ਯਾਦਾਂ ਦਾ ਝਰੋਖਾ – 9

ਡਾ.ਕੇਵਲ ਅਰੋੜਾ
94176-95299
ਗੁੱਸਾ ਨਾ ਕਰੀਂ ਵੇ ਡਾਕਟਰਾ
ਇੱਕ ਦਿਨ ਸ਼ਿੰਦੇ ਕੁਆੜੀਏ ਦੀ ਮੱਝ ਬੀਮਾਰ ਹੋ ਗਈ, ਅਤੇ ਉਹ ਪੁੱਛਦਾ-ਪਛਾਉਂਦਾ ਮੇਰਾ ਕੋਲ ਆ ਗਿਆ। ਆਖਣ ਲੱਗਿਆ, ”ਚੱਲ ਭਰਾਵਾ ਤੇਰੀ ਸੋਭਾ ਸੁਣ ਕੇ ਤੇਰੇ ਕੋਲ ਆਇਆ ਆਂ, ਦੋ-ਤਿੰਨ ਦਿਨ ਹੋ ਗਏ ਐ ਮੱਝ ਦੇ ਟੀਕੇ ਲਵਾਉਂਦਿਆਂ ਨੂੰ ਤੇ ਕੋਈ ਫ਼ਰਕ ਨਹੀਂ ਪਿਆ, ਦੁੱਧੋਂ ਵੀ ਸੁੱਕ ਚੱਲੀ ਆ ਬਈ, ਮਸਾਂ ਲਈ ਆ ਢਿੱਡ ਪੇਟ ਬੰਨ੍ਹ ਕੇ, ਡਾਕਟਰ ਸਾਬ ਕਰ ਮਿਹਰਬਾਨੀ, ਆਹ ਨੇੜੇ ਹੀ ਸੇਮ-ਨਾਲੇ ਅਤੇ ਘਰ ਅਪਣਾ, ਨਾਲ ਹੀ ਚੱਲ ਭਰਾਵਾ ਮੇਰੀ ਘਰ ਵਾਲੀ ਗੁੱਸੇ ਹੋਈ ਜਾਂਦੀ ਹੈ ਕਿ ਕੋਈ ਚੱਜਦਾ ਡਾਕਟਰ ਲੈ ਕੇ ਆ।”
ਮੈਂ ਸ਼ਿੰਦੇ ਕੁਆੜੀਏ ਨੂੰ ਪਿੰਡਾਂ ‘ਚ ਆਮ ਵੇਖਦਾ ਰਹਿੰਦਾ ਸੀ ਜੋ ਸਾਈਕਲ ‘ਤੇ ਬੋਤਲਾਂ, ਰੱਦੀ, ਕੁਆੜ ਅਤੇ ਬੇਹੀਆਂ ਰੋਟੀਆਂ ਦਾ ਹੋਕਾ ਦਿੰਦਾ ਗਲੀਆਂ ‘ਚ ਨਜ਼ਰੀਂ ਪੈਂਦਾ, ਪਰ ਮੇਰੀ ਉਸ ਨਾਲ ਗੱਲਬਾਤ ਕਦੇ ਨਹੀਂ ਸੀ ਹੋਈ, ਸ਼ਕਲੋਂ ਹੀ ਉਸ ਦਾ ਵਾਕਿਫ਼ ਸੀ ਮੈਂ। ਸ਼ਿੰਦੇ ਦੇ ਨਾਲ ਹੀ ਤੁਰ ਪਿਆ ਮੈਂ। ਸੇਮ-ਨਾਲੇ ਦੀ ਪੱਟੜੀ ਉਤੇ ਉਸ ਦਾ ਕੱਚਾ ਘਰ ਸੀ, ਅਤੇ ਨਾਲ ਪਸ਼ੂਆਂ ਵਾਸਤੇ ਛੱਪਰੀ ਬਣੀਂ ਹੋਈ ਸੀ
