ਭਾਰਤ ਦੇ ਸਵੈਮਾਣ ਖ਼ਿਲਾਫ਼ ਚੁੱਕੇ ਗਏ ਹਰ ਕਦਮ ਦਾ ਢੁੱਕਵਾਂ ਜਵਾਬ ਦੇਵਾਂਗੇ: ਰਾਜਨਾਥ ਸਿੰਘ

ਨਵੀਂ ਦਿੱਲੀ- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀਰਵਾਰ ਨੂੰ ਕਿਹਾ ਕਿ 1998 ‘ਚ ਦੇਸ਼ ਦੇ ਪਰਮਾਣੂ ਪਰੀਖਣ ਨੇ ਦੁਨੀਆ ਨੂੰ ਇਹ ਸੰਦੇਸ਼ ਦਿੱਤਾ ਕਿ ਭਾਰਤ ਭਾਵੇਂ ਹੀ ਇਕ ਸ਼ਾਂਤੀ ਪਸੰਦ ਦੇਸ਼ ਹੈ ਪਰ ਉਹ ਸਵੈਮਾਣ ਖ਼ਿਲਾਫ਼ ਚੁੱਕੇ ਗਏ ਕਿਸੇ ਵੀ ਕਦਮ ਨੂੰ ਬਰਦਾਸ਼ਤ ਨਹੀਂ ਕਰੇਗਾ। ਰਾਜਨਾਥ ਸਿੰਘ ਨੇ ਇੱਥੇ ਰਾਸ਼ਟਰੀ ਤਕਨਾਲੋਜੀ ਦਿਵਸ ਸਮਾਰੋਹ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਬਾਹਰੀ ਹਮਲਾਵਰਾਂ ਵੱਲੋਂ ਨਾਲੰਦਾ ਵਿਖੇ ਵਿੱਦਿਅਕ ਕੇਂਦਰ ਅਤੇ ਸੋਮਨਾਥ ‘ਚ ਸੱਭਿਆਚਾਰਕ ਪ੍ਰਤੀਕ ਨੂੰ ਤਬਾਹ ਕੀਤੇ ਜਾਣ ਮਗਰੋਂ ਭਾਰਤ ਨੇ ਇਤਿਹਾਸ ਤੋਂ ਸਬਕ ਸਿੱਖਿਆ ਹੈ।
ਰਾਜਨਾਥ ਸਿੰਘ ਨੇ 1998 ‘ਚ ਪੋਖਰਣ-2 ਪਰਮਾਣੂ ਪਰੀਖਣ ਦੀ 25ਵੀਂ ਵਰ੍ਹੇਗੰਢ ਮੌਕੇ ਇਕ ਸਮਾਗਮ ‘ਚ ਕਿਹਾ ਕਿ ਅਸੀਂ ਇਤਿਹਾਸ ਤੋਂ ਸਬਕ ਸਿੱਖਿਆ ਹੈ ਅਤੇ ਸੰਕਲਪ ਲਿਆ ਹੈ ਕਿ ਅਸੀਂ ਅਜਿਹੇ ਇਤਿਹਾਸ ਨੂੰ ਦੁਹਰਾਉਣ ਦੀ ਇਜਾਜ਼ਤ ਨਹੀਂ ਦੇਵਾਂਗੇ। ਰੱਖਿਆ ਮੰਤਰੀ ਨੇ ਕਿਹਾ ਕਿ ਭਾਰਤ ਦੇ ਪਰਮਾਣੂ ਪਰੀਖਣ ਨੇ ਦੁਨੀਆ ਨੂੰ ਇਹ ਸੰਦੇਸ਼ ਹੈ ਕਿ ਭਾਵੇਂ ਅਸੀਂ ਇਕ ਸ਼ਾਂਤੀ ਪਸੰਦ ਰਾਸ਼ਟਰ ਹਾਂ, ਅਸੀਂ ਨਾਲੰਦਾ ਨੂੰ ਮੁੜ ਸੜਦਾ ਨਹੀਂ ਦੇਖਾਂਗੇ। ਅਸੀਂ ਸਾਡੇ ਸੱਭਿਆਚਾਰਕ ਪ੍ਰਤੀਕ ਸੋਮਨਾਥ ਦੀ ਫਿਰ ਤੋਂ ਭੰਨਤੋੜ ਨੂੰ ਬਰਦਾਸ਼ਤ ਨਹੀਂ ਕਰਾਂਗੇ। ਸਿੰਘ ਨੇ ਕਿਹਾ ਕਿ ਅਸੀਂ ਆਪਣੇ ਸਵੈ-ਮਾਣ ਦੇ ਖਿਲਾਫ਼ ਚੁੱਕੇ ਗਏ ਹਰ ਕਦਮ ਦਾ ਢੁੱਕਵਾਂ ਜਵਾਬ ਦੇਵਾਂਗੇ। ਸਮਾਗਮ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿਗਿਆਨ ਅਤੇ ਤਕਨਾਲੋਜੀ ਮੰਤਰੀ ਜਤਿੰਦਰ ਸਿੰਘ ਅਤੇ ਦੇ ਪ੍ਰਮੁੱਖ ਵਿਗਿਆਨੀ ਵੀ ਮੌਜੂਦ ਸਨ।