‘ਆਪ’ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੇ ਡੇਰਾ ਸੱਚਖੰਡ ਬੱਲਾਂ ਦੇ ਗੱਦੀਨਸ਼ੀਨ ਸੰਤ ਨਿਰੰਜਣ ਦਾਸ ਨਾਲ ਕੀਤੀ ਮੁਲਾਕਾਤ

ਕੇਜਰੀਵਾਲ ਅਤੇ ਭਗਵੰਤ ਮਾਨ ਵੀ ਜਾ ਚੁੱਕੇ ਹਨ ਡੇਰਾ ਸੱਚਖੰਡ ਬੱਲਾਂ
ਜਲੰਧਰ : ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੇ ਚੋਣ ਪ੍ਰਚਾਰ ਦੀ ਸਮਾਪਤੀ ਦੇ ਸਮੇਂ ਡੇਰਾ ਸੱਚਖੰਡ ਬੱਲਾਂ ਦੇ ਗੱਦੀਨਸ਼ੀਨ ਸੰਤ ਨਿਰੰਜਣ ਦਾਸ ਜੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੇ ਪੈਰ ਛੂਹ ਕੇ ਆਸ਼ੀਰਵਾਦ ਲਿਆ। ਸੰਤ ਨਿਰੰਜਣ ਦਾਸ ਜੀ ਨੇ ਸੁਸ਼ੀਲ ਕੁਮਾਰ ਰਿੰਕੂ ਨੂੰ ਦੋਸ਼ਾਲਾ ਪਹਿਨਾ ਕੇ ਉਨ੍ਹਾਂ ਦਾ ਸਨਮਾਨ ਕੀਤਾ ਅਤੇ ਉਨ੍ਹਾਂ ਨੂੰ ਮਠਿਆਈ ਵੀ ਭੇਟ ਕੀਤੀ। ਲੰਮੇ ਸਮੇਂ ਤੋਂ ਚੱਲ ਰਹੀ ਚੋਣ ਮੁਹਿੰਮ ਤੋਂ ਬਾਅਦ ਅੱਜ ਸੁਸ਼ੀਲ ਰਿੰਕੂ ਲਗਭਗ ਅੱਧਾ ਘੰਟਾ ਡੇਰਾ ਸੱਚਖੰਡ ਬੱਲਾਂ ਵਿਚ ਹੀ ਰਹੇ।
ਰਿੰਕੂ ਨੇ ਡੇਰਾ ਸੱਚਖੰਡ ਬੱਲਾਂ ਦਾ ਦੌਰਾ ਕਰਨ ਤੋਂ ਬਾਅਦ ਦੱਸਿਆ ਕਿ ਉਹ ਸੰਤ ਨਿਰੰਜਣ ਦਾਸ ਜੀ ਤੋਂ ਆਸ਼ੀਰਵਾਦ ਲੈਣ ਗਏ ਸਨ। ਵਰਣਨਯੋਗ ਹੈ ਕਿ ਚੋਣਾਂ ਦੇ ਦਿਨਾਂ ਵਿਚ ਸਾਰੀਆਂ ਸਿਆਸੀ ਪਾਰਟੀਆਂ ਅਤੇ ਉਨ੍ਹਾਂ ਦੇ ਆਗੂ ਡੇਰਿਆਂ ਵਿਚ ਜਾ ਰਹੇ ਹਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਡੇਰਾ ਸੱਚਖੰਡ ਬੱਲਾਂ ਵਿਚ ਜਾ ਕੇ ਸੰਤ ਨਿਰੰਜਣ ਦਾਸ ਜੀ ਤੋਂ ਆਸ਼ੀਰਵਾਦ ਲੈ ਚੁੱਕੇ ਹਨ।