ਆਸੇ ਪਾਸੇ ਕਬਾੜ ਦਾ ਸਮਾਨ ਖਿੱਲਰਿਆ ਪਿਆ ਸੀ, ਅਤੇ ਦੋ ਤਿੰਨ ਬੋਰੀਆਂ ਬੇਹੀਆਂ ਰੋਟੀਆਂ ਦੀਆਂ ਭਰੀਆਂ ਪਈਆਂ ਸਨ। ਇੱਕ ਪਾਸੇ ਬੱਠਲ ‘ਚ ਉੱਲੀ ਵਾਲੀਆਂ ਰੋਟੀਆਂ ਪਈਆਂ ਸਨ। ਇੱਕ ਕੁੱਤਾ ਪਟੜੀ ‘ਤੇ ਖੜ੍ਹੀ ਕਿੱਕਰ ਨਾਲ ਬੰਨ੍ਹਿਆ ਹੋਇਆ ਸੀ ਜੋ ਆਏ ਗਏ ਅਤੇ ਲੰਘਦੇ ਟੱਪਦੇ ਨੂੰ ਭੌਂਕਦਾ ਰਹਿੰਦਾ ਸੀ।
”ਆ ਜਾ ਵੇ ਬਾਈ ਅਸੀਂ ਤਾਂ ਉਡੀਕ ਉਡੀਕ ਥੱਕ ਗਏ, ਤਿੰਨ ਦਿਨ ਹੋ ਗਏ ਐ ਪੈਸੇ ਪੱਟੀ ਜਾਂਦਿਆਂ ਨੂੰ ਭੋਰਾ ਅਰਾਮ ਨਹੀਂ ਆਇਆ।” ਸ਼ਿੰਦੇ ਕੁਆੜੀਏ ਦੀ ਘਰ ਵਾਲੀ ਮੈਨੂੰ ਕਹਿ ਰਹੀ ਸੀ, ”ਤੇਰੀ ਦੱਸ ਪਈ ਆ ਬਾਈ, ਸਾਧੂ ਵਾਲੇ ਸੂਰਤ ਵਪਾਰੀ ਤੋਂ, ਮੈਂ ਲੜ-ਲੜ ਕੇ ਘੱਲਿਆ ਏਹਨੂੰ।”
”ਚੱਲੋ ਕੋਈ ਗੱਲ ਨਹੀਂ ਭੈਣ ਜੀ ਆਪਾਂ ਦੇਖਦੇ ਆਂ।” ਇਹ ਕਹਿੰਦੇ ਹੋਏ ਮੈਂ ਬੁਖ਼ਾਰ ਅਤੇ ਮਿਹਦੇ ਦੀ ਹਰਕਤ ਵਗੈਰਾ ਚੈੱਕ ਕੀਤੀ … ਮੈਨੂੰ ਮੱਝ ਦੇ ਨੇੜੇ ਹੋਏ ਨੂੰ ਵੇਖ ਕੇ ਕੁੱਤਾ ਹੋਰ ਉੱਚੀ-ਉੱਚੀ ਭੌਂਕਣ ਲੱਗ ਪਿਆ ਅਤੇ ਬੀਬੀ ਨੇ ਨੇੜੇ ਪਿਆ ਥਾਪਾ ਚੱਕ ਕੇ ਕੁੱਤੇ ਦੇ ਜੜ ‘ਤਾ ਇੱਕ। ਪੀੜ ਨਾਲ ਇੱਕ ਵਾਰ ਤਾਂ ਕੁੱਤੇ ਦੀਆਂ ਚੀਕਾਂ ਨਿਕਲ ਗਈਆਂ, ਪਰ ਮੈਂ ਬੀਬੀ ਨੂੰ ਇਸ ਤੋਂ ਟੋਕਿਆ ਤਾਂ ਕਹਿਣ ਲੱਗੀ, ”ਬਾਈ ਤੈਨੂੰ ਨਹੀਂ ਪਤਾ ਇਹ ਟੂਣਾ ਕਰਾ ਕੇ ਹੀ ਚੁੱਪ ਕਰਦੈ … ਟੁੱਟ ਪੈਣਾ ਕਿਤੋਂ ਦਾ।” ਚੁੱਪ ਕਰ ਕੇ ਬਹਿ ਗਿਆ ਕੁੱਤਾ। ਬੀਬੀ ਫ਼ਿਰ ਬੋਲੀ, ”ਆਹ ਵੇਖ ਲਿਆ, ਹੁਣ ਕੁਸਕ ਗਿਆ ਤਾਂ ਕਹਿ ਦੀਂ …”
