ਪਾਕਿਸਤਾਨੀ ਹੈਰੋਇਨ ਖੇਪ ਦੀ ਡਿਲਿਵਰੀ ਲੈਣ ਆਏ ਪੰਜਾਬ ਦੇ 2 ਨੌਜਵਾਨ ਗ੍ਰਿਫ਼ਤਾਰ, 1 ਫਰਾਰ

ਸ਼੍ਰੀਗੰਗਾਨਗਰ – ਰਾਜਸਥਾਨ ਦੇ ਸ਼੍ਰੀਗੰਗਾਨਗਰ ਜ਼ਿਲ੍ਹੇ ਨਾਲ ਲੱਗਦੀ ਅੰਤਰਰਾਸ਼ਟਰੀ ਸਰਹੱਦ ’ਤੇ ਭਾਰਤੀ ਖੇਤਰ ’ਚ ਇਕ ਵਾਰ ਫਿਰ ਪਾਕਿਸਤਾਨੀ ਸਮੱਗਲਰਾਂ ਵੱਲੋਂ ਡਰੋਨ ਰਾਹੀਂ ਭੇਜੀ ਜਾਣ ਵਾਲੀ ਹੈਰੋਇਨ ਦੀ ਇਕ ਵੱਡੀ ਖੇਪ ਉਠਾ ਕੇ ਲੈ ਜਾਣ ਦੀ ਫਿਰਾਕ ’ਚ ਪੰਜਾਬ ਦੇ 2 ਨੌਜਵਾਨ ਸ਼ੱਕੀ ਹਾਲਤ ’ਚ ਫੜੇ ਗਏ ਹਨ, ਜਦੋਂਕਿ ਉਨ੍ਹਾਂ ਦਾ ਇਕ ਸਾਥੀ ਫਰਾਰ ਹੋਣ ’ਚ ਸਫ਼ਲ ਹੋ ਗਿਆ। ਸੀਨੀਅਰ ਪੁਲਸ ਸੁਪਰਡੈਂਟ ਅਨਿਲ ਪਰਿਸ ਦੇਸ਼ਮੁਖ ਨੇ ਦੱਸਿਆ ਕਿ ਰਾਇਸਿੰਘਨਗਰ ਥਾਣੇ ਅਧੀਨ ਪੈਂਦੇ ਖਾਟਾਂ ਪਿੰਡ ਤੋਂ ਬਾਰਡਰ ਨੂੰ ਜਾਣ ਵਾਲੇ ਰਸਤਾ ’ਤੇ 3 ਸ਼ੱਕੀ ਲੋਕਾਂ ਨੂੰ ਵੇਖਿਆ ਗਿਆ।
ਜਾਣਕਾਰੀ ਮੁਤਾਬਕ ਪਿੰਡ ਵਾਸੀਆਂ ਨੇ ਸ਼ੱਕੀਆਂ ਨੂੰ ਵੇਖਿਆ ਤਾਂ ਉਨ੍ਹਾਂ ਨੇ ਬੀ.ਐੱਸ.ਐੱਫ. ਦੀ ਬਾਰਡਰ ਪੋਸਟ ’ਤੇ ਤਾਇਨਾਤ ਜਵਾਨਾਂ ਨੂੰ ਸੂਚਨਾ ਦਿੱਤੀ। ਬੀ.ਐੱਸ.ਐੱਫ. ਦੇ ਜਵਾਨਾਂ ਨੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਇਕ ਸ਼ੱਕੀ ਨੂੰ ਕਾਬੂ ਕਰ ਲਿਆ ਜਦੋਂ ਕਿ ਉਸ ਦੇ 2 ਸਾਥੀ ਹਨੇਰੇ ਦਾ ਫਾਇਦਾ ਚੁੱਕ ਕੇ ਦੌੜ ਗਏ। ਬੀ.ਐੱਸ.ਐੱਫ. ਦੇ ਉੱਚ ਅਧਿਕਾਰੀਆਂ ਵੱਲੋਂ ਇਸ ਦੀ ਸੂਚਨਾ ਜ਼ਿਲ੍ਹਾ ਪੁਲਸ ਨੂੰ ਦਿੱਤੇ ਜਾਣ ’ਤੇ ਫਰਾਰ ਹੋਏ 2 ਸ਼ੱਕੀ ਲੋਕਾਂ ਨੂੰ ਫੜਨ ਲਈ ਆਲੇ-ਦੁਆਲੇ ਦੇ ਇਲਾਕੇ ’ਚ ਨਾਕਾਬੰਦੀ ਕਰਵਾ ਦਿੱਤੀ ਗਈ। ਫਿਰ ਵੀ ਦੋਵੇਂ ਸ਼ੱਕੀ ਪਕੜ ’ਚ ਨਹੀਂ ਆਏ। ਐੱਸ.ਐੱਸ.ਪੀ. ਦੇਸ਼ਮੁਖ ਨੇ ਦੱਸਿਆ ਕਿ ਇਨ੍ਹਾਂ ’ਚੋਂ ਇੱਕ ਸ਼ੱਕੀ ਨੂੰ ਅੱਜ ਸਵੇਰੇ ਸ਼੍ਰੀਗੰਗਾਨਗਰ ’ਚ ਕੇਂਦਰੀ ਬੱਸ ਅੱਡੇ ਦੇ ਕੋਲ ਕੋਤਵਾਲੀ ਪੁਲਸ ਨੇ ਕਾਬੂ ਕਰ ਲਿਆ। ਫਰਾਰ ਹੋਏ ਤੀਜੇ ਸ਼ੱਕੀ ਦੀ ਪਛਾਣ ਹੋ ਗਈ ਹੈ। ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।