ਕਡੱਪਾ- ਆਂਧਰਾ ਪ੍ਰਦੇਸ਼ ਦੇ ਵਾਈ. ਐੱਸ. ਆਰ. ਕਡੱਪਾ ਜ਼ਿਲ੍ਹੇ ‘ਚ ਸੋਮਵਾਰ ਨੂੰ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ‘ਚ 7 ਲੋਕਾਂ ਦੀ ਮੌਤ ਹੋ ਗਈ। ਦਰਅਸਲ SUV ਦੀ ਟਰੱਕ ਨਾਲ ਜ਼ਬਰਦਸਤ ਟੱਕਰ ਹੋਣ ਕਾਰਨ 7 ਲੋਕਾਂ ਦੀ ਮੌਤ ਹੋ ਗਈ ਅਤੇ 8 ਹੋਰ ਜ਼ਖ਼ਮੀ ਹੋ ਗਏ।
ਪੁਲਸ ਮੁਤਾਬਕ ਟੱਕਰ ਅੱਜ ਸਵੇਰੇ ਕੋਂਡਾਪੁਰਮ ਮੰਡਲ ‘ਚ ਚਿਤਰਾਵਤੀ ਪੁਲ ਨੇੜੇ ਕਡੱਪਾ-ਤਾਡੀਪਤਰੀ ਹਾਈਵੇਅ ‘ਤੇ ਹੋਈ। ਪੀੜਤ ਗੱਡੀ ‘ਚ ਸਵਾਰ ਹੋ ਕੇ ਤਿਰੂਪਤੀ ਸਥਿਤ ਸ਼੍ਰੀ ਵੈਂਕਟੇਸ਼ਵਰ ਮੰਦਰ ‘ਚ ਮੱਥਾ ਟੇਕਣ ਤੋਂ ਬਾਅਦ ਵਾਪਸ ਪਰਤ ਰਹੇ ਸਨ। ਸਾਹਮਣੇ ਤੋਂ ਆ ਰਹੇ ਟਰੱਕ ਨਾਲ SUV ਦੀ ਆਹਮੋ-ਸਾਹਮਣੇ ਟੱਕਰ ਹੋ ਗਈ।
ਹਾਦਸੇ ‘ਚ 7 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ 8 ਹੋਰ ਜ਼ਖਮੀ ਹੋ ਗਏ। ਇਹ ਹਾਦਸਾ ਹਨੇਰੇ ‘ਚ ਹੋਣ ਕਾਰਨ ਪੁਲਸ ਨੂੰ ਪੀੜਤਾਂ ਨੂੰ ਬਚਾਉਣ ‘ਚ ਮੁਸ਼ਕਲ ਪੇਸ਼ ਆਈ। ਜ਼ਖਮੀਆਂ ਨੂੰ ਪਹਿਲਾਂ ਤਾਡੀਪਾਤਰੀ ਦੇ ਹਸਪਤਾਲ ਲਿਜਾਇਆ ਗਿਆ ਅਤੇ ਬਾਅਦ ‘ਚ ਅਨੰਤਪੁਰ ਸ਼ਿਫਟ ਕਰ ਦਿੱਤਾ ਗਿਆ। ਮ੍ਰਿਤਕ ਅਤੇ ਜ਼ਖਮੀ ਆਂਧਰਾ ਪ੍ਰਦੇਸ਼ ਦੇ ਅਨੰਤਪੁਰ ਜ਼ਿਲ੍ਹੇ ਦੇ ਤਾਡੀਪਤਰੀ ਅਤੇ ਗੁਆਂਢੀ ਸੂਬੇ ਕਰਨਾਟਕ ਦੇ ਬੇਲਾਰੀ ਦੇ ਰਹਿਣ ਵਾਲੇ ਸਨ। ਪੀੜਤਾਂ ਵਿਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ।