ਅਮਰੀਕਾ : ਗੋਲੀਬਾਰੀ ‘ਚ ਤਿੰਨ ਲੋਕਾਂ ਦੀ ਮੌਤ, ਪੁਲਸ ਅਧਿਕਾਰੀਆਂ ਸਮੇਤ ਕਈ ਜ਼ਖਮੀ

ਹਿਊਸਟਨ : ਅਮਰੀਕਾ ਦੇ ਨਿਊ ਮੈਕਸੀਕੋ ਸੂਬੇ ਦੇ ਫਾਰਮਿੰਗਟਨ ‘ਚ ਸੋਮਵਾਰ ਨੂੰ ਹੋਈ ਗੋਲੀਬਾਰੀ ‘ਚ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਇੱਕ ਫੇਸਬੁੱਕ ਪੋਸਟ ਰਾਹੀਂ ਇਹ ਜਾਣਕਾਰੀ ਸਾਂਝੀ ਕਰਦੇ ਹੋਏ ਫਾਰਮਿੰਗਟਨ ਪੁਲਸ ਨੇ ਕਿਹਾ ਕਿ “ਘੱਟੋ-ਘੱਟ 3 ਮ੍ਰਿਤਕਾਂ ਸਮੇਤ ਕਈ ਨਾਗਰਿਕ ਜ਼ਖ਼ਮੀ ਹਨ।” ਗੋਲੀ ਲੱਗਣ ਅਤੇ ਹਸਪਤਾਲ ਵਿੱਚ ਦਾਖਲ ਹੋਣ ਵਾਲਿਆਂ ਵਿੱਚ ਸਿਟੀ ਪੁਲਸ ਅਤੇ ਨਿਊ ਮੈਕਸੀਕੋ ਸਟੇਟ ਪੁਲਸ ਦੇ ਇੱਕ ਮੈਂਬਰ ਸਮੇਤ ਦੋ ਪੁਲਸ ਅਧਿਕਾਰੀ ਵੀ ਸ਼ਾਮਲ ਹਨ।
ਪੁਲਸ ਨੇ ਦੱਸਿਆ ਕਿ ਦੋਵਾਂ ਦੀ ਹਾਲਤ ਸਥਿਰ ਹੈ। ਪੁਲਸ ਨੇ ਕਿਹਾ ਕਿ “ਇੱਕ ਸ਼ੱਕੀ ਵਿਅਕਤੀ ਦਾ ਸਾਹਮਣਾ ਕੀਤਾ ਗਿਆ ਅਤੇ ਉਸ ਨੂੰ ਮੌਕੇ ‘ਤੇ ਮਾਰ ਦਿੱਤਾ ਗਿਆ।” ਪੁਲਸ ਨੇ ਕਿਹਾ ਕਿ ਸ਼ੱਕੀ ਦੀ ਪਛਾਣ ਅਣਜਾਣ ਹੈ ਅਤੇ ਇਸ ਸਮੇਂ ਕੋਈ ਹੋਰ ਖਤਰਾ ਨਹੀਂ ਹੈ। ਸਥਾਨਕ ਮੀਡੀਆ ਨੇ ਦੱਸਿਆ ਕਿ ਗੋਲੀਬਾਰੀ ਬਰੁਕਸਾਈਡ ਪਾਰਕ ਦੇ ਖੇਤਰ ਵਿੱਚ ਸਥਾਨਕ ਸਮੇਂ ਅਨੁਸਾਰ ਸਵੇਰੇ 11 ਵਜੇ ਤੋਂ ਥੋੜ੍ਹੀ ਦੇਰ ਬਾਅਦ ਹੋਈ ਅਤੇ ਸ਼ਹਿਰ ਦੇ ਸਾਰੇ ਸਕੂਲਾਂ ਦੀ ਸੁਰੱਖਿਆ ਲਈ “preventive lockdown” ਲਾਗੂ ਕਰ ਦਿੱਤਾ ਗਿਆ ਸੀ।