ਸ੍ਰੀ ਦਰਬਾਰ ਸਾਹਿਬ ਨੇੜੇ ਹੈਰੀਟੇਜ ਸਟ੍ਰੀਟ ਕੋਲ ਹੋਏ ਧਮਾਕਿਆਂ ਨੂੰ ਲੈ ਕੇ ਡੀ. ਜੀ. ਪੀ. ਦਾ ਵੱਡਾ ਖ਼ੁਲਾਸਾ

ਅੰਮ੍ਰਿਤਸਰ : ਸ੍ਰੀ ਦਰਬਾਰ ਸਾਹਿਬ ਨੇੜੇ ਹੈਰੀਟੇਜ ਸਟ੍ਰੀਟ ਕੋਲ 32 ਘੰਟਿਆਂ ਬਾਅਦ ਦੋਬਾਰਾ ਧਮਾਕਾ ਹੋ ਗਿਆ। ਅੱਜ ਸੋਮਵਾਰ ਸਵੇਰੇ 6 ਵਜੇ ਹੋਏ ਇਸ ਧਮਾਕੇ ਵਿਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਮੌਕੇ ’ਤੇ ਪਹੁੰਚੇ ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਨੇ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੈਰੀਟੇਜ ਸਟ੍ਰੀਟ ਕੋਲ ਦੋ ਧਮਾਕੇ ਹੋਏ ਹਨ, ਇਕ ਧਮਾਕਾ ਸ਼ਨੀਵਾਰ ਰਾਤ 12 ਵਜੇ ਹੋਇਆ ਸੀ ਅਤੇ ਦੂਜਾ ਅੱਜ ਸਵੇਰੇ 6 ਵਜੇ ਹੋਇਆ ਹੈ। ਡੀ. ਜੀ. ਪੀ. ਨੇ ਕਿਹਾ ਕਿ ਇਹ ਘੱਟ ਤੀਬਰਤਾ ਵਾਲਾ ਧਮਾਕਾ ਸੀ, ਜਿਸ ਕਾਰਣ ਵਧੇਰੇ ਨੁਕਸਾਨ ਤੋਂ ਬਚਾਅ ਰਿਹਾ ਹੈ।
ਅੱਗੇ ਜਾਣਕਾਰੀ ਦਿੰਦਿਆਂ ਡੀ. ਜੀ. ਪੀ. ਨੇ ਕਿਹਾ ਕਿ ਬੰਬ ਨਿਰੋਧਕ ਦਸਤੇ ਤੋਂ ਇਲਾਵਾ ਹੋਰ ਜਾਂਚ ਟੀਮਾਂ ਮੌਕੇ ’ਤੇ ਪਹੁੰਚ ਚੁੱਕੀਆਂ ਹਨ ਅਤੇ ਇਸ ਘਟਨਾ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਵਿਚ ਪੁਲਸ ਨੂੰ ਮੌਕੇ ਤੋਂ ਕੋਈ ਵੀ ਟਰਿਗਰਿੰਗ ਮੈਕਾਨੀਜ਼ਿਮ ਜਾਂ ਡੈਟੋਨੇਟਰ ਬਰਾਮਦ ਨਹੀਂ ਹੋਇਆ ਹੈ। ਫਿਲਹਾਲ ਫੋਰੈਂਸਿਕ ਟੀਮਾਂ ਵਲੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਪੁਲਸ ਮੁਖੀ ਨੇ ਕਿਹਾ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਹੈਰੀਟੇਜ ਸਟ੍ਰੀਟ ’ਤੇ ਕਿਸੇ ਕੰਟੇਨਰ ਵਿਚ ਐਕਸਪੋਲਜ਼ਿਵ ਮਟਰੀਅਲ ਰੱਖਿਆ ਗਿਆ ਸੀ, ਜਿਸ ਰਾਹੀਂ ਇਹ ਧਮਾਕਾ ਕੀਤਾ ਗਿਆ ਹੈ। ਡੀ. ਜੀ. ਪੀ. ਨੇ ਕਿਹਾ ਕਿ ਪੰਜਾਬ ਪੁਲਸ ਕਿਸੇ ਵੀ ਤਰ੍ਹਾਂ ਦੇ ਹਾਲਾਤ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਸਮਰੱਥ ਹੈ। ਪੁਲਸ ਵਲੋਂ ਆਵਾਜਾਈ ਆਮ ਵਾਂਗ ਚਲਵਾ ਦਿੱਤੀ ਗਈ ਹੈ, ਲੋਕਾਂ ਨੂੰ ਅਪੀਲ ਹੈ ਕਿ ਉਹ ਕਿਸੇ ਤਰ੍ਹਾਂ ਦੀ ਅਫਵਾਹ ’ਤੇ ਯਕੀਨ ਨਾ ਕਰਨ ਅਤੇ ਲਾਅ ਐਂਡ ਆਰਡਰ ਬਣਾ ਕੇ ਰੱਖਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ’ਤੇ ਕੋਈ ਵੀ ਅਫਵਾਹ ਨਾ ਫੈਲਾਈ ਜਾਵੇ। ਉਨ੍ਹਾਂ ਕਿਹਾ ਕਿ ਘਟਨਾ ਸਥਾਨ ’ਤੇ ਜਿਹੜੇ ਵੀ ਲੋਕ ਮੌਜੂਦ ਸਨ ਸਾਰਿਆਂ ਨੂੰ ਜਾਂਚ ਵਿਚ ਸ਼ਾਮਲ ਕੀਤਾ ਜਾਵੇਗ। ਇਸ ਧਮਾਕੇ ਕਾਰਣ ਕੁੱਝ ਲੋਕਾਂ ਨੂੰ ਮਾਮੂਲੀ ਸੱਟਾਂ ਜ਼ਰੂਰ ਲੱਗੀਆਂ ਹਨ ਪਰ ਹਾਲਾਤ ਕਾਬੂ ਹੇਠ ਹਨ।