ਤੁਰ ਗਿਆ ਸਾਡਾ ਬਾਈ ਬੂਟਾ ਸਿੰਘ ਸ਼ਾਦ

ਸ਼ਿਵਚਰਨ ਜੱਗੀ ਕੁੱਸਾ
ਮੌਤ ਕਿਸੇ ਦੀ ਮਿੱਤ ਨਹੀਂ। ਮੌਤ ਅਟੱਲ ਹੈ ਅਤੇ ਸਮਾਂ ਆਉਣ ‘ਤੇ ਹਰ ਇੱਕ ਨੂੰ ਆ ਟੱਕਰਨੀ ਹੈ। ਸਕੂਲ ਪੜ੍ਹਦੇ ਸਮੇਂ ਬਾਈ ਬੂਟਾ ਸਿੰਘ ਸ਼ਾਦ ਦਾ ਨਾਵਲ ਕੁੱਤਿਆਂ ਵਾਲੇ ਸਰਦਾਰ ਹੱਥ ਲੱਗਿਆ ਤਾਂ ਇੱਕ ਬੈਠਕ ‘ਚ ਹੀ ਪੜ੍ਹ ਦਿੱਤਾ। ਨਾਵਲ ਦੇ ਪਿੱਛੇ ਲੱਗੀ ਫ਼ੋਟੋ ਨੂੰ ਬੜੇ ਗਹੁ ਅਤੇ ਰੀਝ ਨਾਲ ਦੇਖਿਆ ਅਤੇ ਰਸ਼ਕ ਕੀਤਾ ਕਿ ਰੱਬ ਨੇ ਇਸ ਬੰਦੇ ਨੂੰ ਕਿੱਡਾ ਸੂਝਵਾਨ ਦਿਮਾਗ਼ ਅਤੇ ਕੀ ਅਦੁਤੀ ਗੁਣ ਬਖਸ਼ਿਐ। ਖ਼ੁਦ ਮੇਰੇ ਦਿਲ ‘ਚ ਆਇਆ ਕਿ ਕਦੇ ਮੈਂ ਵੀ ਅਜਿਹਾ ਨਾਵਲ ਲਿਖੂੰਗਾ … ਕੁੱਤਿਆਂ ਵਾਲੇ ਸਰਦਾਰ ਤੋਂ ਬਾਅਦ ਉਹਨਾਂ ਦਾ ਜਿਹੜਾ ਵੀ ਨਾਵਲ ਮਾਰਕੀਟ ‘ਚ ਆਇਆ, ਪੜ੍ਹਿਆ। ਇਸੇ ਤਰ੍ਹਾਂ ਬਾਈ ਸ਼ਾਦ ਲਿਖਦਾ ਰਿਹਾ, ਅਤੇ ਮੈਂ ਪੜ੍ਹਦਾ ਰਿਹਾ। ਉਸ ਤੋਂ ਬਾਅਦ ਸਾਡੀ ਗੱਲਬਾਤ ਸ਼ੁਰੂ ਹੋਈ ਅਤੇ ਫ਼ਿਰ ਇਹ ਗੱਲ-ਬਾਤ ਯਾਰੀ ‘ਚ ਬਦਲੀ। ਸ਼ਾਦ ਬੜਾ ਖ਼ੁਸ਼ਦਿਲ, ਰੰਗੀਲਾ, ਦਿਲਦਾਰ, ਯਾਰਾਂ ਦਾ ਯਾਰ, ਕਲਮ ਦਾ ਧਨੀ ਅਤੇ ਲਿਖਣ ਕਲਾ ਦਾ ਮਾਂਦਰੀ ਸੀ। ਮੁੰਬਈ ‘ਚ ਉਸ ਨੇ ਬਰਾੜ ਪ੍ਰੋਡਕਸ਼ਨਜ਼ ਸਥਾਪਿਤ ਕਰ ਕੇ ਨਿਸ਼ਾਨ ਵਰਗੀਆਂ ਹਿੰਦੀ ਫ਼ਿਲਮਾਂ ਬਣਾਈਆਂ। ਇਸ ਫ਼ਿਲਮ ਤੋਂ ਬਾਅਦ ਅਮਰੀਸ਼ ਪੁਰੀ ਵਰਗੇ ਨਿਪੁੰਨ ਕਲਾਕਾਰ ਨੂੰ ਵੀ ਵਪਾਰਕ ਫ਼ਿਲਮਾਂ ਮਿਲਣ ਲੱਗੀਆਂ ਕਿਉਂਕਿ ਉਹ ਪਹਿਲਾਂ ਆਰਟ ਫ਼ਿਲਮਾਂ ਹੀ ਕਰਦੇ ਸਨ।
