ਸਿੱਖਾਂ ਨੂੰ ਕੇਂਦਰ ਸਰਕਾਰ ਨਾਲ ਤਕਰਾਰ ਨਹੀਂ, ਵਿਚਾਰ ਕਰਨ ਦੀ ਲੋੜ: ਬੀਬੀ ਜਗੀਰ ਕੌਰ

ਜਲੰਧਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮਹਿਲਾ ਵਿੰਗ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਹੁਣੇ ਜਿਹੇ ਭਾਰਤੀ ਜਨਤਾ ਪਾਰਟੀ ਨੂੰ ਸਮਰਥਨ ਦੇਣ ਸੰਬੰਧੀ ਵੱਡਾ ਫ਼ੈਸਲਾ ਕੀਤਾ ਗਿਆ ਹੈ। ਬੀਬੀ ਜਗੀਰ ਵੱਲੋਂ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਵਿਚ ਭਾਜਪਾ ਨੂੰ ਦਿੱਤਾ ਗਿਆ ਇਹ ਸਮਰਥਨ ਸ਼ਰਤ ਸਹਿਤ ਦਿੱਤਾ ਗਿਆ ਦੱਸਿਆ ਗਿਆ ਹੈ। ਇਸ ਦੇ ਨਾਲ ਹੀ ਬੀਬੀ ਨੇ ਭਾਜਪਾ ਦੇ ਕੌਮੀ ਨੇਤਾਵਾਂ ਨੂੰ ਇਕ ਮੰਗ-ਪੱਤਰ ਵੀ ਸੌਂਪ ਦਿੱਤਾ ਹੈ ਅਤੇ ਇਹ ਭਰੋਸਾ ਲਿਆ ਹੈ ਕਿ ਕੀ ਉਹ ਇਨ੍ਹਾਂ ਮੰਗਾਂ ਨੂੰ ਸਵੀਕਾਰ ਵੀ ਕਰਨਗੇ। ਬੀਬੀ ਜਗੀਰ ਕੌਰ ਵੱਲੋਂ ਇਸ ਸਬੰਧੀ ਰੈਲੀ ਕਰਕੇ ਵੱਡੇ ਪੱਧਰ ’ਤੇ ਸ਼ਾਮਲ ਲੋਕਾਂ ਤੋਂ ਪ੍ਰਵਾਨਗੀ ਲੈਣ ਤੋਂ ਬਾਅਦ ਭਾਜਪਾ ਨੂੰ ਸਮਰਥਨ ਦਿੱਤਾ ਗਿਆ ਹੈ।
ਹੁਣ ਵੱਡਾ ਸਵਾਲ ਇਹ ਹੈ ਕਿ ਬੀਬੀ ਜਗੀਰ ਕੌਰ ਦੀ ਅਕਾਲੀ ਦਲ ਵਿਚ ਘਰ ਵਾਪਸੀ ਕਿਉਂ ਨਹੀਂ ਹੋ ਸਕੀ ਅਤੇ ਭਾਜਪਾ ਦੇ ਨਾਲ ਜਾਣ ਦਾ ਸਭ ਤੋਂ ਵੱਡਾ ਕਾਰਨ ਕੀ ਰਿਹਾ? ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਜਾਣਨ ਲਈ ‘ਜਗ ਬਾਣੀ’ ਵੱਲੋਂ ਬੀਬੀ ਜਗੀਰ ਕੌਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਕੇਂਦਰ ਸਰਕਾਰ ਨਾਲ ਗੱਲਬਾਤ ਰਾਹੀਂ ਆਪਣੇ ਮਸਲੇ ਹੱਲ ਕਰਵਾਉਣੇ ਚਾਹੀਦੇ ਹਨ। ਮਸਲੇ ਹੱਲ ਕਰਵਾਉਣ ਲਈ ਤਕਰਾਰ ਦੀ ਨਹੀਂ, ਵਿਚਾਰ ਦੀ ਲੋੜ ਹੈ। ਜੇ ਮਸਲੇ ਦਾ ਕੋਈ ਹੱਲ ਹੋਵੇਗਾ ਅਤੇ ਵਿਚਾਰ ਹੋਵੇਗਾ ਤਾਂ ਠੀਕ, ਨਹੀਂ ਤਾਂ 2024 ਦੀਆਂ ਚੋਣਾਂ ਦੂਰ ਨਹੀਂ ਹਨ। ਇਸ ਦੇ ਨਾਲ ਹੀ ਬੀਬੀ ਨੇ ਕਿਹਾ ਕਿ ਉਨ੍ਹਾਂ ਭਾਜਪਾ ਨੂੰ ਕੋਈ ਲਿਖਤੀ ਸਮਰਥਨ ਨਹੀਂ ਦਿੱਤਾ ਅਤੇ ਨਾ ਹੀ ਗਾਰੰਟੀ ਦਿੱਤੀ ਹੈ। ਇਹ ਵਿਸ਼ਵਾਸ ਦਾ ਸਮਰਥਨ ਹੈ। ਉਨ੍ਹਾਂ ਨੂੰ ਉਮੀਦ ਹੈ ਕਿ ਪ੍ਰਧਾਨ ਮੰਤਰੀ ਸਿੱਖ ਮਸਲਿਆਂ ਦਾ ਹੱਲ ਕੱਢਣਗੇ। ਪੇਸ਼ ਹਨ ਬੀਬੀ ਜਗੀਰ ਕੌਰ ਨਾਲ ਹੋਈ ਗੱਲਬਾਤ ਦੇ ਮੁੱਖ ਅੰਸ਼ :
ਭਾਜਪਾ ਨੂੰ ਪਿਆਰ ਤੇ ਸਾਂਝ ਦੇ ਨਾਤੇ ਸਮਰਥਨ ਦਿੱਤਾ
ਬੀਬੀ ਜੀ, ਉਹ ਕਿਹੜੀ ਗੱਲ ਹੈ ਜਿਸ ਨੇ ਤੁਹਾਨੂੰ ਭਾਜਪਾ ਨੂੰ ਸਮਰਥਨ ਦੇਣ ਲਈ ਮਜਬੂਰ ਕਰ ਦਿੱਤਾ? ਇਸ ’ਤੇ ਬੀਬੀ ਜਗੀਰ ਕੌਰ ਨੇ ਕਿਹਾ ਕਿ ਭਾਜਪਾ ਨੂੰ ਸਮਰਥਨ ਤਾਂ ਅਸੀਂ 1997 ਤੋਂ ਹੀ ਦਿੰਦੇ ਆ ਰਹੇ ਹਾਂ ਕਿਉਂਕਿ ਅਕਾਲੀ ਦਲ ਨੇ ਲਗਾਤਾਰ 25 ਸਾਲ ਭਾਜਪਾ ਸਰਕਾਰ ਨਾਲ ਸਾਂਝ ਰੱਖੀ ਅਤੇ 25 ਸਾਲ ਤੋਂ ਇਥੋਂ ਭਾਜਪਾ ਚੋਣ ਲੜਦੀ ਰਹੀ ਹੈ। 