ਸ. ਪ੍ਰਕਾਸ਼ ਸਿੰਘ ਬਾਦਲ ਦਾ ਜਿੱਥੇ ਹੋਇਆ ਸੀ ਅੰਤਿਮ ਸੰਸਕਾਰ, ਉੱਥੇ ਹੁਣ ਯਾਦਗਾਰ ਬਣਾਉਣ ਦੀ ਤਿਆਰੀ ’ਚ ਅਕਾਲੀ ਦਲ

ਜਲੰਧਰ –ਸ਼੍ਰੋਮਣੀ ਅਕਾਲੀ ਦਲ (ਸ਼੍ਰੋਅਦ) ਅਤੇ ਬਾਦਲ ਪਰਿਵਾਰ ਸਵਰਗੀ ਅਕਾਲੀ ਸੁਪਰੀਮੋ ਪ੍ਰਕਾਸ਼ ਸਿੰਘ ਬਾਦਲ ਦੀ ਯਾਦ ’ਚ ਉਸ ਜਗ੍ਹਾ ’ਤੇ ਇਕ ਯਾਦਗਾਰ ਦਾ ਨਿਰਮਾਣ ਕਰ ਸਕਦਾ ਹੈ, ਜਿੱਥੇ 27 ਅਪ੍ਰੈਲ ਨੂੰ ਮੁਕਤਸਰ ਜ਼ਿਲ੍ਹੇ ਦੇ ਉਨ੍ਹਾਂ ਦੇ ਪੁਸ਼ਤੈਨੀ ਪਿੰਡ ਬਾਦਲ ’ਚ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ। ਬਾਦਲ ਪਰਿਵਾਰ ਦੇ ਨਜ਼ਦੀਕੀ ਸੀਨੀਅਰ ਅਕਾਲੀ ਨੇਤਾ ਸਿਕੰਦਰ ਸਿੰਘ ਮਲੂਕਾ ਦੇ ਹਵਾਲੇ ਨਾਲ ਇਕ ਮੀਡੀਆ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਬਾਦਲ ਪਰਿਵਾਰ ਦੀ ਮਲਕੀਅਤ ਵਾਲੀ ਜ਼ਮੀਨ ’ਤੇ ਇਕ ਯਾਦਗਾਰ ਬਣਾਉਣ ਲਈ ਮੁੱਢਲੀ ਚਰਚਾ ਹੋਈ ਸੀ।
ਯਾਦਗਾਰ ਦੇ ਖਾਕੇ ’ਤੇ ਹੋਵੇਗੀ ਚਰਚਾ
ਮਲੂਕਾ ਨੇ ਦੱਸਿਆ ਕਿ ਪਹਿਲਾਂ ਬਾਦਲ ਪਰਿਵਾਰ ਦੇ ਮ੍ਰਿਤਕ ਮੈਂਬਰਾਂ ਦਾ ਅੰਤਿਮ ਸੰਸਕਾਰ ਸ਼ਮਸ਼ਾਨ ਘਾਟ ਵਿਚ ਹੀ ਕੀਤਾ ਜਾਂਦਾ ਸੀ ਪਰ ਇਸ ਰਵਾਇਤ ਤੋਂ ਹਟ ਕੇ ਪ੍ਰਕਾਸ਼ ਸਿੰਘ ਬਾਦਲ ਦੇ ਮ੍ਰਿਤਕ ਸਰੀਰ ਦਾ ਅੰਤਿਮ ਸੰਸਕਾਰ ਪਰਿਵਾਰਕ ਜ਼ਮੀਨ ਦੇ ਇਕ ਵੱਖਰੇ ਹਿੱਸੇ ਵਿਚ ਕੀਤਾ ਗਿਆ, ਜਿੱਥੇ 2 ਏਕੜ ਵਿਚ ਕਿੰਨੂਆਂ ਦੇ ਬਾਗ ਸਨ। ਬਾਦਲ ਦੀ ਪਤਨੀ ਸੁਰਿੰਦਰ ਕੌਰ ਬਾਦਲ ਦਾ ਅੰਤਿਮ ਸੰਸਕਾਰ ਸ਼ਮਸ਼ਾਨ ਘਾਟ ਵਿਚ ਕੀਤਾ ਗਿਆ ਸੀ ਜੋ ਰਵਾਇਤੀ ਤੌਰ ’ਤੇ ਪਰਿਵਾਰ ਦੇ ਮ੍ਰਿਤਕ ਮੈਂਬਰਾਂ ਲਈ ਹੁੰਦਾ ਸੀ। ਸਵ. ਬਾਦਲ ਦੇ ਅੰਤਿਮ ਸੰਸਕਾਰ ਲਈ ਜ਼ਮੀਨ ਦੀ ਚੋਣ ਪਿੰਡ ਵਿਚ ਬਾਦਲ ਦੇ ਘਰ ਤੋਂ ਲਗਭਗ ਇਕ ਕਿਲੋਮੀਟਰ ਦੀ ਦੂਰੀ ’ਤੇ ਕੀਤੀ ਗਈ ਸੀ ਤਾਂ ਜੋ ਸਵਰਗੀ ਨੇਤਾ ਨੂੰ ਅੰਤਿਮ ਸਨਮਾਨ ਦੇਣ ਲਈ ਬਾਦਲ ਪਿੰਡ ਪਹੁੰਚਣ ਵਾਲੇ ਲੋਕਾਂ ਦੀ ਭੀੜ ਨੂੰ ਸੰਭਾਲਿਆ ਜਾ ਸਕੇ।
5 ਵਾਰ ਦੇ ਮੁੱਖ ਮੰਤਰੀ ਬਾਦਲ ਦੇ ਦਾਹ ਸੰਸਕਾਰ ਲਈ ਜ਼ਮੀਨ ਦੀ ਚੋਣ ਕਰਨ ਵੇਲੇ ਉਨ੍ਹਾਂ ਦੀ ਯਾਦਗਾਰ ਬਣਾਉਣ ਦਾ ਵਿਚਾਰ ਵੀ ਸ਼ਾਮਲ ਸੀ। ਮਲੂਕਾ ਨੇ ਕਿਹਾ ਕਿ ਇਹ ਯਾਦਗਾਰ ਪਾਰਟੀ ਅਤੇ ਬਾਦਲ ਪਰਿਵਾਰ ਵੱਲੋਂ ਸਾਂਝੇ ਤੌਰ ’ਤੇ ਬਣਾਈ ਜਾਵੇਗੀ। ਹਾਲਾਂਕਿ ਯਾਦਗਾਰ ਦੇ ਖਾਕੇ ਨੂੰ ਅੰਤਿਮ ਰੂਪ ਦੇਣ ਲਈ ਵਿਸਤ੍ਰਿਤ ਚਰਚਾ ਆਉਣ ਵਾਲੇ ਸਮੇਂ ’ਚ ਹੋਵੇਗੀ। ਇਹ ਕਦਮ ਬਾਦਲ ਵੱਲੋਂ ਪਾਰਟੀ ਅਤੇ ਲੋਕਾਂ ਲਈ ਛੱਡੀ ਗਈ ਵਿਰਾਸਤ ਨੂੰ ਅੱਗੇ ਵਧਾਏਗਾ।