ਨਵੀਂ ਦਿੱਲੀ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਕਿਹਾ ਕਿ ਆਬਕਾਰੀ ਨੀਤੀ ਮਾਮਲਾ ‘ਆਮ ਆਦਮੀ ਪਾਰਟੀ’ (ਆਪ) ਵਰਗੀ ਇਮਾਨਦਾਰ ਪਾਰਟੀ ਦਾ ਅਕਸ ਖ਼ਰਾਬ ਕਰਨ ਲਈ ਭਾਜਪਾ ਦੀ ਇਕ ਨਿਰਾਸ਼ਾਜਨਕ ਕੋਸ਼ਿਸ਼ ਹੈ। ਉਨ੍ਹਾਂ ਦੀ ਇਹ ਟਿੱਪਣੀ ਹੁਣ ਖ਼ਤਮ ਹੋ ਚੁੱਕੀ ਦਿੱਲੀ ਆਬਕਾਰੀ ਨੀਤੀ 2021-22 ਦੇ ਨਿਰਮਾਣ ਅਤੇ ਉਸ ਨੂੰ ਲਾਗੂ ਕਰਨ ‘ਚ ਬੇਨਿਯਮੀ ਦੇ ਦੋਸ਼ਾਂ ਦੇ ਸੰਬੰਧ ‘ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵਲੋਂ ਦਰਜ ਮਨੀ ਲਾਂਡਰਿੰਗ ਦੇ ਮਾਮਲੇ ‘ਚ ਦੋਸ਼ੀ 2 ਵਿਅਕਤੀਆਂ ਨੂੰ ਸ਼ਨੀਵਾਰ ਨੂੰ ਦਿੱਲੀ ਦੀ ਅਦਾਲਤ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਆਈ ਹੈ। ਅਦਾਲਤ ਨੇ ਕਿਹਾ ਕਿ ਦੋਸ਼ੀ ਰਾਜੇਸ਼ ਜੋਸ਼ੀ ਅਤੇ ਗੌਤਮ ਮਲਹੋਤਰਾ ਖ਼ਿਲਾਫ਼ ਸਬੂਤ ਉਨ੍ਹਾਂ ‘ਤੇ ਲੱਗੇ ਦੋਸ਼ਾਂ ਨੂੰ ਪਹਿਲੀ ਨਜ਼ਰ ਸਾਬਿਤ ਕਰਨ ਲਈ ਪੂਰੇ ਨਹੀਂ ਹਨ।
ਕੇਜਰੀਵਾਲ ਨੇ ਇਕ ਟਵੀਟ ‘ਚ ਕਿਹਾ,”ਪੂਰਾ ਸ਼ਰਾਬ ਘਪਲਾ ਹੀ ਝੂਠਾ ਹੈ। ਅਸੀਂ ਸ਼ੁਰੂ ਤੋਂ ਇਹ ਕਹਿੰਦੇ ਆ ਰਹੇ ਹਨ। ਹੁਣ ਤਾਂ ਅਦਾਲਤਾਂ ਨੇ ਵੀ ਕਹਿਣਾ ਸ਼ੁਰੂ ਕਰ ਦਿੱਤਾ ਹੈ। ਇਹ ‘ਆਪ’ ਵਰਗੀ ਇਮਾਨਦਾਰ ਪਾਰਟੀ ਦਾ ਅਕਸ ਖ਼ਰਾਬ ਕਰਨ ਲਈ ਭਾਜਪਾ ਦੀ ਇਕ ਨਿਰਾਸ਼ਾਜਨਕ ਕੋਸ਼ਿਸ਼ ਹੈ।” ਅਦਾਲਤ ਦੇ ਆਦੇਸ਼ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ‘ਆਪ’ ਨੇ ਸ਼ਨੀਵਾਰ ਨੂੰ ਕਿਹਾ ਸੀ ਕਿ ਇਹ ਦਰਸਾਉਂਦਾ ਹੈ ਕਿ ਪੂਰਾ ਮਾਮਲਾ ਹੀ ‘ਫਰਜ਼ੀ’ ਹੈ। ਨਾਲ ਹੀ ਪਾਰਟੀ ਨੇ ਗਲਤ ਦੋਸ਼ ਲਗਾਉਣ ਲਈ ਭਾਜਪਾ ਨੂੰ ਮੁਆਫ਼ੀ ਮੰਗਣ ਲਈ ਕਿਹਾ। ਹਾਲਾਂਕਿ ਭਾਜਪਾ ਨੇ ‘ਆਪ’ ਦੇ ਸੀਨੀਅਰ ਨੇਤਾਵਾਂ ਦੇ ਆਦੇਸ਼ ਨੂੰ ਤੋੜ ਮਰੋੜ ਕੇ ਗਲਤ ਤਰੀਕੇ ਨਾਲ ਪੇਸ਼ ਕਰਨ ਦਾ ਦੋਸ਼ ਲਗਾਇਆ ਅਤੇ ਉਨ੍ਹਾਂ ਖ਼ਿਲਾਫ਼ ਅਦਾਲਤ ਦੇ ਅਪਮਾਨ ਦੀ ਕਾਰਵਾਈ ਸ਼ੁਰੂ ਕਰਨ ਦੀ ਮੰਗ ਕੀਤੀ।