2 ਵਾਰ ਅਸੀਂ ਸੋਮ ਪ੍ਰਕਾਸ਼ ਨੂੰ ਐੱਮ. ਪੀ. ਬਣਾਇਆ ਹੈ ਅਤੇ ਵਿਜੇ ਸਾਂਪਲਾ ਨੂੰ ਵੀ। ਦੋਵੇਂ ਮੰਤਰੀ ਹਨ। ਹਾਲਾਂਕਿ ਉਨ੍ਹਾਂ (ਬੀਬੀ ਨੇ) ਦੋਵਾਂ ਕੋਲੋਂ ਆਪਣਾ ਕੋਈ ਨਿੱਜੀ ਕੰਮ ਨਹੀਂ ਲਿਆ। ਕਿਤੇ ਮੈਨੂੰ ਪਾਰਟੀ ਦਾ ਹੁਕਮ ਸੀ ਤਾਂ ਕਿਤੇ ਮੈਨੂੰ ਬਾਦਲ ਸਾਹਿਬ ਕਹਿੰਦੇ ਸਨ। ਅਸੀਂ ਵੋਟਾਂ ਵੀ ਪਾਈਆਂ ਅਤੇ ਭਾਜਪਾ ਨੂੰ ਵੀ ਜਿਤਾਇਆ। ਇਸੇ ਤਰ੍ਹਾਂ ਜਲੰਧਰ ਵਿਚ ਅਸੀਂ ਕੇ. ਡੀ. ਭੰਡਾਰੀ ਅਤੇ ਸੈਂਟਰਲ ਹਲਕੇ ਵਿਚ ਵੀ ਸਮਰਥਨ ਦੇ ਮੱਦੇਨਜ਼ਰ ਆਉਂਦੇ ਰਹੇ। ਇਸ ਤੋਂ ਇਲਾਵਾ ਜਿੱਥੇ ਵੀ ਲੋੜ ਹੁੰਦੀ ਸੀ, ਅਸੀਂ ਭਾਜਪਾ ਦੇ ਹੱਕ ਵਿਚ ਜਾਂਦੇ ਸੀ। ਭਾਜਪਾ ਨਾਲ ਸਾਰਿਆਂ ਦੀ ਸਾਂਝ ਰਹੀ ਹੈ। ਹਾਲਾਂਕਿ ਮੈਂ ਇਕੱਲੀ ਹਾਂ ਅਤੇ ਮੇਰੀ ਕੋਈ ਪਾਰਟੀ ਵੀ ਨਹੀਂ ਹੈ, ਇਕ ਪਿਆਰ ਅਤੇ ਸਾਂਝ ਦੇ ਨਾਤੇ ਭਾਜਪਾ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਮੇਰਾ ਜਲੰਧਰ ਕਾਫ਼ੀ ਆਉਣਾ-ਜਾਣਾ ਵੀ ਹੈ ਅਤੇ ਪਿਆਰ ਵੀ ਹੈ। ਬਹੁਤ ਸਾਰੇ ਕੰਮ ਵੀ ਕੀਤੇ ਹਨ।
ਮੈਂ ਅਕਾਲੀ ਦਲ ਨੂੰ ਨਹੀਂ ਛੱਡਿਆ, ਮੈਨੂੰ ਬਾਹਰ ਕੀਤਾ ਗਿਆ
ਤੁਹਾਨੂੰ ਸਮਰਥਨ ਲਈ ਭਾਜਪਾ ਕਹਿ ਰਹੀ ਹੈ ਜਾਂ ਤੁਸੀਂ ਭਾਜਪਾ ਨੂੰ ਖ਼ੁਦ ਸਮਰਥਨ ਦੇ ਰਹੇ ਹੋ? ਇਸ ’ਤੇ ਬੀਬੀ ਨੇ ਕਿਹਾ ਕਿ ਮੇਰੇ ਕੋਲ ਸਾਰੇ ਆਏ ਹਨ। ਸ਼੍ਰੋਮਣੀ ਅਕਾਲੀ ਦਲ ਨੇ ਨੇਤਾ ਵੀ ਆਏ ਕਿ ਤੁਸੀਂ ਅਕਾਲੀ ਦਲ ਵਿਚ ਵਾਪਸ ਆ ਜਾਓ ਤਾਂ ਮੇਰਾ ਉਨ੍ਹਾਂ ਨੂੰ ਕਹਿਣਾ ਸੀ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਵਿਚ ਹੀ ਹਾਂ ਅਤੇ ਮੈਂ ਖ਼ੁਦ ਨੂੰ ਅਕਾਲੀ ਦਲ ’ਚੋਂ ਬਾਹਰ ਨਹੀਂ ਕੱਢਿਆ। ਅਕਾਲੀ ਦਲ ਕਿਸੇ ਵਿਅਕਤੀ ਦਾ ਨਾਂ ਨਹੀਂ, ਅਕਾਲੀ ਦਲ ਇਕ ਸੋਚ ਦਾ ਨਾਂ ਹੈ ਜੋ ਅਸੀਂ ਅਕਾਲ ਪੁਰਖ ਤੋਂ ਸੇਵਾ ਦੇ ਰੂਪ ਵਿਚ ਲਈ ਹੈ ਅਤੇ ਮੈਂ ਉਸ ਵਿਚੋਂ ਬਾਹਰ ਜਾ ਹੀ ਨਹੀਂ ਸਕਦੀ। ਮੈਂ ਪੰਥ ਦੀ ਸੇਵਾਦਾਰ ਹਾਂ ਅਤੇ ਸੇਵਾਦਾਰ ਰਹਿਣਾ ਹੈ ਪਰ ਮੈਂ ਉੱਥੇ ਜਾ ਕੇ ਬੈਠ ਨਹੀਂ ਸਕਦੀ ਕਿਉਂਕਿ ਮੈਨੂੰ ਕੱਢਿਆ ਗਿਆ ਹੈ। ਮੈਂ ਤਾਂ ਅਕਾਲੀ ਦਲ ਨੂੰ ਛੱਡਿਆ ਹੀ ਨਹੀਂ।
ਸਿੱਖਾਂ ਦੀਆਂ ਭਾਵਨਾਵਾਂ ਨੂੰ ਸਮਝੇ ਭਾਜਪਾ
ਭਾਜਪਾ ਨਾਲ ਕੀ ਮੁੱਦੇ ਉਠਾਏ ਗਏ ਹਨ? ਇਸ ’ਤੇ ਬੀਬੀ ਨੇ ਕਿਹਾ ਭਾਜਪਾ ’ਚੋਂ ਮਾਣਯੋਗ ਵਿਜੇ ਰੁਪਾਣੀ ਜੀ ਅਤੇ ਹੋਰ ਨੇਤਾ ਮੇਰੇ ਕੋਲ ਸਮਰਥਨ ਲਈ ਆਏ। ਮੈਂ ਉਨ੍ਹਾਂ ਨੂੰ ਕਿਹਾ ਕਿ ਅਸੀਂ 25 ਸਾਲ ਤੋਂ ਲਗਾਤਾਰ ਤੁਹਾਨੂੰ ਵੋਟ ਪਾਉਂਦੇ ਆ ਰਹੇ ਹਾਂ। ਇਨ੍ਹਾਂ 25 ਸਾਲਾਂ ਵਿਚ ਬਿਨਾਂ ਸ਼ੱਕ ਵਿਕਾਸ ਦੇ ਬਹੁਤ ਸਾਰੇ ਕੰਮ ਹੋਏ ਹਨ। ਪੰਜਾਬ ਵਿਚ ਸਾਬਕਾ ਪ੍ਰਧਾਨ ਮੰਤਰੀ ਸਵ. ਅਟਲ ਬਿਹਾਰੀ ਵਾਜਪਾਈ ਦੇ ਸਮੇਂ ਰਿਫਾਇਨਰੀ ਵੀ ਲੱਗੀ ਹੈ ਅਤੇ ਕਈ ਕੌਮਾਂਤਰੀ ਏਅਰਪੋਰਟ ਵੀ ਬਣੇ ਹਨ। ਵੱਡੀਆਂ ਇੰਡਸਟਰੀਆਂ ਤੇ ਪਾਵਰ ਪਲਾਂਟ ਵੀ ਲੱਗੇ ਹਨ। ਵੱਡੇ ਪੱਧਰ ’ਤੇ ਨੈਸ਼ਨਲ ਹਾਈਵੇਅ ਵੀ ਬਣੇ ਹਨ ਪਰ ਅਸੀਂ ਮਹਿਸੂਸ ਕਰਦੇ ਹਾਂ ਕਿ ਅਜੇ ਵੀ ਵੱਡੇ ਪੱਧਰ ’ਤੇ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਨਹੀਂ ਜੁੜ ਰਹੇ। ਇਸ ਦੇ ਪਿੱਛੇ ਕਾਰਨ ਪੁੱਛਣ ’ਤੇ ਬੀਬੀ ਨੇ ਕਿਹਾ ਕਿ ਇਸ ਦੇ ਲਈ ਤੁਹਾਨੂੰ ਸਿੱਖਾਂ ਦੀਆਂ ਭਾਵਨਾਵਾਂ ਅਤੇ ਪੰਜਾਬੀਆਂ ਦੀ ਅਣਖ ਨੂੰ ਸਮਝਣਾ ਪਵੇਗਾ। ਪੰਜਾਬੀ ਸਿਰ ਚੁੱਕ ਕੇ ਜਿਊਣਾ ਚਾਹੁੰਦੇ ਹਨ। ਦੇਸ਼ ਤੇ ਵਿਦੇਸ਼ ਵਿਚ ਭਾਵੇਂ ਇਕ ਵੀ ਸਿੱਖ ਹੋਵੇ, ਉਹ ਅਣਖ ਨਾਲ ਜਿੱਤਿਆ ਹੈ। ਇਨ੍ਹਾਂ ਦੀਆਂ ਭਾਵਨਾਵਾਂ ਨੂੰ ਜਦੋਂ ਠੇਸ ਪਹੁੰਚਦੀ ਹੈ ਤਾਂ ਇਹ ਕਾਫ਼ੀ ਨਮੋਸ਼ੀ ਵਿਚ ਆ ਜਾਂਦੇ ਹੈ ਅਤੇ ਮਹਿਸੂਸ ਕਰਦੇ ਹਨ ਕਿ ਸਾਡਾ ਇਨ੍ਹਾਂ ਨਾਲ ਕੋਈ ਸਬੰਧ ਨਹੀਂ। ਬੀਬੀ ਨੇ ਕਿਹਾ ਕਿ ਕੀ ਕਦੇ ਕੇਂਦਰ ਨੇ ਸੋਚਿਆ ਹੈ ਕਿ ਲੋਕਾਂ ਦੀ ਮਾਨਸਿਕਤਾ ਤੁਹਾਡੇ ਤੋਂ ਦੂਰ ਕਿਉਂ ਹੋ ਰਹੀ ਹੈ? ਭਾਰਤ ਦੀ ਆਜ਼ਾਦੀ ਸਮੇਂ ਜੋ ਗੱਲਾਂ ਹੋਈਆਂ ਸਨ, ਉਨ੍ਹਾਂ ਨੂੰ ਕਿਸੇ ਨੇ ਪੂਰਾ ਨਹੀਂ ਕੀਤਾ। ਭਾਸ਼ਾ ਦੇ ਆਧਾਰ ’ਤੇ ਸਟੇਟ ਬਣਾਉਣ ਦੀ ਗੱਲ ਪੂਰੀ ਨਹੀਂ ਕੀਤੀ। ਪਾਣੀ ਦੀ ਵੰਡ ਨੂੰ ਲੈ ਕੇ ਇੰਨੀ ਮੁਸ਼ਕਲ ਕਿਉਂ? ਮੌਕੇ ’ਤੇ ਫੈਸਲਾ ਕਿਉਂ ਨਹੀਂ? ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ, ਅੱਜ ਤਕ ਕੇਂਦਰ ਇਸ ’ਤੇ ਫੈਸਲਾ ਨਹੀਂ ਕਰ ਸਕਿਆ। ਰਾਜਧਾਨੀ ਸਾਡੇ ਕੋਲ ਨਹੀਂ ਹੈ, ਪਾਣੀ ਸਾਡੇ ਕੋਲ ਨਹੀਂ ਹੈ ਤਾਂ ਫਿਰ ਸਿੱਖ ਕਰਨ ਤਾਂ ਕੀ ਕਰਨ?
