ਗੜ੍ਹਸ਼ੰਕਰ ਵਿਖੇ ਛੋਟੀ ਵੇਈਂ ਦਾ CM ਮਾਨ ਨੇ ਰੱਖਿਆ ਨੀਂਹ ਪੱਥਰ, ਪਿਛਲੀਆਂ ਸਰਕਾਰਾਂ ‘ਤੇ ਕੱਸੇ ਤੰਜ

ਹੁਸ਼ਿਆਰਪੁਰ – ਮੁੱਖ ਮੰਤਰੀ ਭਗਵੰਤ ਮਾਨ ਅੱਜ ਹੁਸ਼ਿਆਰਪੁਰ ਵਿਖੇ ਗੜ੍ਹਸ਼ੰਕਰ ਦੇ ਪਿੰਡ ਸਿੰਬਲੀ ਵਿਚ ਪਹੁੰਚੇ। ਇਥੇ ਉਨ੍ਹਾਂ ਵੱਲੋਂ ਜਿੱਥੇ ਛੋਟੀ ਵੇਈਂ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ ਗਿਆ, ਉਥੇ ਹੀ ਉਨ੍ਹਾਂ ਨੇ ਪਿਛਲੀਆਂ ਸਰਕਾਰਾਂ ‘ਤੇ ਤੰਜ ਵੀ ਕੱਸੇ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਨੂੰ ਭਾਰਤ ਦਾ ਨੰਬਰ ਵਨ ਸੂਬਾ ਬਣਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਮੈਨਿਫੈਸਟੋ ਵਿਚ ਨਫ਼ਰਤ ਸੀ। ਪਿਛਲੀਆਂ ਸਰਕਾਰਾਂ ਦੇ ਲੀਡਰਾਂ ਨੇ ਮੁੱਖ ਮੰਤਰੀ ਬਣਨ ਮਗਰੋਂ ਮਹਿਲਾਂ ਦੀਆਂ ਕੰਧਾਂ ਹੋਰ ਉੱਚੀਆਂ ਚੁੱਕ ਲਈਆਂ ਸਨ। ਅਸੀਂ ਆਪਣੇ ਮੈਨਿਫੈਸਟੋ ਵਿਚ ਵਾਤਾਵਰਣ ਨੂੰ ਰੱਖਿਆ। ਭਗਵੰਤ ਮਾਨ ਨੇ ਕਿਹਾ ਕਿ ਅੱਜ ਨਹਿਰੀ ਪਾਣੀ ਦੀ ਵਰਤੋਂ ਘੱਟ ਹੋ ਰਹੀ ਹੈ ਜਦਕਿ ਨਹਿਰੀ ਪਾਣੀ ਦੀ ਵਰਤੋਂ ਵੱਧ ਕਰਨ ਦੀ ਲੋੜ ਹੈ। ਨਹਿਰੀ ਪਾਣੀ ਦੀ ਵਰਤੋਂ ਨਾਲ ਜ਼ਮੀਨ ਦੇ ਪਾਣੀ ਦੀ ਬਚਤ ਹੋਵੇਗੀ। ਅਸੀਂ ਨਹਿਰੀ ਪਾਣੀ ਭੇਜ ਰਹੇ ਹਾਂ। ਭਗਵੰਤ ਮਾਨ ਨੇ ਕਿਹਾ ਕਿ ਅੱਜ ਕੱਲ੍ਹ ਦੇ ਨੇਤਾ ਵੋਟਾਂ ਦੇ ਭੁੱਖੇ ਹਨ।
ਭ੍ਰਿਸ਼ਟਾਚਾਰ ਦੇ ਕੇਸ ਵਿਚ ਫਸੇ ਸਾਬਕਾ ਮੰਤਰੀ ਸ਼ਾਮ ਸੁੰਦਰ ਅਰੋੜਾ ਨੂੰ ਲੈ ਕੇ ਬੋਲਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਲੋਕਾਂ ਨੇ ਪੁਰਾਣੇ ਲੀਡਰ ਅੰਦਰ ਬਿਠਾ ਦਿੱਤੇ ਹਨ। ਪੁਰਾਣੇ ਲੀਡਰ ਦੇ ਘਰੋਂ ਛਾਪੇ ਦੌਰਾਨ ਨੋਟ ਗਿਣਨ ਵਾਲੀ ਮਸ਼ੀਨ ਮਿਲੀ। ਇਕ ਲੀਡਰ ਤਾਂ ਆਪ ਲੱਖਾਂ ਪੈਸੇ ਲੈ ਕੇ ਆ ਗਿਆ ਸੀ। ਜਿਹੜੇ ਲੀਡਰ ਬਾਹਰ ਸਨ ਉਹ ਹੁਣ ਅੰਦਰ ਜਾਣ ਨੂੰ ਤਿਆਰ ਬੈਠੇ ਹਨ। ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ।