ਜੱਦੀ ਪਿੰਡ ਬਾਦਲ ਵਿਖੇ ਸ. ਪ੍ਰਕਾਸ਼ ਸਿੰਘ ਬਾਦਲ ਦੀ ਹੋਈ ਅੰਤਿਮ ਅਰਦਾਸ, ਅਮਿਤ ਸ਼ਾਹ ਸਣੇ ਪੁੱਜੇ ਕਈ ਸਿਆਸੀ ਆਗੂ

ਸ੍ਰੀ ਮੁਕਤਸਰ ਸਾਹਿਬ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ 25 ਅਪ੍ਰੈਲ ਨੂੰ ਦਿਹਾਂਤ ਹੋ ਗਿਆ ਸੀ। ਅੱਜ ਉਨ੍ਹਾਂ ਦੇ ਜੱਦੀ ਪਿੰਡ ਬਾਦਲ ਵਿਖੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਅੰਤਿਮ ਅਰਦਾਸ ਕੀਤੀ ਗਈ। ਇਸ ਮੌਕੇ ਬਾਦਲ ਪਰਿਵਾਰ ਸਮੇਤ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਮੌਜੂਦ ਰਹੀ। ਇਸ ਮੌਕੇ ਕੇਂਦਰੀ ਗ੍ਰਹਿ ਅਮਿਤ ਸ਼ਾਹ ਵੀ ਪੁੱਜੇ ਅਤੇ ਉਨ੍ਹਾਂ ਨੇ ਪਿੰਡ ਬਾਦਲ ਪਹੁੰਚਦਿਆਂ ਹੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਦਿੱਤੀ। ਅੰਤਿਮ ਅਰਦਾਸ ‘ਚ ਅਮਿਤ ਸ਼ਾਹ ਤੋਂ ਇਲਾਵਾ ਲੋਕ ਸਭਾ ਸਪੀਕਰ ਓਮ ਬਿਰਲਾ, ਡੇਰਾ ਬਿਆਸ ਮੁਖੀ ਗੁਰਿੰਦਰ ਢਿੱਲੋਂ, ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੋਟਾਲਾ, ਓਡੀਸ਼ਾ ਦੇ ਕੈਬਨਿਟ ਮੰਤਰੀ ਆਤਮ ਵੋਹਰਾ ਵੀ ਪਹੁੰਚੇ। ਜਾਣਕਾਰੀ ਹੈ ਕਿ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਤੇ ਮੰਤਰੀ ਨਿਤਿਨ ਗਡਕਰੀ ਵੀ ਪਹੁੰਚ ਸਕਦੇ ਹਨ।
ਦੱਸਣਯੋਗ ਹੈ ਕਿ ਪ੍ਰਕਾਸ਼ ਸਿੰਘ ਬਾਦਲ ਨੇ ਸਾਲ 1947 ‘ਚ ਸਿਆਸਤ ਸ਼ੁਰੂ ਕੀਤੀ ਸੀ। ਉਨ੍ਹਾ ਨੇ ਸਰਪੰਚ ਦੀਆਂ ਚੋਣਾਂ ਲੜੀਆਂ ਅਤੇ ਜਿੱਤ ਹਾਸਲ ਕੀਤੀ। 1957 ‘ਚ ਉਨ੍ਹਾਂ ਨੇ ਪਹਿਲੀ ਵਿਧਾਨ ਸਭਾ ਚੋਣ ਲੜੀ। 1969 ‘ਚ ਉਨ੍ਹਾਂ ਨੇ ਦੁਬਾਰਾ ਜਿੱਤ ਹਾਸਲ ਕੀਤੀ। 1969-70 ਤੱਕ ਉਹ ਪੰਚਾਇਤ ਰਾਜ, ਪਸ਼ੂ-ਪਾਲਣ, ਡੇਅਰੀ ਆਦਿ ਮੰਤਰਾਲਿਆਂ ਦੇ ਮੰਤਰੀ ਰਹੇ। ਇਸ ਤੋਂ ਇਲਾਵਾ ਉਹ 1970-71 ‘ਚ ਸਭ ਤੋਂ ਘੱਟ ਉਮਰ ਦੇ ਮੁੱਖ ਮੰਤਰੀ ਬਣੇ। ਜ਼ਿਕਰਯੋਗ ਹੈ ਕਿ ਪ੍ਰਕਾਸ਼ ਸਿੰਘ ਬਾਦਲ ਦਾ ਦਿਹਾਂਤ 25 ਅਪ੍ਰੈਲ 2023 ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਖੇ ਹੋਇਆ ਸੀ।