ਫ਼ਿਲਮ ‘ਦਿ ਕੇਰਲ ਸਟੋਰੀ’ ਦਾ ਵਿਰੋਧ ਕਰਨ ਵਾਲੇ ਅੱਤਵਾਦ ਦੇ ਸਮਰਥਕ : ਅਨੁਰਾਗ ਠਾਕੁਰ

ਗੁੜਗਾਓਂ – ਕੇਂਦਰੀ ਸੂਚਨਾ ਅਤੇ ਪ੍ਰਸਾਰਣ ਅਤੇ ਖੇਡ ਅਤੇ ਯੁਵਾ ਪ੍ਰੋਗਰਾਮ ਮਾਮਲਿਆਂ ਦੇ ਮੰਤਰੀ ਅਨੁਰਾਗ ਠਾਕੁਰ ਸੋਹਨਾ ਦੇ ਤਾਊ ਦੇਵੀ ਲਾਲ ਸਟੇਡੀਅਮ ’ਚ ਆਯੋਜਿਤ ਮਹਾਰਾਣਾ ਪ੍ਰਤਾਪ ਜਯੰਤੀ ਮੌਕੇ ’ਤੇ ਕਰਵਾਏ ਗਏ ਕਸ਼ੱਤਰੀ ਮਹਾਕੁੰਭ ’ਚ ਮੁੱਖ ਮਹਿਮਾਨ ਵਜੋਂ ਪਹੁੰਚੇ। ਇਸ ਦੌਰਾਨ ਉਨ੍ਹਾਂ ਫ਼ਿਲਮ ‘ਦਿ ਕੇਰਲ ਸਟੋਰੀ’ ਦੇ ਵਿਰੋਧ ਦਾ ਮੁੱਦਾ ਉਠਾਉਂਦਿਆਂ ਕਿਹਾ ਕਿ ਇਸ ਫ਼ਿਲਮ ਨੇ ਦੇਸ਼ ’ਚ ਅੱਤਵਾਦ ਫੈਲਾਉਣ ਵਾਲਿਆਂ ਨੂੰ ਬੇਨਕਾਬ ਕਰ ਦਿੱਤਾ ਹੈ। ਫ਼ਿਲਮ ’ਚ ਸਾਫ ਤੌਰ ’ਤੇ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਇਕ ਵਿਸ਼ੇਸ਼ ਜਾਤੀ ਅਤੇ ਧਰਮ ਦੇ ਲੋਕ ਨਾ ਸਿਰਫ ਔਰਤਾਂ, ਖ਼ਾਸ ਕਰ ਕੇ ਹਿੰਦੂ ਅਤੇ ਈਸਾਈ ਔਰਤਾਂ ਨੂੰ ਧਰਮ ਪਰਿਵਰਤਨ ਦਾ ਨਿਸ਼ਾਨਾ ਬਣਾਉਂਦੇ ਹਨ ਸਗੋਂ ਉਨ੍ਹਾਂ ਨੂੰ ਅੱਤਵਾਦ ਵੱਲ ਵੀ ਧੱਕਦੇ ਹਨ।
ਠਾਕੁਰ ਨੇ ਕਿਹਾ ਕਿ ਇਸ ਫ਼ਿਲਮ ਦਾ ਵਿਰੋਧ ਕਰਨ ਵਾਲੇ ਪੀ. ਐੱਫ. ਆਈ. ਅਤੇ ਆਈ. ਐੱਸ. ਆਈ. ਐੱਸ. ਦੇ ਸਮਰਥਕ ਹਨ। ਫ਼ਿਲਮ ’ਚ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਇਕ ਵਿਸ਼ੇਸ਼ ਜਾਤੀ ਦੇ ਲੋਕ ਅੱਤਵਾਦ ਨੂੰ ਉਤਸ਼ਾਹਿਤ ਕਰਨ ਲਈ ਲੋਕਾਂ ਦਾ ਬ੍ਰੇਨਵਾਸ਼ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਅੱਤਵਾਦ ਦੇ ਰਾਹ ’ਤੇ ਚੱਲਣ ਲਈ ਮਜਬੂਰ ਕਰ ਰਹੇ ਹਨ। ਜੋ ਲੋਕ ਫ਼ਿਲਮਾਂ ਦੇਖ ਕੇ ਦੇਸ਼ ਵਿਰੋਧੀ ਨਾਅਰੇ ਲਗਾ ਰਹੇ ਹਨ, ਉਹ ਸਾਰੇ ਅੱਤਵਾਦ ਨੂੰ ਹੱਲਾਸ਼ੇਰੀ ਦੇਣ ਦਾ ਕੰਮ ਕਰਦੇ ਹਨ। ਉਨ੍ਹਾਂ ਕਿਸੇ ਦਾ ਨਾਂ ਲਏ ਬਿਨਾਂ ਕਿਹਾ ਕਿ ਉਨ੍ਹਾਂ ਲੋਕਾਂ ਨੂੰ ਡਰ ਹੈ ਕਿ ਉਨ੍ਹਾਂ ਦੀ ਹੋਂਦ ਨੂੰ ਖ਼ਤਰਾ ਹੈ ਕਿਉਂਕਿ ਹਰ ਪਾਸੇ ਭਗਵਾ ਲਹਿਰਾਇਆ ਜਾ ਰਿਹਾ ਹੈ। ਇਹੀ ਕਾਰਨ ਹੈ ਕਿ ਅੱਤਵਾਦ ਨੂੰ ਉਤਸ਼ਾਹਿਤ ਕਰਨ ਵਾਲਿਆਂ ਨੂੰ ਬੇਨਕਾਬ ਕਰਨ ਵਾਲੀ ਇਸ ਫ਼ਿਲਮ ਦਾ ਉਹ ਲੋਕ ਵਿਰੋਧ ਕਰ ਰਹੇ ਹਨ।
ਕੇਂਦਰੀ ਮੰਤਰੀ ਨੇ ਕਿਹਾ ਕਿ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਕੇਂਦਰ ਸਰਕਾਰ ਲਗਾਤਾਰ ਇਹ ਕੋਸ਼ਿਸ਼ ਕਰ ਰਹੀ ਹੈ ਕਿ ਪਿਛਲੇ ਸਮੇਂ ’ਚ ਸਾਡੀ ਨੌਜਵਾਨ ਪੀੜ੍ਹੀ ਨੂੰ ਜੋ ਗਲਤ ਇਤਿਹਾਸ ਪੜ੍ਹਾਇਆ ਗਿਆ ਹੈ ਉਸ ਨੂੰ ਸਹੀ ਕੀਤਾ ਜਾਵੇ। ਸਾਡੇ ਇਤਿਹਾਸ ਦੀਆਂ ਕਿਤਾਬਾਂ ’ਚ ਜੋ ਵਿਦੇਸ਼ੀ ਹਮਲਾਵਰਾਂ ਦੀ ਵਡਿਆਈ ਕਰਦੇ ਸਨ, ਹੁਣ ਦੇਸ਼ ਦੇ ਸੱਚੇ ਨਾਇਕਾਂ ਅਤੇ ਅਮਰ ਕੁਰਬਾਨੀਆਂ ਨੂੰ ਉਨ੍ਹਾਂ ਦਾ ਬਣਦਾ ਸਥਾਨ ਦਿੱਤਾ ਜਾ ਰਿਹਾ ਹੈ। ਐੱਨ. ਸੀ. ਆਰ. ਟੀ. ਦੀਆਂ ਕਿਤਾਬਾਂ ’ਚ ਤੁਹਾਨੂੰ ਇਹ ਬਦਲਾਅ ਹੌਲੀ-ਹੌਲੀ ਨਜ਼ਰ ਆਉਣ ਲਗੇਗਾ। ਅੱਜ ਵੱਖ-ਵੱਖ ਫ਼ਿਲਮਾਂ ਰਾਹੀਂ ਦੇਸ਼ ਵਾਸੀਆਂ ਨੂੰ ਇਤਿਹਾਸ ਦੀ ਸੱਚਾਈ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਭਵਿੱਖ ’ਚ ਮਹਾਰਾਣਾ ਪ੍ਰਤਾਪ ਦੀ ਬਹਾਦਰੀ ਅਤੇ ਮਾਤ ਭੂਮੀ ਦੇ ਪਿਆਰ ’ਤੇ ਆਧਾਰਿਤ ਉਨ੍ਹਾਂ ਦੇ ਸਵੈ-ਮਾਣ ਨਾਲ ਜਾਣ-ਪਛਾਣ ਕਰਵਾਉਣ ਵਾਲੀ ਫ਼ਿਲਮ ਵੀ ਬਣੇਗੀ।