ਮੈਂ ਜਾਨਵਰ ਦੀ ਹਿਸਟਰੀ ਅਤੇ ਖਾਣ ਪੀਣ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ, ”ਮੇਰੇ ਘਰ ਵਾਲਾ ਸੰਗਰਾਹੂਰ ਪਿੰਡ ਤੋਂ ਵਧੀਆਂ ਘਟੀਆਂ ਰੋਟੀਆਂ ਅਤੇ ਹੋਰ ਨਿੱਕ ਸੁੱਕ ਲੈ ਕੇ ਆਇਆ ਸੀ ਅਤੇ ਉੱਥੇ ਕਿਸੇ ਨੇ ਅਪਣਾ ਬੁੜ੍ਹਾ ਵੱਡਾ ਕੀਤਾ ਸੀ। ਬਾਈ ਸਾਡੀ ਮੱਝ ਤਾਂ ਉਸ ਬੁੜ੍ਹੇ ਨੇ ਹੀ ਨੱਪ ਲਈ ਲੱਗਦੀ ਆ, ਅੱਜ-ਕੱਲ੍ਹ ਲੋਕ ਬਾਈ ਗਤ ਤਾਂ ਕਰਾਉਂਦੇ ਹੀ ਨਹੀਂ ਅਤੇ ਚੰਦਰਾ ਸਾਡੀ ਮੱਝ ‘ਤੇ ਕਰੋਪ ਹੋ ਗਿਆ ਬੁੜ੍ਹਾ … ਚੱਲ ਬਾਈ ਬੁੜ੍ਹੇ ਦਾ ਹੱਲ ਤਾਂ ਮੈਂ ਕਰ ਲਿਆ, ਆਹ ਪਾ ਤਾ ਫ਼ੱਕਰਾਂ ਦਾ ਤਵੀਤ ਲਿਆ ਕੇ ਅਤੇ ਬੁੜ੍ਹਾ ਤਾਂ ਫ਼ੱਕਰ ਉਹਨਾਂ ਦੇ ਘਰੇ ਹੀ ਛੱਡ ਕੇ ਆਉਣਗੇ … ਬਾਈ ਤੂੰ ਡਾਕਟਰੀ ਆਲਾ ਹੱਲ ਕਰ ਆਵਦਾ ਕੱਲਾ ਹੁਣ … ਆਪੇ ਗਤ ਕਰਾਉਂਦੇ ਫ਼ਿਰਨਗੇ ਆਵਦੇ ਬੁੜ੍ਹੇ ਦੀ।”
ਬੀਬੀ ਘੜੀ ਮੁੜੀ ਏਹੀ ਆਖੀ ਜਾਵੇ, ”ਬਾਈ ਇਹਨੇ ਇੱਕ ਤਾਂ ਬੁੜ੍ਹੇ ਦਾ ਮਰਨਾ ਖੁਆਇਆ, ਉੱਤੋਂ ਠੰਢੇ ਪਾਣੀ ਨਾਲ ਨੁਹਾਇਆ।”
