਨ੍ਹਾਂ ਨੂੰ ਹੋਰ ਅੱਗੇ ਘੋਖਦੇ ਹੋ, ਓਨੀ ਜ਼ਿਆਦਾ ਘੁੰਮਣਘੇਰੀ ‘ਚ ਤੁਸੀਂ ਖ਼ੁਦ ਨੂੰ ਫ਼ੱਸਿਆ ਪਾਉਂਦੇ ਹੋ। ਜੇ ਫ਼ਲਾਣੀ ਸ਼ੈਅ ਹੋ ਗਈ ਤਾਂ ਕੀ ਤੁਹਾਨੂੰ ਢਿਮਕਾਣੀ ਚੀਜ਼ ਦੀ ਸੱਚਮੁੱਚ ਕੋਈ ਲੋੜ ਰਹਿ ਜਾਵੇਗੀ? ਜੇਕਰ ਅ ਵਾਪਰ ਗਿਆ ਤਾਂ ਕੀ ੳ ਫ਼ਿਰ ਵੀ ਇੱਕ ਢੁੱਕਵਾਂ ਮੁੱਦਾ ਬਣਿਆ ਰਹੇਗਾ? ਪਰ ਕੁਝ ਅਜਿਹੀਆਂ ਲੋੜਾਂ ਹਨ ਜਿਹੜੀਆਂ ਫ਼ੌਰੀ ਅਤੇ ਨਿਰਵਿਵਾਦ ਹਨ। ਘਟੋਘੱਟ ਹਾਲ ਦੀ ਘੜੀ, ਇਹੀ ਤੁਹਾਡੀਆਂ ਮਾਰਗਦਰਸ਼ਕ ਤਰਜੀਹਾਂ ਹੋਣੀਆਂ ਚਾਹੀਦੀਆਂ ਹਨ। ਜੇ ਤੁਸੀਂ ਥੋੜ੍ਹਾ ਇੰਤਜ਼ਾਰ ਕਰ ਸਕੋ ਤਾਂ ਸਭ ਕੁਝ ਵਧੇਰੇ ਸਪੱਸ਼ਟ ਹੋ ਜਾਵੇਗਾ।

ਜਦੋਂ ਕੁਝ ਲੋਕਾਂ ਦੇ ਮਨ ‘ਚ ਕੋਈ ਡੂੰਘਾ ਡਰ ਬੈਠ ਜਾਂਦੈ ਤਾਂ ਹੋ ਸਕਦੈ, ਬਿਨਾਂ ਕਿਸੇ ਇਰਾਦੇ ਦੇ, ਗ਼ਲਤੀ ਨਾਲ, ਉਹ ਇੰਝ ਪੇਸ਼ ਆਉਣ ਜਿਸ ਨਾਲ ਉਨ੍ਹਾਂ ਦਾ ਭੈਅ ਵਧੇਰੇ ਵਾਸਤਵਿਕ ਬਣ ਜਾਵੇ। ਜੇ, ਉਦਾਹਰਣ ਦੇ ਤੌਰ ‘ਤੇ, ਕਿਸੇ ਨੂੰ ਇਹ ਲਗਦਾ ਹੋਵੇ ਕਿ ਉਹ ਬਦਨਾਮ ਹਨ ਤਾਂ ਹੋ ਸਕਦੈ ਕਿ ਉਹ ਜਾਣਬੁੱਝ ਕੇ ਵਧੇਰੇ ਅਪਮਾਨਜਨਕ ਅਤੇ ਹਮਲਾਵਰ ਬਣ ਜਾਣ। ਜੇਕਰ ਉਹ ਆਪਣੇ ਪੈਸੇ ਦੇ ਮੁੱਕਣ ਨੂੰ ਲੈ ਕੇ ਚਿੰਤਤ ਹੋਣ ਤਾਂ ਹੋ ਸਕਦੈ ਕਿ ਉਹ ਆਪਣੇ ਕੰਮ ‘ਚ ਘੱਟ ਜ਼ੋਰ ਲਗਾਉਣ ਅਤੇ ਨਤੀਜਤਨ ਹਾਲਾਤ ਨੂੰ ਬਿਹਤਰ ਕਰਨ ਦੇ ਆਪਣੇ ਮੌਕਿਆਂ ਨੂੰ ਘਟਾ ਬੈਠਣ। ਨਾਕਾਰਾਤਮਕਤਾ ਨਾ ਸਿਰਫ਼ ਇੱਕ ਛੂਤਕਾਰੀ ਬੀਮਾਰੀ ਹੈ ਸਗੋਂ ਇਹ ਖ਼ੁਦ ਨੂੰ ਜ਼ਰਬ ਦੇ ਕੇ ਹੋਰ ਵੀ ਫ਼ੈਲਾਅ ਲੈਂਦੀ ਹੈ! ਅਤੇ ਅਜਿਹਾ ਕੁਝ ਵੀ ਤੁਸੀਂ ਕਦੇ ਨਹੀਂ ਹੋਣ ਦੇਣਾ ਚਾਹੋਗੇ।