ਸੂਬੇ ਭਰ ‘ਚ ਅੱਜ ਪੰਜਾਬ ਪੁਲਸ ਚਲਾਵੇਗੀ ਵੱਡਾ ਸਰਚ ਆਪਰੇਸ਼ਨ, ਬਾਹਰੋਂ ਆਉਣ ਵਾਲਿਆਂ ਦੀ ਵੀ ਹੋਵੇਗੀ ਚੈਕਿੰਗ

ਚੰਡੀਗੜ੍ਹ/ਜਲੰਧਰ : ਪੰਜਾਬ ਦੇ ਡੀ. ਜੀ. ਪੀ. ਦੇ ਹੁਕਮਾਂ ਮੁਤਾਬਕ ਪੁਲਸ ਵੱਲੋਂ 9 ਮਈ ਸਵੇਰੇ 10 ਵਜੇ ਤੋਂ ਲੈ ਕੇ 10 ਮਈ ਸ਼ਾਮ ਦੇ 7 ਵਜੇ ਤੱਕ ਵੱਡਾ ਆਪਰੇਸ਼ਨ ‘ਵਿਜਿਲ’ ਚਲਾਇਆ ਜਾਵੇਗਾ। ਸੂਬੇ ‘ਚ ਇਸ ਆਪਰੇਸ਼ਨ ਦੌਰਾਨ ਪੁਲਸ ਦੇ ਵੱਡੇ ਅਧਿਕਾਰੀ ਖ਼ੁਦ ਗਰਾਊਂਡ ‘ਚ ਉਤਰਨਗੇ। ਇਸ ਦੌਰਾਨ ਨਸ਼ਾ ਤਸਕਰਾਂ, ਸਮਾਜ ਵਿਰੋਧੀ ਅਨਸਰਾਂ, ਅਪਰਾਧੀਆਂ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਸੂਬੇ ਦੀ ਅਮਨ-ਸ਼ਾਂਤੀ ਨੂੰ ਕਾਇਮ ਰੱਖਣ ਦੇ ਮਕਸਦ ਨਾਲ ਤਲਾਸ਼ੀ ਮੁਹਿੰਮ ਚਲਾਈ ਜਾਵੇਗੀ।
ਪੁਲਸ ਵੱਲੋਂ ਬੱਸ ਅੱਡੇ, ਰੇਲਵੇ ਸਟੇਸ਼ਨ ਅਤੇ ਭੀੜ-ਭਾੜ ਵਾਲੇ ਇਲਾਕਿਆਂ ‘ਚ ਸਖ਼ਤ ਨਜ਼ਰ ਰੱਖੀ ਜਾਵੇਗੀ। ਪੁਲਸ ਵਲੋਂ ਰਾਤ ਦੇ ਸਮੇਂ ਫਲੈਗ ਮਾਰਚ ਕੱਢਿਆ ਜਾਵੇਗਾ ਅਤੇ ਇਸ ਤੋਂ ਇਲਾਵਾ ਹਾਈ ਲੈਵਲ ਨਾਕੇ ਵੀ ਲਾਏ ਜਾਣਗੇ। ਸੂਬੇ ‘ਚ ਬਾਹਰੋਂ ਆਉਣ ਵਾਲੀਆਂ ਗੱਡੀਆਂ ਦੀ ਵੀ ਚੈਕਿੰਗ ਕੀਤੀ ਜਾਵੇਗੀ।
ਸਰਹੱਦੀ ਇਲਾਕਿਆਂ ‘ਚ ਪੁਲਸ ਵੱਲੋਂ ਸਖ਼ਤ ਨਜ਼ਰ ਰੱਖੀ ਜਾਵੇਗੀ। ਦੱਸਣਯੋਗ ਹੈ ਕਿ ਭਲਕੇ 10 ਮਈ ਨੂੰ ਜਲੰਧਰ ‘ਚ ਲੋਕ ਸਭਾ ਜ਼ਿਮਨੀ ਚੋਣ ਹੋਣ ਜਾ ਰਹੀ ਹੈ, ਜਿਸ ਦੇ ਮੱਦੇਨਜ਼ਰ ਇਹ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।