ਤਿਹਾੜ ਜੇਲ੍ਹ ‘ਚ ਪੁਲਸੀਆਂ ਮੂਹਰੇ ਹੋਇਆ ਟਿੱਲੂ ਤਾਜਪੁਰੀਆ ਦਾ ਕਤਲ, 7 ਮੁਲਾਜ਼ਮ ਮੁੱਅਤਲ

ਨਵੀਂ ਦਿੱਲੀ – ਦਿੱਲੀ ਦੀ ਤਿਹਾੜ ਜੇਲ੍ਹ ’ਚ ਸੁਨੀਲ ਉਰਫ਼ ਟਿੱਲੂ ਤਾਜਪੁਰੀਆ ਕਤਲ ਕਾਂਡ ਅਜੇ ਵੀ ਸੁਰਖੀਆਂ ’ਚ ਹੈ। ਹੁਣ ਇਸ ਕਤਲ ਕਾਂਡ ਨਾਲ ਸਬੰਧਤ ਦੂਜੇ ਸੀ. ਸੀ. ਟੀ. ਵੀ. ਫੁਟੇਜ ਸਾਹਮਣੇ ਆਈ ਹੈ। ਇਸ ਵੀਡੀਓ ’ਚ ਜ਼ਖਮੀ ਟਿੱਲੂ ਨੂੰ ਪੁਲਸ ਮੁਲਾਜ਼ਮ ਸੈਂਟਰਲ ਗੈਲਰੀ ’ਚ ਲੈ ਕੇ ਆ ਰਹੇ ਹਨ ਜਦੋਂ ਅਚਾਨਕ ਉਥੇ ਮੌਜੂਦ ਕੈਦੀ ਪਿੱਛਿਓਂ ਆ ਕੇ ਜ਼ਖਮੀ ਟਿੱਲੂ ’ਤੇ ਹਮਲਾ ਕਰ ਦਿੰਦੇ ਹਨ ਪਰ 9 ਪੁਲਸ ਮੁਲਾਜ਼ਮ ਮੂਕ ਦਰਸ਼ਕ ਬਣੇ ਹੋਏ ਹਨ।
ਇਹ ਵੀਡੀਓ 47 ਸੈਕਿੰਡ ਦੀ ਹੈ। ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਪੁਲਸ ਮੁਲਾਜ਼ਮ ਪਿੱਛੇ ਹਟ ਰਹੇ ਹਨ। ਇਸ ਮਾਮਲੇ ’ਚ 7 ​​ਪੁਲਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਇਕ ਹੋਰ ਸੀ. ਸੀ. ਟੀ. ਵੀ. ਫੁਟੇਜ ਵੀਰਵਾਰ ਨੂੰ ਸਾਹਮਣੇ ਆਈ ਸੀ। ਕਰੀਬ 2.49 ਮਿੰਟ ਦੇ ਉਸ ਵੀਡੀਓ ’ਚ 4 ਦੋਸ਼ੀ ਯੋਗੇਸ਼ ਉਰਫ ਟੁੰਡਾ, ਦੀਪਕ ਉਰਫ ਤੀਤਰ, ਰਾਜੇਸ਼ ਅਤੇ ਰਿਆਜ਼ ਖਾਨ ਟਿੱਲੂ ’ਤੇ ਬੇਰਹਿਮੀ ਨਾਲ ਹਮਲਾ ਕਰ ਰਹੇ ਸਨ। ਇਕ ਕੈਦੀ ਤਾਂ ਟਿੱਲੂ ਦੇ ਮੂੰਹ ’ਤੇ ਹੀ ਲੱਤ ਮਾਰ ਦਿੰਦਾ ਹੈ। ਇਕ ਕੈਦੀ ਦੇ ਹੱਥ ’ਚ ਸੂਆ ਹੈ ਜਿਸ ਨਾਲ ਉਸ ’ਤੇ ਲਗਾਤਾਰ ਹਮਲਾ ਕਰ ਰਿਹਾ ਹੈ। ਇਹ ਵੀਡੀਓ 2 ਮਈ 2023 ਦੀ ਹੈ।