ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1488

ਭਵਿੱਖ ਦੇ ਕੁਝ ਹਿੱਸੇ ਪੱਥਰ ‘ਚ ਖੁਦੇ ਹੁੰਦੇ ਹਨ, ਅਤੇ ਦੂਸਰੇ ਕੇਵਲ ਪੈਨਸਿਲ ਨਾਲ ਉੱਕਰੇ। ਪੈਨਸਿਲ ਨਾਲ ਕੁਝ ਵੀ ਲਿਖਿਆ ਜਾ ਸਕਦਾ ਹੈ, ਜਾਂ ਉਸ ਨਾਲ ਲਿਖੇ ਹੋਏ ਨੂੰ ਮਿਟਾਇਆ ਵੀ ਜਾ ਸਕਦਾ ਹੈ। ਪਰ ਵਧੇਰੇ ਠੋਸ ਚੀਜ਼ਾਂ ਬਦਲਣੀਆਂ ਔਖੀਆਂ ਹੁੰਦੀਆਂ ਹਨ। ਇਹ ਸਭ ਕੁਝ ਕਹਿਣ ਵਾਲੇ ਲੋਕਾਂ ਨਾਲ ਆਖ਼ਿਰ ਮਸਲਾ ਕੀ ਹੈ? ਕੀ ਉਹ ਕਦੇ ਤਾਜ ਮਹਿਲ ਦੇਖਣ ਨਹੀਂ ਗਏ? ਬਿਲਕੁਲ ਮੁਮਕਿਨ ਹੈ, ਨਾ ਕੇਵਲ ਪੱਥਰਾਂ ਦੇ ਛੋਟੇ-ਛੋਟੇ ਟੁਕੜਿਆਂ ਦੀ ਓਦੋਂ ਤਕ ਕਟਾਈ ਕਰਦੇ ਰਹਿਣਾ ਜਦੋਂ ਤਕ ਤੁਸੀਂ ਉਨ੍ਹਾਂ ਨੂੰ ਆਪਣੀ ਮਰਜ਼ੀ ਮੁਤਾਬਿਕ ਨਾ ਢਾਲ ਲਵੋ ਸਗੋਂ ਸੰਗਮਰਮਰ ਦੇ ਅਜਿਹੇ ਟੁਕੜਿਆਂ ਉੱਪਰ ਦਰਜ ਸੁਨੇਹਿਆਂ ਨੂੰ ਬਦਲਣਾ ਵੀ। ਅਜਿਹਾ ਕਰਨ ‘ਚ ਸਿਰਫ਼ ਥੋੜ੍ਹਾ ਵਾਧੂ ਜ਼ੋਰ ਲਗਦਾ ਹੈ। ਬੱਸ ਇੰਨਾ ਚੇਤੇ ਰੱਖਿਓ!
ਮੈਨੂੰ ਉਨ੍ਹਾਂ ਸਾਰਿਆਂ ਵਲੋਂ ਤੁਹਾਡੇ ਨਾਲ ਗੱਲ ਕਰਨ ਲਈ ਆਖਿਆ ਗਿਆ ਹੈ ਜਿਹੜੇ ਤੁਹਾਡੇ ‘ਤੇ ਦਬਾਅ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਤੁਹਾਡੀਆਂ ਚੋਣਾਂ ਨੂੰ ਸੁੰਗੇੜਨ ਲਈ ਇਕਮੁਠ ਹੋ ਚੁੱਕੇ ਹਨ, ਪਰ ਤੁਸੀਂ ਹਾਲੇ ਵੀ ਉਹੀ ਕਰਨ ‘ਤੇ ਦ੍ਰਿੜ ਲਗਦੇ ਹੋ ਜੋ ਤੁਸੀਂ ਕਰਨਾ ਚਾਹੁੰਦੇ ਹੋ। ਤੁਸੀਂ ਆਪਣੇ ਆਪ ਨੂੰ ਸਮਝਦੇ ਕੀ ਹੋ? ਕੀ ਤੁਹਾਨੂੰ ਪਤੈ ਕਿ ਤੁਹਾਡੀ ਜ਼ਿੰਦਗੀ ਦਾ ਮਕਸਦ ਉਨ੍ਹਾਂ ਸਾਰੇ ਦੂਸਰੇ ਲੋਕਾਂ ਨੂੰ ਖ਼ੁਸ਼ ਰੱਖਣਾ ਹੈ ਜਿਹੜੇ ਉਸ ਵਿੱਚ ਮੌਜੂਦ ਹਨ? ਤੁਸੀਂ ਸਿਆਣੇ ਬਣ ਕੇ ਉਸ ਦਿਸ਼ਾ ‘ਚ ਕਿਉਂ ਨਹੀਂ ਤੁਰਦੇ ਜਿਸ ‘ਚ ਤੁਹਾਨੂੰ ਇਸ ਵਕਤ ਧੱਕਿਆ ਜਾ ਰਿਹਾ ਹੈ? ਉਹ ਗੱਠਜੋੜ ਇਸ ਲਈ ਵੀ ਚਿੰਤਤ ਹੈ ਕਿਉਂਕਿ, ਜੇ ਤੁਸੀਂ ਕੁਝ ਚਿਰ ਇੰਝ ਹੀ ਡਟੇ ਰਹਿਣ ‘ਚ ਕਾਮਯਾਬ ਹੋ ਗਏ, ਉਹ ਤੁਹਾਡੇ ‘ਤੇ ਬਣਾਈ ਆਪਣੀ ਸਾਰੀ ਬੜ੍ਹਤ ਵੀ ਗੁਆ ਸਕਦਾ ਹੈ!
ਅਸੀਂ ਅਕਸਰ ਉਨ੍ਹਾਂ ਲੋਕਾਂ ਨੂੰ ਹੀ ਤਕਲੀਫ਼ ਕਿਉਂ ਪਹੁੰਚਾਉਂਦੇ ਹਾਂ ਜਿਨ੍ਹਾਂ ਨੂੰ ਅਸੀਂ ਪਿਆਰ ਕਰਦੇ ਹਾਂ? ਕਿਉਂਕਿ ਇਹ ਉਨ੍ਹਾਂ ਲੋਕਾਂ ਨੂੰ ਦਰਦ ਦੇਣ ਨਾਲੋਂ ਵਧੇਰੇ ਸੌਖਾ ਹੁੰਦੈ ਜਿਨ੍ਹਾਂ ਨੂੰ ਅਸੀਂ ਖ਼ਾਸਤੌਰ ‘ਤੇ ਪਸੰਦ ਨਹੀਂ ਕਰਦੇ। ਆਮ ਤੌਰ ‘ਤੇ, ਸਾਡੀ ਉਨ੍ਹਾਂ ਤਕ ਪਹੁੰਚ ਹੀ ਨਹੀਂ ਹੁੰਦੀ। ਜੇਕਰ ਅਸੀਂ ਉਨ੍ਹਾਂ ਨੂੰ ਕੋਈ ਮੰਦੀ ਗੱਲ ਕਹਿ ਵੀ ਸਕਦੇ ਹੋਈਏ, ਇਸ ਗੱਲ ਦੇ ਇਮਕਾਨ ਬਹੁਤ ਘੱਟ ਹਨ ਕਿ ਉਹ ਉਸ ਨੂੰ ਗੰਭੀਰਤਾ ਨਾਲ ਲੈਣਗੇ, ਭਾਵੇਂ ਉਹ ਉਸ ਨੂੰ ਸੁਣ ਸਕਦੇ ਹੋਣ। ਇਸ ਵਕਤ ਤੁਹਾਡੇ ਸੰਸਾਰ ‘ਚ, ਉਸ ਜਗ੍ਹਾ ‘ਤੇ ਤਨਾਅ ਹੈ ਜਿੱਥੇ ਤਾਲਮੇਲ ਹੋਣਾ ਚਾਹੀਦਾ ਸੀ; ਅਤੇ ਉੱਥੇ ਵਿਰੋਧ ਜਿੱਥੇ ਸੱਚਮੁੱਚ ਸਨਮਾਨ ਲੋੜੀਂਦਾ ਸੀ। ਤਾੜੀ ਦੋ ਹੱਥਾਂ ਨਾਲ ਵੱਜਦੀ ਹੋ ਸਕਦੀ ਹੈ, ਪਰ ਕਿਸੇ ਵੀ ਵਿਵਾਦ ਤੋਂ ਪਰੇ ਹਟਣ ਲਈ ਕੇਵਲ ਇੱਕ ਅਜਿਹੇ ਵਿਅਕਤੀ ਦੀ ਲੋੜ ਪੈਂਦੀ ਹੈ ਜਿਹੜਾ ਆਪਣੇ ਸਵੈ ਤੋਂ ਵੱਡਾ ਹੋਵੇ। ਵੱਡਾ ਬਣਨ ਦਾ ਫ਼ੈਸਲਾ ਹੁਣ ਤੁਹਾਡੇ ਹੱਥ ‘ਚ ਹੈ।
ਲੇਖਕਾਂ ਨੂੰ ਅਕਸਰ ਕੈਂਪੇਨਾਂ ਅਤੇ ਮੁਕਾਬਲਿਆਂ ਦੇ ਨਤੀਜਿਆਂ ਬਾਰੇ ਭਵਿੱਖਬਾਣੀਆਂ ਕਰਨ ਲਈ ਕਿਹਾ ਜਾਂਦਾ ਹੈ। ਕੌਣ ਜਿੱਤੇਗਾ? ਨਤੀਜਾ ਕੀ ਨਿਕਲੇਗਾ? ਪਰ ਸਾਨੂੰ ਕਦੇ ਵੀ ਅਜਿਹੇ ਸਵਾਲਾਂ ਦਾ ਉੱਤਰ ਦੇਣ ਲਈ ਆਪਣੀਆਂ ਬੌਧਿਕ ਸ਼ਕਤੀਆਂ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ ਜਿਨ੍ਹਾਂ ਨੂੰ ਸਾਡੀ ਆਮ ਸਮਝ, ਭਾਵ ਕੌਮਨ ਸੈਂਸ, ਉਜਾਗਰ ਕਰ ਸਕਦੀ ਹੋਵੇ। ਜੇ ਕੋਈ ਸਿੱਟਾ ਪ੍ਰਤੱਖ ਜਾਪਦੈ, ਤੁਹਾਨੂੰ ਕੇਵਲ ਉਨ੍ਹਾਂ ਕਾਰਨਾਂ ਵੱਲ ਥੋੜ੍ਹਾ ਧਿਆਨ ਦੇਣ ਦੀ ਲੋੜ ਹੈ ਜਿਨ੍ਹਾਂ ਕਰ ਕੇ ਆਖ਼ਿਰ ‘ਚ ਉਹ ਕਿਉਂ ਇੰਨਾ ਪ੍ਰਤੱਖ ਨਹੀਂ ਰਹਿਾ ਹੋਵੇਗਾ। ਅਤੇ ਜੇਕਰ ਤੁਸੀਂ ਉਸ ਦਾ ਕੋਈ ਕਾਰਨ ਨਹੀਂ ਦੇਖ ਸਕਦੇ ਤਾਂ ਸ਼ਾਇਦ ਕੋਈ ਹੋਵੇ ਵੀ ਨਾ। ਇਸ ਸਭ ਨੂੰ ਮੱਦੇਨਜ਼ਰ ਰੱਖਦਿਆਂ, ਉਸ ਮੁੱਦੇ ਨੂੰ ਵਿਚਾਰੋ ਜਿਹੜਾ ਤੁਹਾਨੂੰ ਇਸ ਵਕਤ ਸਭ ਤੋਂ ਵੱਧ ਰਹੱਸਮਈ ਲੱਗ ਰਿਹਾ ਹੈ। ਕੀ ਉਸ ਦਾ ਜਵਾਬ ਵੀ ਪ੍ਰਤੱਖ ਨਹੀਂ?
ਕਲਪਨਾ ਕਰੋ ਕਿ ਤੁਸੀਂ ਕਿਸੇ ਅਜਿਹੇ ਵਿਅਕਤੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਜਿਹੜਾ ਬਿਲਕੁਲ ਹੀ ਵੱਖਰੀ ਭਾਸ਼ਾ ਬੋਲਦਾ ਹੈ। ਇਸ ‘ਚ ਕਸੂਰ ਕਿਸ ਦਾ ਹੈ ਕਿ ਤੁਸੀਂ ਅਜਿਹੇ ਵਿਅਕਤੀ ਵਲੋਂ ਕਿਹਾ ਇੱਕ ਵੀ ਲਫ਼ਜ਼ ਨਹੀਂ ਸਮਝ ਸਕਦੇ? ਕੀ ਉਨ੍ਹਾਂ ਨੂੰ ਇਸ ਗੱਲ ਦਾ ਕੋਈ ਅਧਿਕਾਰ ਹੈ ਕਿ ਉਹ ਤੁਹਾਡੇ ‘ਤੇ ਦੋਸ਼ ਲਗਾਉਣ ਕਿ ਤੁਸੀਂ ਉਨ੍ਹਾਂ ਦੀ ਜ਼ੁਬਾਨ ਬੋਲਣ ਦੇ ਕਾਬਿਲ ਨਹੀਂ? ਜਾਂ ਇਹ ਕਿ ਉਨ੍ਹਾਂ ਨੂੰ ਤੁਹਾਡੀ ਬੋਲੀ ਸਮਝ ਨਹੀਂ ਆਉਂਦੀ? ਤੁਹਾਡੇ ਦੋਹਾਂ ‘ਚੋਂ ਕੋਈ ਵੀ ਕੇਵਲ ਉਹੀ ਪੁਰਾਣੇ ਲਫ਼ਜ਼ ਦੁਹਰਾ ਕੇ ਜਾਂ ਆਪਣੇ ਹੱਥਾਂ ਅਤੇ ਅੱਖਾਂ ਨਾਲ ਜੰਗਲੀ ਜਿਹੇ ਦਿਖਣ ਵਾਲੇ ਇਸ਼ਾਰੇ ਕਰ ਕੇ ਖ਼ੁਦ ਨੂੰ ਸਮਝਾ ਨਹੀਂ ਸਕੇਗਾ। ਤੁਸੀਂ ਆਪਣੇ ਭਾਨਵਾਤਮਕ ਜੀਵਨ ‘ਚ ਵੀ ਇਸ ਵਕਤ ਇੰਨੀ ਹੀ ਜ਼ਿਆਦਾ ਗੰਭੀਰ ਸੰਵਾਦ ਸਮੱਸਿਆ ਨਾਲ ਨਜਿੱਠ ਰਹੇ ਹੋ। ਨਾਰਾਜ਼ ਜਾਂ ਮਾਯੂਸ ਨਾ ਹੋਵੇ। ਕੇਵਲ ਸਬਰ ਰੱਖੋ।