ਅਸਲ ‘ਚ ਮੱਝ ਜ਼ਿਆਦਾ ਛਾਣ-ਭੂਰਾ ਅਤੇ ਬੇਹੀਆਂ ਰੋਟੀਆਂ ਖਾਣ ਕਰ ਕੇ ਹੀ ਬੀਮਾਰ ਹੋਈ ਸੀ। ਬੀਬੀ ਵਾਰੀ ਵਾਰੀ ਸ਼ਿੰਦੇ ‘ਤੇ ਤਵਾ ਧਰੀ ਜਾਂਦੀ ਸੀ, ਅ ਤੇ ਵਿਚਾਰਾ ਸ਼ਿੰਦਾ ਚੁੱਪ ਕਰਕੇ ਸਹਿ ਰਿਹਾ ਸੀ। ਫ਼ਿਰ ਉਸ ਨੇ ਦਬਕਾ ਮਾਰ ਕੇ ਸ਼ਿੰਦੇ ਨੂੰ ਬੁੜ੍ਹੇ ਦਾ ਮਰਨਾ ਖੁਆ ਕੇ ਉੱਤੋਂ ਨੁਹਾ ਕੇ ਬੀਮਾਰ ਕਰਨ ਦਾ ਤਾਅਨਾ ਮਾਰਿਆ ਤਾਂ ਮੇਰੇ ਅੰਦਰਲਾ ਮਰਦ ਵੀ ਸ਼ਿੰਦੇ ਦੇ ਹੱਕ ‘ਚ ਖਲੋ ਗਿਆ। ਮੈਂ ਕਿਹਾ ਕਿ ਬੀਬੀ ਮੱਝ ਬੀਮਾਰ ਸ਼ਿੰਦੇ ਦੇ ਮਰਨਾ ਖੁਆਉਣ ਨਾਲ ਜਾਂ ਨੁਹਾਉਣ ਨਾਲ ਬੀਮਾਰ ਨਹੀਂ ਹੋਈ ਸਗੋਂ ਤੇਰੇ ਜ਼ਿਆਦਾ ਬੇਹੀਆਂ ਰੋਟੀਆਂ ਖੁਆਉਣ ਨਾਲ ਹੋਈ ਆ। ਮੇਰੇ ਬੋਲਣ ਨਾਲ ਸ਼ਿੰਦੇ ਦੇ ਅੰਦਰਲੇ ਮਰਦ ਵੀ ਹੌਸਲੇ ਨਾਲ ਜਾਗ ਪਿਆ, ਅਤੇ ਉਹ ਅਪਣੀਂ ਘਰਵਾਲੀ ਦੇ ਗਲ ਪੈ ਗਿਆ ਜਿਵੇਂ ਉਸ ਨੂੰ ਮੇਰੀ ਸ਼ਹਿ ਹੋ ਗਈ ਹੋਵੇ। ਦੋਵੇਂ ਜਣੇ ਇੱਕ ਦੂਜੇ ਦੇ ਵਧ ਵਧ ਕੇ ਗਲ ਨੂੰ ਪੈਣ। ਮੈਂ ਮਸਾਂ ਛੁਡਵਾਏ ‘ਚ ਪੈ ਕੇ। ਹੁਣ ਬੀਬੀ ਦਾ ਗ਼ੁੱਸਾ ਮੇਰੇ ਵੱਲ ਹੋ ਗਿਆ ਜੋ ਉਸ ਦੇ ਚਿਹਰੇ ਤੋਂ ਸਾਫ਼ ਝਲਕਦਾ ਸੀ।
ਫ਼ਿਰ ਉਹ ਗ਼ੁੱਸੇ ‘ਚ ਬੋਲੀ, ”ਬਾਈ ਅੱਜ ਤਾਂ ਜਿਹੜਾ ਇਲਾਜ ਕਰਨਾ ਕਰ ਕੇ ਮੁੜ ਜਾ, ਫ਼ੇਰ ਨਹੀਂ ਅਸੀਂ ਤੈਥੋਂ ਇਲਾਜ ਕਰਾਉਣਾ, ਬੜਾ ਮਹਿੰਗਾ ਪੈ ਗਿਆ ਸਾਨੂੰ ਤੈਨੂੰ ਮੱਝ ‘ਤੇ ਬੁਲਾਉਣਾ।” ਮੈਂ ਵੀ ਗ਼ੁੱਸੇ ‘ਚ ਪੁੱਛਿਆ ਕਿ ਬੀਬੀ ਤੁਹਾਡਾ ਕੀ ਮਾੜਾ ਕਰਤਾ? ”ਮੈਂ ਤਾਂ ਤੁਹਾਡੀ ਮੱਝ ਨੂੰ ਬਚਾਉਣਾ ਐ।” ਉਹ ਫ਼ੇਰ ਗ਼ੁੱਸੇ ‘ਚ ਬੋਲੀ, ”ਬਾਈ 20 ਸਾਲ ਹੋ ਗਏ ਮੈਨੂੰ ਵਿਆਹੀ ਨੂੰ ਮੇਰੇ ਅੱਗੇ ਕਦੇ ਇਹਨੇ ਮੂੰਹ ਨਹੀਂ ਸੀ ਖੋਲ੍ਹਿਆ, ਅੱਜ ਤੇਰੀ ਸ਼ਹਿ ‘ਤੇ ਮੇਰੇ ਅੱਗੇ ਬੋਲਿਆ ਐ।” ਸ਼ਿੰਦਾ ਵਿਚਾਰਾ ਫ਼ੇਰ ਬੁੱਤ ਹੋ ਗਿਆ। ਮੈਂ ਇਲਾਜ ਕਰਕੇ ਤਿੰਨ ਚਾਰ ਦਿਨ ਦੀ ਦਵਾਈ ਲਿਖ ਦਿੱਤੀ।
”ਬਾਈ ਅਕਲ ਨੂੰ ਹੱਥ ਮਾਰ ਕਿ ਤੂੰ ਸਾਡੀ ਮੱਝ ਬਚਾਉਣ ਆਇਐਂ ਕਿ ਸਾਡਾ ਘਰ ਤੁੜਵਾਉਣ? ”ਉਹ ਫ਼ੇਰ ਗ਼ੁੱਸੇ ‘ਚ ਬੋਲੀ। ਸ਼ਿੰਦਾ ਵਿਚਾਰਾ ਮੈਨੂੰ ਪਾਸੇ ਲਿਜਾ ਕੇ ਬੋਲਿਆ, ”ਬਾਈ ਗੁੱਸਾ ਨਾ ਕਰੀਂ ਮੈਂ ਤਾਂ ਜੁਆਕ ਵੀ ਪਾਲਣੇ ਅ, ਜ਼ਨਾਨੀਆਂ ਨਾਲ ਹੀ ਘਰ ਬੰਦੇ ਲਈ ਆਲ੍ਹਣੇ ਹੁੰਦੇ ਆ।”
ਇਹ ਸੁਣ ਮੈਂ ਗੁੱਸੇ ‘ਚ ਮੋਟਰ-ਸਾਈਕਲ ਨੂੰ ਕਿੱਕ ਮਾਰੀ ਅਤੇ ਹੋਰ ਮਰੀਜ਼ਾਂ ਵੱਲ ਹੋ ਤੁਰਿਆ। ਦੋ ਤਿੰਨ ਦਿਨ ਬਾਅਦ ਸ਼ਿੰਦਾ ਮੇਰੇ ਦਵਾਈ ਦੇ ਪੈਸੇ ਦੇਣ ਆ ਗਿਆ ਅਤੇ ਮੱਝ ਠੀਕ ਹੋਣ ਦੀ ਖ਼ਬਰ ਵੀ ਸੁਣਾ ਗਿਆ … ਨਾਲੇ ਬਾਰ ਬਾਰ ਆਖੀ ਜਾਵੇ ਬਾਈ ਡਾਕਟਰ ਗ਼ੁੱਸਾ ਨਾ ਕਰੀਂ … ਅੱਜ ਵੀ ਇਹ ਘਟਨਾ ਚੇਤੇ ਕਰ ਕੇ ਬਹੁਤ ਹਾਸਾ ਆਉਂਦਾ ਹੈ।