ਮੈਨੂੰ ਧੋਖੇ ਵਿਚ ਰੱਖਿਆ ਗਿਆ ਤਾਂ ਮੇਰਾ ਕੁਝ ਨਹੀਂ ਜਾਵੇਗਾ
ਕੀ ਤੁਸੀਂ ਸਵਾਲ ਉਠਾਇਆ ਕਿ ਤੁਹਾਡੀ ਧਾਰਨਾ ਸਿੱਖ ਵਿਰੋਧੀ ਹੈ? ਇਸ ’ਤੇ ਬੀਬੀ ਨੇ ਕਿਹਾ ਕਿ ਮੈਂ ਇਹ ਸਵਾਲ ਉਠਾਇਆ ਹੈ। ਮੈਂ ਕਿਹਾ ਕਿ ਸਿੱਖ ਕਿਤੇ ਸਿੱਖ ਸਟੇਟ ਜਾਂ ਖਾਲਸਾ ਰਾਜ ਦਾ ਨਾਰਾ ਲਗਾ ਦੇਣ ਤਾਂ ਤੁਸੀਂ ਉਨ੍ਹਾਂ ਨੂੰ ਜੇਲ ਵਿਚ ਸੁੱਟ ਦਿੰਦੇ ਹੋ। ਮੈਂ ਕਿਹਾ ਕਿ ਤੁਹਾਨੂੰ ਸਾਡੀ ਮਾਨਸਿਕਤਾ ਪੜ੍ਹਨੀ ਚਾਹੀਦੀ ਹੈ। ਇਹ ਨਾਅਰਾ ਉਸ ਵੇਲੇ ਆਉਂਦਾ ਹੈ ਜਦੋਂ ਹਿੰਦੁਤਵ ਦਾ ਨਾਅਰਾ ਆਉਂਦਾ ਹੈ। ਜਦੋਂ ਕੋਈ ਹਿੰਦੁਤਵ ਦਾ ਨਾਅਰਾ ਲਾਉਂਦਾ ਹੈ ਤਾਂ ਤੁਸੀਂ ਉਸ ਨੂੰ ਸਕਿਓਰਟੀ ਦਿੰਦੇ ਹੋ ਅਤੇ ਜਦੋਂ ਕੋਈ ਸਿੱਖ ਇਸ ਤਰ੍ਹਾਂ ਦਾ ਨਾਅਰਾ ਲਾਉਂਦਾ ਹੈ ਤਾਂ ਉਸ ਨੂੰ ਜੇਲ੍ਹ ਵਿਚ ਬੰਦ ਕਰ ਦਿੰਦੇ ਹੋ। ਇਸ ਮਾਮਲੇ ’ਚ ਬੇਗਾਨਿਆਂ ਵਾਲੀ ਗੱਲ ਹੁੰਦੀ ਹੈ। ਇਸ ’ਤੇ ਵਿਜੇ ਰੁਪਾਣੀ ਨੇ ਕਿਹਾ ਸੀ ਕਿ ਬੀਬੀ ਜੀ, ਤੁਹਾਡੀ ਗੱਲ ਪ੍ਰਧਾਨ ਮੰਤਰੀ ਸਾਹਮਣੇ ਉਠਾਈ ਜਾਵੇਗੀ। ਇਸ ਤੋਂ ਬਾਅਦ ਉਨ੍ਹਾਂ ਗ੍ਰਹਿ ਮੰਤਰੀ ਨਾਲ ਗੱਲ ਕਰ ਕੇ ਭਰੋਸਾ ਦਿੱਤਾ ਕਿ ਬੀਬੀ ਜੀ ਜੋ
ਮਹਿਸੂਸ ਕਰਦੇ ਹਨ, ਅਸੀਂ ਉਨ੍ਹਾਂ ਦਾ ਸਾਥ ਦੇਵਾਂਗੇ।
ਜਦੋਂ ਬੀਬੀ ਜੀ ਨੂੰ ਪੁੱਛਿਆ ਗਿਆ ਕਿ ਕੀ ਤੁਹਾਨੂੰ ਇਹ ਨਹੀਂ ਲੱਗਦਾ ਕਿ ਤੁਹਾਨੂੰ ਧੋਖੇ ਵਿਚ ਰੱਖਿਆ ਗਿਆ ਹੈ ਅਤੇ ਤੁਹਾਡੀਆਂ ਮੰਗਾਂ ਨਹੀਂ ਮੰਨੀਆਂ ਜਾਣਗੀਆਂ ਤਾਂ ਉਨ੍ਹਾਂ ਕਿਹਾ ਕਿ ਧੋਖੇ ਵਿਚ ਰੱਖਣਗੇ ਤਾਂ ਇਸ ਵਿਚ ਉਨ੍ਹਾਂ ਦਾ ਕੀ ਜਾਂਦਾ ਹੈ। 2024 ਦੀਆਂ ਚੋਣਾਂ ਨੇੜੇ ਹੀ ਹਨ। ਸਮਾਂ ਤਾਂ ਸਿਰਫ 8-10 ਮਹੀਨਿਆਂ ਦਾ ਹੀ ਹੈ।