ਫ਼ਿਲਮ ‘ਦਿ ਕੇਰਲ ਸਟੋਰੀ’ ਨੂੰ ਉੱਤਰ ਪ੍ਰਦੇਸ਼ ‘ਚ ਵੀ ‘ਟੈਕਸ ਮੁਕਤ’ ਕੀਤਾ ਜਾਵੇਗਾ

ਲਖਨਊ : ਉੱਤਰ ਪ੍ਰਦੇਸ਼ ਸਰਕਾਰ ਫ਼ਿਲਮ ‘ਦਿ ਕੇਰਲਾ ਸਟੋਰੀ’ ਨੂੰ ਸੂਬੇ ਵਿਚ ਟੈਕਸ ਮੁਕਤ ਕਰੇਗੀ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਆਪਣੇ ਮੰਤਰੀ ਮੰਡਲ ਨਾਲ ਫ਼ਿਲਮ ਦੀ ਵਿਸ਼ੇਸ਼ ਸਕ੍ਰੀਨਿੰਗ ਵੇਖ ਸਕਦੇ ਹਨ।
ਆਪਣੇ ਅਧਿਕਾਰਤ ਹੈਂਡਲ ਤੋਂ ਇੱਕ ਟਵੀਟ ਵਿਚ ਆਦਿਤਿਆਨਾਥ ਨੇ ਕਿਹਾ ਕਿ ਫ਼ਿਲਮ ਨੂੰ ਉੱਤਰ ਪ੍ਰਦੇਸ਼ ਵਿਚ ਟੈਕਸ ਮੁਕਤ ਕੀਤਾ ਜਾਵੇਗਾ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵੀ ਪਿਛਲੇ ਸ਼ਨੀਵਾਰ ਆਪਣੇ ਰਾਜ ਵਿਚ ‘ਦਿ ਕੇਰਲਾ ਸਟੋਰੀ’ ਨੂੰ ਟੈਕਸ ਮੁਕਤ ਕਰਨ ਦਾ ਐਲਾਨ ਕੀਤਾ ਸੀ।
ਵਿਵਾਦਗ੍ਰਸਤ ਫ਼ਿਲਮ ‘ਦਿ ਕੇਰਲਾ ਸਟੋਰੀ’ ਦੀ ਰਿਲੀਜ਼ਿੰਗ ’ਤੇ ਰੋਕ ਲਾਉਣ ਤੋਂ ਇਨਕਾਰ ਕਰਨ ਵਾਲੇ ਕੇਰਲ ਹਾਈ ਕੋਰਟ ਦੇ ਹੁਕਮਾਂ ਵਿਰੁੱਧ ਦਾਇਰ ਪਟੀਸ਼ਨ ’ਤੇ ਸੁਪਰੀਮ ਕੋਰਟ 15 ਮਈ ਨੂੰ ਸੁਣਵਾਈ ਕਰੇਗੀ। ਸੀਨੀਅਰ ਵਕੀਲ ਕਪਿਲ ਸਿੱਬਲ ਨੇ ਮੰਗਲਵਾਰ ਚੀਫ਼ ਜਸਟਿਸ ਡੀ. ਵਾਈ. ਚੰਦਰਚੂੜ ਅਤੇ ਜਸਟਿਸ ਪੀ. ਐੱਸ. ਨਰਸਿਮ੍ਹਾ ਦੇ ਬੈਂਚ ਸਾਹਮਣੇ ਇਸ ਮਾਮਲੇ ਨੂੰ ਤੁਰੰਤ ਸੂਚੀਬੱਧ ਕਰਨ ਦਾ ਜ਼ਿਕਰ ਕੀਤਾ। ਜਦੋਂ ਬੈਂਚ ਨੇ ਪੁੱਛਿਆ ਕਿ ਕੀ ਹਾਈ ਕੋਰਟ ਨੇ ਇਸ ਮਾਮਲੇ ‘ਚ ਕੋਈ ਆਦੇਸ਼ ਦਿੱਤਾ ਹੈ ਤਾਂ ਸਿੱਬਲ ਨੇ ਕਿਹਾ ਕਿ ਉਸ ਨੇ ਫ਼ਿਲਮ ਦੀ ਰਿਲੀਜ਼ ’ਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਹੈ।