ਰਬਿੰਦਰਨਾਥ ਟੈਗੋਰ ਦੇ ਜੱਦੀ ਘਰ ਪਹੁੰਚੇ ਅਮਿਤ ਸ਼ਾਹ, ਸ਼ਰਧਾਂਜਲੀ ਕੀਤੀ ਭੇਟ

ਕੋਲਕਾਤਾ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਨੋਬਲ ਪੁਰਸਕਾਰ ਜੇਤੂ ਗੁਰੂਦੇਵ ਰਬਿੰਦਰਨਾਥ ਟੈਗੋਰ ਨੂੰ ਉਨ੍ਹਾਂ ਦੀ ਜਯੰਤੀ ‘ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਸ਼ਾਹ ਟੈਗੋਰ ਦੀ ਜਯੰਤੀ ਸਮਾਰੋਹ ‘ਚ ਹਿੱਸਾ ਲੈਣ ਲਈ ਪੱਛਮੀ ਬੰਗਾਲ ਦੇ ਇਕ ਦਿਨ ਦੇ ਦੌਰੇ ‘ਤੇ ਹਨ। ਉਹ ਭਾਜਪਾ ਦੇ ਸੀਨੀਅਰ ਸੂਬਾਈ ਨੇਤਾਵਾਂ ਦੇ ਨਾਲ ਸਵੇਰੇ 11 ਵਜੇ ਉੱਤਰੀ ਕੋਲਕਾਤਾ ਦੇ ਜੋਰਸਾਖੋ ਠਾਕੁਰਬਾੜੀ ਪਹੁੰਚੇ ਅਤੇ ਉਥੇ ਟੈਗੋਰ ਦੇ ਜੱਦੀ ਘਰ ਜਾ ਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਪ੍ਰਦੇਸ਼ ਭਾਜਪਾ ਇਕਾਈ ਦੇ ਇਕ ਨੇਤਾ ਨੇ ਕਿਹਾ ਕਿ ਅਮਿਤ ਸ਼ਾਹ ਜੀ ਨੇ ਗੁਰੂਦੇਵ ਰਬਿੰਦਰਨਾਥ ਟੈਗੋਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਉਨ੍ਹਾਂ ਨੇ ਉਨ੍ਹਾਂ ਦੇ ਬੁੱਤ ‘ਤੇ ਫੁੱਲ ਮਾਲਾ ਭੇਟ ਕੀਤੀ ਅਤੇ ਟੈਗੋਰ ਦੇ ਉਸ ਕਮਰੇ ਦਾ ਦੌਰਾ ਕੀਤਾ, ਜਿੱਥੇ ਉਹ ਰਹਿੰਦੇ ਸਨ। ਗ੍ਰਹਿ ਮੰਤਰੀ ਨੇ ਉੱਥੇ ਦੇ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ, ਜਿਨ੍ਹਾਂ ਨੇ ਉਨ੍ਹਾਂ ਨੂੰ ਉਸ ਥਾਂ ਦੇ ਇਤਿਹਾਸਕ ਮਹੱਤਵ ਬਾਰੇ ਦੱਸਿਆ।
ਗ੍ਰਹਿ ਮੰਤਰੀ ਦਿਨ ਦੇ ਸਮੇਂ ਦੌਰਾਨ ‘ਲੈਂਡ ਪੋਰਟ ਅਥਾਰਟੀ ਆਫ ਇੰਡੀਆ’ ਅਤੇ ‘ਬਾਰਡਰ ਸਕਿਓਰਿਟੀ ਫੋਰਸ’ ਦੇ ਵੱਖ-ਵੱਖ ਪ੍ਰਾਜੈਕਟਾਂ ਦਾ ਉਦਘਾਟਨ ਕਰਨ ਅਤੇ ਨੀਂਹ ਪੱਥਰ ਰੱਖਣ ਲਈ ਉੱਤਰੀ 24 ਪਰਗਨਾ ਦੇ ਪੈਟਰਾਪੋਲ ਦੇ ਸਰਹੱਦੀ ਖੇਤਰਾਂ ਅਤੇ ਨੇੜਲੇ ਕਲਿਆਣੀ ਸਰਹੱਦੀ ਚੌਕੀ ਦਾ ਦੌਰਾ ਕਰਨਗੇ। ਸ਼ਾਮ ਦੇ ਸਮੇਂ ਸ਼ਾਹ ਪੱਛਮੀ ਬੰਗਾਲ ਸਥਿਤ ਸਮਾਜਿਕ-ਸੱਭਿਆਚਾਰਕ ਸੰਸਥਾ ‘ਖੋਲਾ ਹਵਾ’ ਵਲੋਂ ਆਯੋਜਿਤ ਟੈਗੋਰ ਦੀ ਜਯੰਤੀ ਮਨਾਉਣ ਲਈ ਸਾਇੰਸ ਸਿਟੀ ਵਿਖੇ ਇਕ ਸੱਭਿਆਚਾਰਕ ਪ੍ਰੋਗਰਾਮ ‘ਚ ਹਿੱਸਾ ਲੈਣਗੇ।