ਦਰਬਾਰ ਸਾਹਿਬ ਨੇੜੇ ਹੋਏ ਧਮਾਕਿਆਂ ਨੂੰ ਲੈ ਕੇ ਜਥੇਦਾਰ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ

ਅੰਮ੍ਰਿਤਸਰ: ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਸਰਾਂ ਨੇੜੇ ਬੀਤੀ ਦਰਮਿਆਨੀ ਰਾਤ ਨੂੰ ਹੋਏ ਧਮਾਕੇ ਤੋਂ ਬਾਅਦ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਹੈ ਕਿ ਕਿਤੇ ਇਹ ਸਿੱਖ ਭਾਈਚਾਰੇ ਖ਼ਿਲਾਫ਼ ਨਫ਼ਰਤ ਦੀ ਭਾਵਨਾ ਤਹਿਤ ਕੀਤੇ ਹਮਲੇ ਤਾਂ ਨਹੀਂ। ਜੋ ਮੁਲਜ਼ਮ ਫੜੇ ਗਏ ਹਨ ਉਨ੍ਹਾਂ ਦੀ ਜਾਂਚ ਪੜਤਾਲ ਕੀਤੀ ਜਾਣੀ ਚਾਹੀਦੀ ਹੈ ਕਿ ਇਨ੍ਹਾਂ ਪਿੱਛੇ ਕਿਹੜੀਆਂ ਤਾਕਤਾਂ ਹਨ। ਉਨ੍ਹਾਂ ਕਿਹਾ ਕਿ ਕਿਤੇ ਨਾ ਕਿਤੇ ਪਿਛਲੇ ਦਿਨੀਂ ਜੋ ਦਰਬਾਰ ਸਾਹਿਬ ਪ੍ਰਤੀ ਨਫ਼ਰਤ ਦਾ ਮਾਹੌਲ ਸਿਰਜਿਆ ਗਿਆ ਕਿਤੇ ਇਹ ਧਮਾਕੇ ਉਸ ਦਾ ਸਿੱਟਾ ਤਾਂ ਨਹੀਂ ਹਨ। ਇਸ ਦੀ ਗਹਿਰਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਸਾਜ਼ਿਸ਼ਕਰਤਾ ਬੇਨਕਾਬ ਹੋ ਸਕਣ ਤੇ ਕੋਈ ਵੀ ਅਜਿਹੀ ਘਟਨਾ ਨੂੰ ਅੰਜਾਮ ਦੇਣ ਬਾਰੇ ਸੋਚੇ ਵੀ ਨਾ।
ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਪੰਜਾਬ ਦੇ ਮਾਹੌਲ ਨੂੰ ਖ਼ਰਾਬ ਕਰਨ ਦੀ ਸਾਜ਼ਿਸ਼ ਹੋ ਸਕਦੀਆਂ ਹਨ। ਉਨ੍ਹਾਂ ਡੂੰਘੀ ਚਿੰਤਾ ਜਤਾਉਂਦਿਆਂ ਕੇਂਦਰੀ ਏਜੰਸੀਆਂ ਨੂੰ ਡੂੰਘਾਈ ਨਾਲ ਮਾਮਲੇ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਏ ਧਮਾਕੇ ਕਿਸੇ ਗਹਿਰੀ ਸਾਜ਼ਿਸ਼ ਤੇ ਵੋਟ ਧਰੁਵੀਕਰਨ ਦੀ ਸਿਆਸਤ ਦੇ ਚੱਲਦਿਆਂ ਸਿੱਖਾਂ ਖ਼ਿਲਾਫ਼ ਨਫ਼ਰਤੀ ਪ੍ਰਚਾਰ ਦਾ ਸਿਰਜਿਆ ਜਾ ਰਿਹਾ ਬਿਰਤਾਂਤ ਤਾਂ ਨਹੀਂ ਹੈ, ਇਸ ਗੱਲ ਦੀ ਵੀ ਪੜਤਾਲ ਹੋਣੀ ਚਾਹੀਦੀ ਹੈ। ਪੰਜਾਬ ਸਰਕਾਰ ਤੇ ਪੁਲਸ ਨੂੰ ਅਪੀਲ ਕਰਦਿਆਂ ਜਥੇਦਾਰ ਨੇ ਕਿਹਾ ਕਿ ਇਸ ਮਾਮਲੇ ਨੂੰ ਪੂਰੀ ਗੰਭੀਰਤਾ ਨਾਲ ਲਿਆ ਜਾਵੇ ਤਾਂ ਜੋ ਸਾਜ਼ਿਸ਼ਕਰਤਾਵਾਂ ਦੀ ਪਰਦਾਫਾਸ਼ ਹੋ ਸਕੇ।
ਜ਼ਿਕਰਯੋਗ ਹੈ ਕਿ ਪਿਛਲੇ 5 ਦਿਨਾਂ ਵਿਚ ਦਰਬਾਰ ਸਾਹਿਬ ਨੇੜੇ ਧਮਾਕਾ ਹੋਣ ਦੀ ਇਹ ਤੀਜੀ ਘਟਨਾ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਰਾਤ ਤੇ ਸੋਮਵਾਰ ਸਵੇਰ ਨੂੰ ਹੈਰੀਟੇਜ ਸਟਰੀਟ ਨੇੜੇ 2 ਧਮਾਕੇ ਹੋਏ ਸਨ। ਉਧਰ ਇਸ ਮਾਮਲੇ ਸਬੰਧੀ ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕੇ ਮਾਮਲੇ ‘ਚ 5 ਵਿਅਕਤੀ ਗ੍ਰਿਫ਼ਤਾਰ ਕੀਤੇ ਗਏ ਹਨ। ਆਜ਼ਾਦ ਵੀਰ ਸਿੰਘ, ਵਡਾਲਾ ਕਲਾਂ ਜ਼ਿਲ੍ਹਾ ਅੰਮ੍ਰਿਤਸਰ, ਅਮਰੀਕ ਸਿੰਘ ਪਿੰਡ ਆਦੀਆਂ ਜ਼ਿਲ੍ਹਾ ਗੁਰਦਾਸਪੁਰ, ਸਾਹਿਬ ਸਿੰਘ ਗੇਟ ਹਕੀਮਾਂ ਅੰਮ੍ਰਿਤਸਰ, ਹਰਜੀਤ ਸਿੰਘ ਮਜੀਠਾ ਰੋਡ ਅੰਮ੍ਰਿਤਸਰ ਅਤੇ ਧਰਮਿੰਦਰ ਸਿੰਘ ਮਜੀਠਾ ਰੋਡ ਅੰਮ੍ਰਿਤਸਰ ਨੂੰ ਇਸ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਡੀ.ਜੀ.ਪੀ. ਨੇ ਧਮਾਕਿਆਂ ਦੇ ਮਾਮਲ ਨੂੰ ਹੱਲ ਕਰਨ ਦਾ ਦਾਅਵਾ ਕੀਤਾ ਗਿਆ ਹੈ।