ਪਰ 2016 ਤੋਂ ਬਾਅਦ ਬਾਈ ਬੂਟਾ ਸਿੰਘ ਸ਼ਾਦ ਨੇ ਫ਼ੌਲਾਦੀ ਚੁੱਪ ਧਾਰੀ ਹੋਈ ਸੀ। ਉਸ ਦੇ ਬਾਈਪਾਸ ਔਪ੍ਰੇਸ਼ਨ ਅਤੇ ਸ਼ੂਗਰ ਦੀ ਨਾਮੁਰਾਦ ਬੀਮਾਰੀ ਨੇ ਉਸ ਦੇ ਸ਼ਰੀਰ ਨੂੰ ਚਰ ਲਿਆ ਸੀ, ਅਤੇ ਉਹ ਦੁਆਈਆਂ ਆਸਰੇ ਹੀ ਦਿਨ ਕਟੀ ਕਰ ਰਿਹਾ ਸੀ। ਬਾਈ ਸ਼ਾਦ ਦਾ ਜਨਮ 12 ਨਵੰਬਰ 1943 ਨੂੰ ਪਿੰਡ ਦਾਨ ਸਿੰਘ ਵਾਲਾ, ਜਿਲ੍ਹਾ ਬਠਿੰਡਾ, ‘ਚ ਹੋਇਆ ਸੀ। ਸ਼ਾਦ ਨੇ ਅੰਗਰੇਜ਼ੀ ਦੀ MA ਕਰਨ ਤੋਂ ਬਾਅਦ ਪ੍ਰੋਫ਼ੈਸਰੀ ਵੀ ਕੀਤੀ, ਪਰ ਫ਼ਿਲਮੀਂ ਲਗਨ ਉਸ ਨੂੰ ਖਿੱਚ ਕੇ ਮੁੰਬਈ ਲੈ ਗਈ। ਉੱਥੇ ਉਸ ਨੇ 1970 ‘ਚ ਹਿੰਦੀ ਫ਼ਿਲਮ ਕੋਰਾ ਬਦਨ ਅਤੇ ਪੰਜਾਬੀ ਫ਼ਿਲਮ ਮੈਂ ਪਾਪੀ ਤੂੰ ਬਖਸ਼ਣਹਾਰ ‘ਚ ਬਤੌਰ ਹੀਰੋ ਕੰਮ ਕੀਤਾ। ਉਸ ਦਾ ਸਕਰੀਨ ਨਾਂ ਹਰਿੰਦਰ ਸੀ ਜੋ ਬਾਅਦ ‘ਚ ਨਿਰਮਾਤਾ ਤੌਰ ‘ਤੇ ਬੀ.ਐੱਸ.ਸ਼ਾਦ ‘ਚ ਤਬਦੀਲ ਹੋ ਗਿਆ, ਅਤੇ ਮੁੰਬਈ ਦੀ ਫ਼ਿਲਮ ਨਗਰੀ ‘ਚ ਨਾਂਵਾਂ ਦੀ ਤਬਦੀਲੀ ਇੱਕ ਆਮ ਗੱਲ ਹੈ।
ਬਾਈ ਬੂਟਾ ਸਿੰਘ ਸ਼ਾਦ ਇੱਕ ਪੂਰਾ ਧੱਕੜ ਨਾਵਲਕਾਰ ਸੀ। ਨਾਵਲਾਂ ਦੇ ਨਾਲ-ਨਾਲ ਉਸ ਨੇ ਮਿੱਤਰ ਪਿਆਰੇ ਨੂੰ, ਕੁੱਲੀ ਯਾਰ ਦੀ ਅਤੇ ਗਿੱਧਾ ਵਰਗੀਆਂ ਫ਼ਿਲਮਾਂ ਦਾ ਨਿਰਮਾਣ ਵੀ ਕੀਤਾ। ਮਸ਼ਹੂਰ ਗਾਇਕ ਮੁਹੰਮਦ ਸਦੀਕ, ਮਿਹਰ ਮਿੱਤਲ, ਗਾਇਕਾ ਰਣਜੀਤ ਕੌਰ ਅਤੇ ਗੁਰਚਰਨ ਪੋਹਲੀ ਨੂੰ ਫ਼ਿਲਮਾਂ ‘ਚ ਲਿਆਉਣ ਵਾਲਾ ਬੂਟਾ ਸਿੰਘ ਸ਼ਾਦ ਹੀ ਸੀ। ਸਰਦਾਰ ਬਾਬੂ ਸਿੰਘ ਮਾਨ, ਮਰਾੜਾਂ ਵਾਲੇ ਨੇ ਵੀ ਬੂਟਾ ਸਿੰਘ ਸ਼ਾਦ ਸਦਕਾ ਹੀ ਫ਼ਿਲਮ ਇੰਡਸਟਰੀ ‘ਚ ਪੈਰ ਰੱਖਿਆ। ਬਾਈ ਸ਼ਾਦ ਦੇ ਖ਼ੁਦ ਦੱਸਣ ਅਨੁਸਾਰ ਉਸ ਨੇ ਅੱਧੀ ਰਾਤ ਪਹਿਰ ਦਾ ਤੜਕਾ ਨਾਵਲ ਸਿਰਫ਼ ਸੋਲਾਂ ਦਿਨਾਂ ‘ਚ ਪੂਰਾ ਕਰ ਲਿਆ ਸੀ ਅਤੇ ਬਾਕੀ ਦੇ ਨਾਵਲ ਉਸ ਨੇ ਇੱਕ ਹਫ਼ਤੇ ਦੇ ਵਿੱਚ-ਵਿੱਚ ਹੀ ਪੂਰੇ ਕਰ ਕੇ ਪਬਲਿਸ਼ਰ ਦੇ ਹੱਥ ਦੇ ਦਿੱਤੇ ਸਨ। ਉਹਨਾਂ ਦੇ ਹੀ ਦੱਸਣ ਅਨੁਸਾਰ, ਕੁੱਤਿਆਂ ਵਾਲੇ ਸਰਦਾਰ ਨਾਵਲ ਉਹਨਾਂ ਨੇ ਸਿਰਫ਼ ਚਾਰ ਦਿਨ ‘ਚ ਲਿਖ ਮਾਰਿਆ ਸੀ ਜਿਸ ਨੇ ਬੇਥਾਹ ਪ੍ਰਸਿੱਧੀ ਹਾਸਲ ਕੀਤੀ।
ਬਾਈ ਬੂਟਾ ਸਿੰਘ ਸ਼ਾਦ ਧਰਤੀ ਨਾਲ ਜੁੜਿਆ ਇੱਕ ਮਨੁੱਖ ਸੀ। ਕਿਸੇ ਮਾਣ-ਸਨਮਾਨ ਲਈ ਉਸ ਨੇ ਨਾ ਤਾਂ ਝਾਕ ਰੱਖੀ ਅਤੇ ਨਾ ਹੀ ਕਿਸੇ ਅੱਗੇ ਹੱਥ ਜੋੜੇ। ਉਹ ਬੱਸ ਤਿਆਰ-ਬਰ-ਤਿਆਰ ਇੱਕ ਸਿੰਘ ਵਾਂਗ ਇਕੱਲਾ ਹੀ ਕਾਫ਼ਿਲਾ ਬਣ ਨਿਰੰਤਰ ਤੁਰਦਾ ਰਿਹਾ। ਉਸ ਨੂੰ ਇਸ ਗੱਲ ਦਾ ਰੋਸਾ ਜ਼ਰੂਰ ਸੀ ਕਿ ਉਸ ਦੇ ਨਾਵਲਾਂ ਦੀ ਇਤਨੀ ਵਿਕਰੀ ਹੋਣ ਦੇ ਬਾਵਜੂਦ ਵੀ ਕਿਸੇ ਸੰਸਥਾ ਨੇ ਉਸ ਦਾ ਨੋਟਿਸ ਨਹੀਂ ਲਿਆ ਅਤੇ ਪੰਜਾਬੀ ਨਾਵਲ ਅਤੇ ਪੰਜਾਬੀ ਕਹਾਣੀ ਦੇ ਇਤਿਹਿਾਸ ‘ਚ ਕੋਈ ਜ਼ਿਕਰਯੋਗ ਸਥਾਨ ਨਹੀਂ ਦਿੱਤਾ ਗਿਆ। ਉਹ ਅਕਸਰ ਕਿਹਾ ਕਰਦੇ ਸਨ ਕਿ ਮਾਣ-ਸਨਮਾਨ ਚਮਚਾਗਿਰੀ ਕਰ ਕੇ ਮਿਲਦੇ ਨੇ ਅਤੇ ਜਾਂ ਯਾਰੀਆਂ ਪੁਗਾਉਣ ਲਈ ਦਿੱਤੇ ਜਾਂਦੇ ਹਨ। ਪਰ ਸ਼ਾਦ ਦੀ ਜ਼ਮੀਰ ਫ਼ੌਲਾਦੀ ਸੀ, ਉਸ ਨੇ ਨਾ ਤਾਂ ਕਦੇ ਕਿਸੇ ਦੀ ਚਮਚਾਗਿਰੀ ਕੀਤੀ ਅਤੇ ਨਾ ਹੀ ਮਾਣ-ਸਨਮਾਨ ਦੇ ਲਾਲਚ ਕਰ ਕੇ ਕਿਸੇ ਨਾਲ ਨੇੜਤਾ ਗੰਢੀ। ਉਸ ਦੇ ਪਾਠਕਾਂ ਅਤੇ ਪ੍ਰਸ਼ੰਸਕਾਂ ਨੇ ਹੀ ਉਸ ਨੂੰ ਬਾਂਹਾਂ ‘ਤੇ ਚੁੱਕੀ ਰੱਖਿਆ। ਇਹ ਸ਼ਾਦ ਲਈ ਇੱਕ ਬਹੁਤ ਵੱਡਾ ਸਨਮਾਨ ਸੀ ਜੋ ਚਮਚਾਗਿਰੀ ਕਰਨ ਵਾਲਿਆਂ ਜਾਂ ਸ਼ਿਫ਼ਾਰਸ਼ੀ ਬੰਦਿਆਂ ਦੇ ਕਦੇ ਹਿੱਸੇ ਨਹੀਂ ਆਉਂਦਾ। ਅਜਿਹੇ ਮਾਣ-ਸਨਮਾਨ ਵੀ ਸਿਰਫ਼ ਅਤੇ ਸਿਰਫ਼ ਸ਼ਾਦ ਵਰਗੇ ਬੰਦਿਆਂ ਦੇ ਨਸੀਬਾਂ ‘ਚ ਲਿਖੇ ਹੁੰਦੇ ਨੇ। ਉਸ ਦੇ ਆਲੋਚਕ ਚਾਹੇ ਲੱਖ ਉਸ ਦੀਆਂ ਲਿਖਤਾਂ ਉੱਪਰ ਉਂਗਲੀ ਚੁੱਕਣ, ਪਰ ਇਹ ਕੱਚ ਵਰਗਾ ਸੱਚ ਹੈ ਕਿ ਅੱਜ ਵੀ ਸ਼ਾਦ ਦੇ ਨਾਵਲਾਂ ਦੇ ਪਾਠਕ ਹਜ਼ਾਰਾਂ ਨਹੀਂ, ਲੱਖਾਂ ਦੀ ਗਿਣਤੀ ‘ਚ ਹਨ।
ਇੱਕ ਵਾਰ ਮੈਂ ਪੁੱਛਿਆ, ”ਬਾਈ ਇਹ ਸ਼ਾਦ ਦਾ ਮਤਲਬ ਕੀ ਹੁੰਦੈ ਤਾਂ ਕਹਿਣ ਲੱਗੇ ਸ਼ਾਦ ਦਾ ਮਤਲਬ ਖ਼ੁਸ਼ੀ, ਅਰਥਾਤ ਖ਼ੁਸ਼ ਰਹਿਣ ਵਾਲਾ। ਵੈਸੇ ਸ਼ਾਦ ਦਾ ਖ਼ਾਨਦਾਨੀ ਗੋਤ ਬਰਾੜ ਸੀ। ਚਾਹੇ ਬਾਈ ਸ਼ਾਦ ਨੇ ਸਾਰੀ ਉਮਰ ਇਕੱਲਿਆਂ ਨੇ ਹੀ ਬਿਤਾਈ, ਮਤਲਬ ਸ਼ਾਦੀ ਨਹੀਂ ਕੀਤੀ, ਉਸ ਦਾ ਸਮੁੰਦਰ ਕਿਨਾਰੇ ਵਰਸੋਵਾ ਵਾਲਾ ਫ਼ਲੈਟ ਪੰਜਾਬੀਆਂ ਦਾ ਮੱਕਾ ਸੀ। ਇਸ ਫ਼ਲੈਟ ‘ਚ ਹਰ ਰਾਤ ਖ਼ੂਬ ਮਹਿਫ਼ਲਾਂ ਸੱਜਦੀਆਂ। ਸ਼ਾਦ ਦੇ ਨਾ ਮੁੱਕਣ ਵਾਲੇ ਲਤੀਫ਼ੇ ਵੱਖੀਆਂ ਤੁੜਾਉਂਦੇ। ਸ਼ਾਦ ਇੱਕ ਖੁੱਲ੍ਹੀ ਕਿਤਾਬ ਵਰਗਾ ਬੰਦਾ ਸੀ। ਉਹ ਦਿਲ ਦੀ ਹਰ ਗੱਲ ਆਪਣੇ ਦੋਸਤਾਂ ਮਿੱਤਰਾਂ ਨਾਲ ਬੇਬਾਕ ਅਤੇ ਬੇਝਿਜਕ ਸਾਂਝੀ ਕਰਦਾ। ਪਰ ਮੇਰੇ ਬਾਰ-ਬਾਰ ਪੁੱਛਣ ‘ਤੇ ਵੀ ਉਸ ਨੇ ਇੱਕ ਗੱਲ ਸਾਲਾਂ ਬੱਧੀ ਹਰ ਕਿਸੇ ਤੋਂ ਗੁੱਝੀ ਰੱਖੀ। ਉਹ ਇਹ ਸੀ ਕਿ ਉਸ ਦੇ ਪਹਿਲੇ ਨਾਵਲ ਕੁੱਤਿਆਂ ਵਾਲੇ ਸਰਦਾਰ ਦੀ ਯਾਰ ਮੈਡਮ ਕੌਣ ਸੀ? ਇਹ ਰਹੱਸ ਬਾਈ ਬੂਟਾ ਸਿੰਘ ਸ਼ਾਦ ਆਪਣੇ ਨਾਲ ਹੀ ਲੈ ਗਿਆ। ਜਦ ਵੀ ਇਸ ਵਿਸ਼ੇ ‘ਤੇ ਗੱਲ ਹੋਣੀ, ਉਸ ਨੇ ਪੋਲਾ ਜਿਹਾ ਹੱਸ ਕੇ ਹੀ ਸਾਰ ਦੇਣਾ ਅਤੇ ਨਜ਼ਰ ਚੁਰਾ ਲੈਣੀ। ਇੱਕ ਮੰਨਣਯੋਗ ਗੱਲ ਹੈ ਕਿ ਹਰ ਮੋੜ ‘ਤੇ ਹਾਦਸਾ ਤੁਹਾਨੂੰ ਵੰਗਾਰ ਬਣ ਕੇ ਟੱਕਰਦੈ, ਪਰ ਬਚ ਕੇ ਤੁਸੀਂ ਆਪ ਅੱਗੇ ਨਿਕਲਣਾ ਹੁੰਦੈ। ਉਹੀ ਅਣਹੋਣੀ ਬੀਤੇ ਹਫ਼ਤੇ ਬੀਤ ਗਈ ਜਿਸ ਤੋਂ ਬਚਾਅ ਨਾ ਹੋ ਸਕਿਆ। 3 ਮਈ 2023 ਨੂੰ ਸ਼ਾਦ ਸਾਹਿਬ ਨੇ ਆਖ਼ਰੀ ਸਾਹ ਲਿਆ ਅਤੇ ਇਸ ਫ਼ਾਨੀ ਜਹਾਨ ਨੂੰ ਆਖ਼ਰੀ ਫ਼ਤਹਿ ਬੁਲਾ ਗਏ। ਅਲਵਿਦਾ ਬਾਈ ਸ਼ਾਦ! ਲੋਕਾਂ ਦੇ ਦਿਲਾਂ ‘ਤੇ ਰਾਜ ਕਰਨ ਵਾਲੇ ਕਦੇ ਮਰਦੇ ਨਹੀਂ ਹੁੰਦੇ। ਤੁਸੀਂ ਹਮੇਸ਼ਾ ਸਾਡੇ ਦਿਲਾਂ ‘ਚ ਜੀਵਿਤ ਰਹੋਂਗੇ।