ਸ਼੍ਰੀਨਗਰ – ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ‘ਚ ਬੁੱਧਵਾਰ ਨੂੰ ਸੁਰੱਖਿਆ ਫ਼ੋਰਸਾਂ ਨੇ ਲਸ਼ਕਰ-ਏ-ਤੋਇਬਾ ਦੇ ਅੱਤਵਾਦੀਆਂ ਦੇ 2 ਸਹਿਯੋਗੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ‘ਚੋਂ ਇਕ ਆਈ.ਈ.ਡੀ. ਸਮੇਤ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਕੀਤਾ ਹੈ। ਪੁਲਸ ਦੇ ਇਕ ਬੁਲਾਰੇ ਨੇ ਕਿਹਾ ਕਿ ਸੁਰੱਖਿਆ ਫ਼ੋਰਸਾਂ ਨੇ ਉੱਤਰੀ ਕਸ਼ਮੀਰ ਜ਼ਿਲ੍ਹੇ ਦੇ ਸੋਪੋਰ ‘ਚ ਸੈਦਪੋਰਾ ਬਾਈਪਾਸ ਖੇਤਰ ਕੋਲ 2 ਸ਼ੱਕੀ ਵਿਅਕਤੀਆਂ ਦੇ ਮੌਜੂਦ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਘੇਰਾਬੰਦੀ ਕਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਉਨ੍ਹਾਂ ਦੱਸਿਆ ਕਿ ਮੁਹਿੰਮ ਦੌਰਾਨ ਘੇਰਾ ਤੋੜਨ ਦੀ ਕੋਸ਼ਿਸ਼ ਕਰ ਕੇ ਦੌੜ ਰਹੇ 2 ਲੋਕਾਂ ਨੂੰ ਫੜਿਆ ਗਿਆ।
ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਦੀ ਪਛਾਣ ਸੈਦਪੋਰਾ ਦੇ ਬਹਿਲ ਮੁਹੱਲਾ ਵਾਸੀ ਕੈਸਰ ਮੰਜੂਰ ਮੀਰ ਅਤੇ ਸ਼ਾਲਪੋਰਾ ਦੇ ਰਹਿ ਵਾਲੇ ਮੁਜ਼ੱਫਰ ਮਜੀਦ ਮੀਰ ਵਜੋਂ ਹੋਈ ਹੈ। ਬੁਲਾਰੇ ਨੇ ਕਿਹਾ ਕਿ ਪੁੱਛ-ਗਿਇੱਛ ਦੌਰਾਨ, ਦੋਵੇਂ ਗ੍ਰਿਫ਼ਤਾਰ ਲੋਕਾਂ ਨੇ ਕਬੂਲ ਕੀਤਾ ਕਿ ਉਹ ਸੋਪੋਰ ਦੇ ਬ੍ਰਥ ਕਲਾਂ ਦੇ ਸਥਾਨਕ ਸਰਗਰਮ ਅੱਤਵਾਦੀ ਬਿਲਾਲ ਅਹਿਮ ਮੀਰ ਦੇ ਸਹਿਯੋਗੀਆਂ ਵਜੋਂ ਕਰ ਰਹੇ ਸਨ, ਜੋ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ ਨਾਲ ਜੁੜਿਆ ਹੋਇਆ ਹੈ। ਬੁਲਾਰੇ ਨੇ ਕਿਹਾ ਕਿ ਉਨ੍ਹਾਂ ਦੇ ਕਬਜ਼ੇ ‘ਚੋਂ ਪਿਸਤੌਲ ਦੀਆਂ 15 ਗੋਲੀਆਂ, ਏ.ਕੇ.-47 ਦੀਆਂ 25 ਗੋਲੀਆਂ, ਇਕ ਆਈ.ਈ.ਡੀ. ਅਤੇ 2 ਹੱਥਗੋਲੇ ਆਦਿ ਬਰਾਮਦ ਕੀਤੇ ਗਏ। ਉਨ੍ਹਾਂ ਕਿਹਾ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।