ਕਰਨਾਟਕ ਹਾਰ ਤੋਂ ਬਾਅਦ ਭਾਜਪਾ ਕਰੇਗੀ ਕੈਬਨਿਟ ਤੇ ਸੰਗਠਨ ’ਚ ਫੇਰਬਦਲ!

ਨਵੀਂ ਦਿੱਲੀ- ਕਰਨਾਟਕ ਵਿਧਾਨ ਸਭਾ ਚੋਣਾਂ ਅਤੇ ਜਲੰਧਰ ਲੋਕ ਸਭਾ ਉੱਪ ਚੋਣ ਦੀ ਹਾਰ ਨੇ ਭਾਜਪਾ ਲੀਡਰਸ਼ਿਪ ਨੂੰ ਸੋਚਣ ’ਤੇ ਮਜਬੂਰ ਕਰ ਦਿੱਤਾ ਹੈ। ਹਾਲਾਂਕਿ ਭਾਜਪਾ ਕਰਨਾਟਕ ’ਚ ਆਪਣੀ ਗਿਣਤੀ ’ਚ ਗਿਰਾਵਟ ਦੀ ਉਮੀਦ ਕਰ ਰਹੀ ਸੀ ਅਤੇ ਮੰਨ ਰਹੀ ਸੀ ਕਿ ਉਸ ਨੂੰ ਘੱਟੋ-ਘੱਟ 85 ਸੀਟਾਂ ਤਾਂ ਮਿਲਣਗੀਆਂ ਹੀ ਪਰ ਇਸ ਹਾਰ ਤੋਂ ਬਾਅਦ ਭਾਜਪਾ ਲੀਡਰਸ਼ਿਪ ਨੂੰ 2023 ਦੇ ਅੰਤ ’ਚ 5 ਸੂਬਿਆਂ ਮੱਧ ਪ੍ਰਦੇਸ਼, ਛੱਤੀਸਗੜ੍ਹ, ਰਾਜਸਥਾਨ, ਮਿਜੋਰਮ ਅਤੇ ਤੇਲੰਗਾਨਾ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਅਤੇ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਸੰਗਠਨ ’ਚ ਬਦਲਾਅ ਕਰਨਾ ਪੈ ਸਕਦਾ ਹੈ।
ਭਾਜਪਾ ਨੂੰ ਹੁਣ ਥੋੜੇ ਜਿਹੇ ਮਨਪਸੰਦ ਨੇਤਾਵਾਂ ਦੀ ਜਗ੍ਹਾ ਜ਼ਮੀਨ ’ਤੇ ਕੰਮ ਕਰਨ ਵਾਲੇ ਨੇਤਾਵਾਂ ਨੂੰ ਮਹੱਤਵ ਦੇਣਾ ਪਵੇਗਾ। ਕੈਬਨਿਟ ਫੇਰਬਦਲ ’ਤੇ ਕਰਨਾਟਕ ਦੇ ਨਤੀਜਿਆਂ ਦੀ ਸਾਇਆ ਰਹੇਗਾ। ਮੱਧ ਪ੍ਰਦੇਸ਼ ’ਚ ਲੀਡਰਸ਼ਿਪ ਤਬਦੀਲੀ ’ਤੇ ਹੁਣ ਮੁੜਵਿਚਾਰ ਕੀਤਾ ਜਾ ਸਕਦਾ ਹੈ ਅਤੇ ਰਾਜਸਥਾਨ ’ਚ ਵਸੁੰਧਰਾ ਰਾਜੇ ਸਿੰਧੀਆ ਕੋਲ ਖੁਸ਼ ਹੋਣ ਦੇ ਕਾਰਨ ਹਨ। ਵਿਧਾਨ ਸਭਾ ਚੋਣਾਂ ’ਚ ਭਾਜਪਾ ਦੇ ਖਾਸਮਖਾਸ ਜਨਰਲ ਸਕੱਤਰ ਸੀ. ਟੀ. ਰਵੀ ਦੀ ਹਾਰ ਨਾਲ ਜੇ. ਪੀ. ਨੱਢਾ ਉਨ੍ਹਾਂ ਨੂੰ ਵੀ ਬਾਹਰ ਦਾ ਰਾਹ ਦਿਖਾ ਸਕਦੇ ਹਨ। ਮੋਦੀ ਕੁਝ ਅਜਿਹੇ ਕੇਂਦਰੀ ਮੰਤਰੀਆਂ ਦਾ ਬਿਸਤਰਾ ਗੋਲ ਕਰਵਾ ਸਕਦੇ ਹਨ, ਜਿਨ੍ਹਾਂ ਨੂੰ ਮੰਤਰਾਲਾ ਚਲਾਉਣ ਲਈ ਚੁਣਿਆ ਗਿਆ ਸੀ ਪਰ ਜਿਨ੍ਹਾਂ ਦਾ ਪਾਰਟੀ ਨਾਲ ਕੋਈ ਲੈਣਾ-ਦੇਣਾ ਨਹੀਂ ਸੀ।
ਕਰਨਾਟਕ ਦੀ ਹਾਰ ਨੇ ਇਸ ਮਹੀਨੇ ਦੇ ਅੰਤ ’ਚ ਮੋਦੀ ਸਰਕਾਰ ਦੇ 9 ਸਾਲ ਪੂਰੇ ਹੋਣ ਦੇ ਉਤਸਵ ’ਤੇ ਪਾਣੀ ਫੇਰ ਦਿੱਤਾ ਹੈ। ਕਰਨਾਟਕ ’ਚ ਹਾਰ ਦੇ ਤੁਰੰਤ ਬਾਅਦ ਉੱਚ ਲੀਡਰਸ਼ਿਪ ਅਗਲੇ ਇਕ ਸਾਲ ਲਈ ਨਵੀਂ ਰਣਨੀਤੀ ਬਣਾਉਣ ’ਚ ਜੁੱਟ ਗਈ ਹੈ। ਸਭ ਤੋਂ ਵੱਡੀ ਚਿੰਤਾ ਦਾ ਕਾਰਨ ਇਹ ਹੈ ਕਿ ਮਹਾਰਾਸ਼ਟਰ, ਬਿਹਾਰ, ਪੱਛਮੀ ਬੰਗਾਲ, ਓਡਿਸ਼ਾ, ਕਰਨਾਟਕ, ਪੰਜਾਬ, ਤਾਮਿਲਨਾਡੂ, ਤੇਲੰਗਾਨਾ, ਆਂਧਰ ਪ੍ਰਦੇਸ਼, ਕੇਰਲ ਵਰਗੇ ਸੂਬਿਆਂ ’ਚ 300 ਤੋਂ ਵੱਧ ਲੋਕ ਸਭਾ ਸੀਟਾਂ ਹਨ, ਜਿਥੇ ਸੰਭਾਵਨਾਵਾਂ ਭਾਜਪਾ ਦੇ ਵਿਰੁੱਧ ਦਿਸ ਰਹੀਆਂ ਹਨ।