ਗੁਰਦੁਆਰਾ ਦੂਖ ਨਿਵਾਰਣ ਸਾਹਿਬ ਵਿਖੇ ਹੋਏ ਜਨਾਨੀ ਦੇ ਕਤਲ ’ਚ ਐੱਸ. ਐੱਸ. ਪੀ. ਦਾ ਸਨਸਨੀਖੇਜ਼ ਖ਼ੁਲਾਸਾ

ਪਟਿਆਲਾ : ਗੁਰਦੁਆਰ ਦੂਖ ਨਿਵਾਰਣ ਸਾਹਿਬ ਵਿਖੇ ਹੋਏ ਜਨਾਨੀ ਦੇ ਕਤਲ ਮਾਮਲ ਵਿਚ ਐੱਸ. ਐੱਸ. ਪੀ. ਵਰੁਣ ਸ਼ਰਮਾ ਨੇ ਵੱਡੇ ਖੁਲਾਸੇ ਕੀਤੇ ਹਨ। ਐੱਸ. ਐੱਸ. ਪੀ. ਨੇ ਆਖਿਆ ਹੈ ਕਿ ਪਰਮਿੰਦਰ ਕੌਰ ਨਾਮ ਦੀ 35-40 ਸਾਲ ਦੀ ਜਨਾਨੀ ਗੁਰਦੁਆਰਾ ਦੂਖ ਨਿਵਾਰਣ ਸਾਹਿਬ ਦੇ ਸਰੋਵਰ ਕੋਲ ਬੈਠ ਕੇ ਸ਼ਰਾਬ ਦਾ ਸੇਵਨ ਕਰ ਰਹੀ ਸੀ, ਜਿਸ ਕੋਲੋਂ ਕੁਆਰਟਰ ਸ਼ਰਾਬ ਬਰਾਮਦ ਹੋਈ ਹੈ। ਉਕਤ ਜਨਾਨੀ ਜਦੋਂ ਮਹਿਲਾ ਸ਼ਰਧਾਲੂਆਂ ਨੇ ਇਹ ਗਲਤ ਕੰਮ ਕਰਦਿਆਂ ਦੇਖਿਆ ਅਤੇ ਉਸ ਨੂੰ ਗੁਰਦੁਆਰਾ ਸਾਹਿਬ ਦੇ ਮੈਨੇਜਰ ਕੋਲ ਲੈ ਕੇ ਗਏ ਜਦੋਂ ਸੰਗਤ ਇਸ ਜਨਾਨੀ ਨੂੰ ਮੈਨੇਜਰ ਕੋਲ ਲੈ ਕੇ ਪਹੁੰਚੀ ਤਾਂ ਉਥੇ ਮੌਜੂਦ ਨਿਰਮਲਜੀਤ ਸੈਣੀ ਨਾਮਕ ਵਿਅਕਤੀ ਨੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਪੰਜ ਗੋਲ਼ੀਆਂ ਚਲਾਈਆਂ। ਜਿਸ ਵਿਚੋਂ ਤਿੰਨ ਤੋਂ ਚਾਰ ਗੋਲ਼ੀਆਂ ਜਨਾਨੀ ਦੇ ਲੱਗੀਆਂ, ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਕ ਗੋਲ਼ੀ ਉਥੇ ਮੌਜੂਦ ਸਾਗਰ ਨਾਮਕ ਵਿਅਕਤੀ ਦੇ ਜਾ ਲੱਗੀ, ਜਿਸ ਨੂੰ ਰਾਜਿੰਦਰਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ, ਜਿਸ ਦੀ ਹਾਲਤ ਹੁਣ ਖ਼ਤਰੇ ਤੋਂ ਬਾਹਰ ਹੈ।
ਐੱਸ. ਐੱਸ. ਪੀ. ਨੇ ਦੱਸਿਆ ਕਿ ਪਟਿਆਲਾ ਪੁਲਸ ਨੇ ਨਿਰਮਲਜੀਤ ਸਿੰਘ ਸੈਣੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਵਾਰਦਾਤ ਵਿਚ ਵਰਤਿਆ ਗਿਆ ਹਥਿਆਰ ਵੀ ਪੁਲਸ ਨੇ ਬਰਾਮਦ ਕਰ ਲਿਆ ਹੈ। ਮੁੱਢਲੀ ਜਾਂਚ ਵਿਚ ਪੁਲਸ ਨੂੰ ਉਕਤ ਜਨਾਨੀ ਤੋਂ ਆਧਾਰ ਕਾਰਡ ਬਰਾਮਦ ਹੋਇਆ ਹੈ ਜਿਸ ਵਿਚ ਪੀ. ਜੀ. ਦਾ ਪਤਾ ਹੈ ਅਤੇ ਅਜੇ ਤਕ ਇਸ ਦਾ ਕੋਈ ਵੀ ਪਰਿਵਾਰਕ ਮੈਂਬਰ ਸਾਹਮਣੇ ਨਹੀਂ ਆਇਆ ਹੈ। ਪੁਲਸ ਨੂੰ ਜਾਂਚ ਵਿਚ ਇਕ ਨਸ਼ਾ ਛਡਾਊ ਕੇਂਦਰ ਦੀ ਇਕ ਪਰਚੀ ਵੀ ਬਰਾਮਦ ਹੋਈ ਹੈ, ਜਿਸ ਦੀ ਜਾਂਚ ਵਿਚ ਪਤਾ ਲੱਗਾ ਹੈ ਕਿ ਇਹ ਸ਼ਰਾਬ ਦੀ ਆਦੀ ਸੀ ਅਤੇ ਪ੍ਰੇਸ਼ਾਨ ਰਹਿੰਦੀ ਸੀ। ਪੁਲਸ ਵਲੋਂ ਸਾਰੇ ਮਾਮਲੇ ਦੀ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾ ਰਹੀ ਹੈ।
ਪੁਲਸ ਮੁਤਾਬਕ ਜਿਸ ਵਿਅਕਤੀ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ, ਉਹ ਧਾਰਮਿਕ ਪ੍ਰਵਿਰਤੀ ਵਾਲਾ ਵਿਅਕਤੀ ਹੈ। ਉਕਤ ਸ਼ਰਧਾਲੂ ਸੇਵੇਰ ਸ਼ਾਮ ਗੁਰਦੁਆਰਾ ਸਾਹਿਬ ਵਿਚ ਨਤਮਸਤਕ ਹੁੰਦਾ ਹੈ। ਗੁਰਦੁਆਰਾ ਦੂਖ ਨਿਵਾਰਣ ਸਾਹਿਬ ਦੀ ਸਾਰੀ ਦੁਨੀਆ ਵਿਚ ਮਾਨਤਾ ਹੈ। ਜਿਸ ਸਮੇਂ ਇਹ ਵਾਰਦਾਤ ਹੋਈ, ਉਸ ਸਮੇਂ ਵੀ ਉਹ ਗੁਰਦੁਆਰਾ ਸਾਹਿਬ ਵਿਚ ਮੱਥਾ ਟੇਕਣ ਆਇਆ ਸੀ ਅਤੇ ਜਦੋਂ ਉਸ ਨੂੰ ਜਨਾਨੀ ਦੀ ਇਸ ਹਰਕਤ ਦਾ ਪਤਾ ਲੱਗਾ ਤਾਂ ਉਸ ਦੀ ਭਾਵਨਾ ਆਹਤ ਹੋ ਗਈ ਜਿਸ ਨੇ ਗੁੱਸੇ ਵਿਚ ਆ ਕੇ ਇਸ ਵਾਰਦਾਤ ਨੂੰ ਅੰਜਾਮ ਦੇ ਦਿੱਤਾ।
ਐੱਸ. ਐੱਸ. ਪੀ. ਵਰੁਣਾ ਸ਼ਰਮਾ ਨੇ ਅੱਗੇ ਕਿਹਾ ਕਿ ਮ੍ਰਿਤਕ ਮਹਿਲਾ ਅਤੇ ਮੁਲਜ਼ਮ ਦੀ ਆਪਸ ਵਿਚ ਕੋਈ ਜਾਣ-ਪਛਾਣ ਨਹੀਂ ਹੈ ਅਤੇ ਨਾ ਹੀ ਦੋਵਾਂ ਦਾ ਕੋਈ ਲਿੰਕ ਸਾਹਮਣੇ ਆਇਆ ਹੈ। ਉਕਤ ਵਿਅਕਤੀ ਨੂੰ ਅੰਦਰੋਂ ਮਹਿਸਸੂ ਹੋਇਆ ਕਿ ਜਿਸ ਜਗ੍ਹਾ ’ਤੇ ਹਜ਼ਾਰਾਂ ਸੰਗਤਾਂ ਨਤਮਸਤਕ ਹੁੰਦੀਆਂ ਹਨ, ਉਥੇ ਇਸ ਜਨਾਨੀ ਨੇ ਸ਼ਰਾਬ ਪੀਤੀ ਹੈ ਤਾਂ ਉਸ ਨੇ ਗੁੱਸੇ ਵਿਚ ਆ ਕੇ ਇਸ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਪੁਲਸ ਨੇ ਦੱਸਿਆ ਕਿ ਇਹ ਜਨਾਨੀ ਜ਼ੀਰਕਪੁਰ ਤੋਂ ਬੈਠ ਕੇ ਇਥੇ ਆਈ ਸੀ ਅਤੇ ਹ ਇਕੱਲੀ ਹੀ ਗੁਰਦੁਆਰਾ ਸਾਹਿਬ ਪਹੁੰਚੀ ਸੀ। ਫਿਲਹਾਲ ਪੁਲਸ ਨੇ 302 ਦੇ ਤਹਿਤ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।