ਮਾਣ ਦੀ ਗੱਲ, ਕੈਨੇਡਾ ‘ਚ ਭਾਰਤੀ ਮੂਲ ਦੇ ਸਚਿਤ ਮਹਿਰਾ ਬਣੇ ਲਿਬਰਲ ਪਾਰਟੀ ਦੇ ਨਵੇਂ ਪ੍ਰਧਾਨ

ਇੰਟਰਨੈਸ਼ਨਲ ਡੈਸਕ: ਕੈਨੇਡਾ ਵਿਚ ਪਹਿਲੀ ਵਾਰ ਕਿਸੇ ਹਿੰਦੂ ਪਰਿਵਾਰ ਨਾਲ ਸਬੰਧਤ ਕੈਨੇਡੀਅਨ ਨੂੰ ਕੈਨੇਡਾ ਦੀ ਲਿਬਰਲ ਪਾਰਟੀ ਦਾ ਨਵਾਂ ਪ੍ਰਧਾਨ ਚੁਣਿਆ ਗਿਆ ਹੈ। ਓਟਾਵਾ ਸ਼ਹਿਰ ਵਿੱਚ ਲਿਬਰਲ ਕਨਵੈਨਸ਼ਨ ਵਿੱਚ ਜਦੋਂ ਸਚਿਤ ਮਹਿਰਾ ਦੇ ਨਾਂ ਦਾ ਐਲਾਨ ਕੀਤਾ ਗਿਆ ਤਾਂ ਉੱਥੇ ਮੌਜੂਦ ਲੋਕਾਂ ਨੇ ਉਨ੍ਹਾਂ ਦੇ ਨਾਂ ‘ਤੇ ਜੋਰ-ਸ਼ੋਰ ਨਾਲ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਸ਼ਾਨਦਾਰ ਜਿੱਤ ਲਈ ਸਚਿਤ ਮਹਿਰਾ ਨੂੰ ਵਧਾਈ ਦਿੱਤੀ ਹੈ। ਪਾਰਟੀ ਦੀ ਮੈਨੀਟੋਬਾ ਸ਼ਾਖਾ ਦੇ ਸਾਬਕਾ ਪ੍ਰਧਾਨ ਸਚਿਤ ਮਹਿਰਾ ਨੇ ਮੀਰਾ ਅਹਿਮਦ ਨੂੰ ਹਰਾਇਆ, ਜੋ ਪਹਿਲਾਂ ਕੈਨੇਡਾ ਦੇ ਯੰਗ ਲਿਬਰਲਜ਼ ਦੀ ਚੇਅਰ ਸੀ।ਐਲਾਨ ਮਗਰੋਂ ਸਚਿਤ ਨੇ ਕਿਹਾ ਕਿ ਇਹ ਨੈਸ਼ਨਲ ਲਿਬਰਲ ਕਨਵੈਨਸ਼ਨ ਇੱਕ ਪਾਰਟੀ ਅਤੇ ਇੱਕ ਟੀਮ ਦੇ ਰੂਪ ਵਿੱਚ ਇੱਕ ਸ਼ਾਨਦਾਰ ਪਲ ਰਿਹਾ। ਮੈਂ ਤੁਹਾਡੇ ਪ੍ਰਧਾਨ ਵਜੋਂ ਸੇਵਾ ਕਰਨ ਦਾ ਮੌਕਾ ਮਿਲਣ ‘ਤੇ ਮਾਣ ਮਹਿਸੂਸ ਕਰ ਰਿਹਾ ਹਾਂ। ਸਮਰਥਨ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ।
ਇਕ ਟਵੀਟ ਵਿਚ ਲਿਬਰਲ ਪਾਰਟੀ ਦੇ ਮੈਂਬਰਾਂ ਨੇ ਨਤੀਜੇ ‘ਤੇ ਖੁਸ਼ੀ ਪ੍ਰਗਟ ਕੀਤੀ। ਇਸ ਦੇ ਨਾਲ ਹੀ ਉਹਨਾਂ ਨੇ ਵੀ ਸਚਿਤ ਮਹਿਰਾ ਨੂੰ ਜਿੱਤ ‘ਤੇ ਵਧਾਈ ਦਿੱਤੀ ਹੈ। ਉਹਨਾਂ ਮੁਤਾਬਕ ਲਿਬਰਲ ਆਪਣੇ ਕੰਮ ਨੂੰ ਜਾਰੀ ਰੱਖਣ ਅਤੇ ਲਹਿਰ ਨੂੰ ਅੱਗੇ ਵਧਾਉਣ ਲਈ ਤਿਆਰ ਹਨ।