ਚੇਤੇ ਆਇਆ ਬਾਪੂ ਜੱਸੋਵਾਲ

ਡਾਇਰੀ ਦਾ ਪੰਨਾ / ਨਿੰਦਰ ਘੁਗਿਆਣਵੀ
ਨਿੰਦਰ ਘੁਗਿਆਣਵੀ
9417421700
ਪੰਜਾਬ ਦੇ ਸਭਿਆਚਾਰਕ ਮੇਲਿਆਂ ਦੇ ਮੋਹਰੀ ਬਾਪੂ ਜਗਦੇਵ ਸਿੰਘ ਜੱਸੋਵਾਲ ਨੇ ਆਪਣਾ ਜਨਮ ਦਿਨ ਹਰੇਕ ਸਾਲ 30 ਅਪ੍ਰੈਲ ਨੂੰ ਮਨਾਉਣਾ ਸ਼ੁਰੂ ਕਰ ਦਿੱਤਾ ਸੀ, ਅਤੇ ਉਹਦੇ ਵਲੋਂ ਪੱਖੋਵਾਲ ਰੋਡ ਦੀ ਕਾਲੋਨੀ ਪਾਲਮ ਵਿਹਾਰ ਵਿਖੇ ਬਣਾਏ ਜੱਸੋਵਾਲ ਭਵਨ ‘ਚ ਖ਼ੂਬ ਰੌਣਕਾਂ ਜੁੜਦੀਆਂ ਸਨ। ਸਵੇਰੇ ਸੁਖਮਨੀ ਸਾਹਿਬ ਦੇ ਪਾਠਾਂ ਦੇ ਭੋਗ ਪੈਂਦੇ ਤੇ ਫ਼ਿਰ ਬਾਪੂ ਆਪਣੇ ਨਾਂ ਉਤੇ ਸਥਾਪਿਤ ਕੀਤਾ ਪੁਰਸਕਾਰ ਕਿਸੇ ਵੱਡੀ ਹਸਤੀ ਨੂੰ ਉਥੇ ਹਾਜ਼ਿਰ ਵੱਡੀਆਂ ਹਸਤੀਆਂ ਹੱਥੋਂ ਹੀ ਭੇਂਟ ਕਰਵਾਉਂਦਾ ਹੁੰਦਾ। ਫ਼ਿਰ ਗਾਇਕਾਂ ਦਾ ਅਖਾੜਾ ਲਗਦਾ। ਆਥਣੇ ਬਾਪੂ ਦੇ ਗੁਰਦੇਵ ਨਗਰ ਵਾਲੇ ਪੁਰਾਣੇ ਘਰੇ ਦੇਰ ਰਾਤ ਤੀਕਰ ਮਹਿਫ਼ਲ ਜੁੜਦੀ। ਇਹ ਸਾਰੇ ਸਮਿਆਂ ‘ਚ ਮੈਂ ਲਗਭਗ ਢਾਈ ਦਹਾਕਿਆਂ ਤੋਂ ਵੀ ਵਧ ਦਾ ਸਮਾਂ ਦੇਖਦਾ ਤੇ ਹਾਜ਼ਿਰ ਹੁੰਦਾ ਰਿਹਾ ਸਾਂ। ਲੋਕਾਂ ਦੇ ਮੇਲੇ ਲਾਉਣ ਵਾਲਾ। ਜਨਮ ਦਿਨ ਅਤੇ ਬਰਸੀਆਂ ਮਨਾਉਣ ਵਾਲਾ। ਕੈਸਟਾਂ ਅਤੇ ਕਿਤਾਬਾਂ ਰਿਲੀਜ਼ ਕਰਵਾਉਣ ਵਾਲਾ ਅਤੇ ਥੁੜ੍ਹਾਂ ਖੁੰਝਿਆਂ ਕਲਾਕਾਰਾਂ ਅਤੇ ਲਿਖਾਰੀਆਂ ਨੂੰ ਗਲ ਨਾਲ ਲਾਉਣ ਵਾਲਾ ਬਾਪੂ ਦਸੰਬਰ 2014 ਨੂੰ ਸਾਥੋਂ ਸਦਾ ਸਦਾ ਵਾਸਤੇ ਦੂਰ ਚਲਿਆ ਗਿਆ। ਮੈਂ ਅਤੇ ਰਵਿੰਦਰ ਗਰੇਵਾਲ ਆਖਰੀ ਵਾਰੀ ਲੁਧਿਆਣੇ ਹਸਪਤਾਲ ‘ਚ ਮਿਲਣ ਗਏ। ਉਥੇ ਵੀ ਖ਼ੂਬ ਮੇਲਾ ਗੇਲਾ ਲਾਈ ਬੈਠਾ ਸੀ। ਚਾਰ ਜਾਣ ਅਤੇ ਛੇ ਆਉਣ। ਕੋਈ ਕਵਿਤਾ ਸੁਣਾਈ ਜਾਵੇ। ਕੋਈ ਗੀਤ ਗਾਈ ਜਾਵੇ। ਕੋਈ ਫ਼ੋਟੂਆਂ ਖਿੱਚੀ ਜਾਵੇ। ਰਾਹ ‘ਚ ਆਉਂਦਿਆ ਰਵਿੰਦਰ ਕਹਿੰਦਾ ਕਿ ਬਾਪੂ ਲਗਦਾ ਹੁਣ ਜਾਊਗਾ, ਲਗਦਾ ਨਹੀ ਠੀਕ ਹੁੰਦਾ ਸਿਹਤ ਬਾਹਲੀ ਡਿਗਪੀ ਐ।” ਮੈਂ ਹੁੰਗਾਰਾ ਨਾ ਭਰਿਆ, ਮੇਰਾ ਗਲਾ ਭਰ ਆਇਆ, ਅਤੇ ਕੁੱਝ ਦਿਨਾਂ ਬਾਅਦ ਬਾਪੂ ਚਲਾ ਗਿਆ।
***
ਕੁੱਝ ਕੁ ਸਾਲ ਉਹਦੇ ਚਹੇਤਿਆਂ ਤੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਚੇਤੇ ਕੀਤਾ। ਮੋਹਨ ਸਿੰਘ ਦਾ ਮੇਲਾ ਵੀ ਲਾਇਆ ਅਤੇ ਜਨਮ ਦਿਨ ਵੀ ਮਨਾਉਂਦੇ ਰਹੇ, ਪਰ ਬਾਪੂ ਵਾਲੀ ਗੱਲ ਕਿਥੇ ਕਿਸੇ ਤੋਂ ਬਣਦੀ ਸੀ? ਕਾਫ਼ਿਲੇ ਬੰਨ੍ਹ ਕੇ ਤੁਰਨ ਵਾਲੇ ਜੱਸੋਵਾਲ ਦੇ ਚੇਲਿਆਂ-ਬੇਲੀਆਂ ਦਾ ਕਾਫ਼ਲਾ ਹੌਲੀ ਹੌਲੀ ਕਰਕੇ ਖਿਲਰਣ-ਪੁਲਰਣ ਲੱਗਿਆ। ਗੁਰਦੇਵ ਨਗਰ ਵਾਲੇ ਘਰ ‘ਚੋਂ ਪੰਛੀ ਉਡ ਗਏ ਜਿਥੇ ਹਰ ਵਾਲੇ ਰਾਗ-ਰੰਗ ਅਤੇ ਰੌਣਕਾਂ ਲੱਗੀਆਂ ਰਹਿੰਦੀਆਂ ਸਨ। ਸਾਜ ਖੜਕਦੇ ਅਤੇ ਗੀਤ ਗੂੰਜਦੇ। ਬੇਬੇ ਅਤੇ ਰਜਿੰਦਰ ਸੇਵਾਦਾਰ ਮਿੱਸੀਆਂ ਰੋਟੀਆਂ ਲਾਹੀ ਜਾਂਦੇ। ਆਇਆ ਗਿਆ ਛਕੀ ਜਾਂਦਾ ਤੇ ਬਾਪੂ ਦੇ ਗੁਣ ਗਾਈ ਜਾਂਦਾ। ਇੱਕ ਦਿਨ ਬਾਪੂ ਦੇ ਮਗਰੇ ਬੇਬੇ ਸੁਰਜੀਤ ਕੌਰ ਵੀ ਤੁਰ ਗਈ। ਅੱਜ ਮੈਂ ਇਸ ਦਿਨ ਉੱਤੇ ਇਹ ਸ਼ਬਦ ਲਿਖਦਿਆਂ ਅੱਖਾਂ ਭਰੀਆਂ ਨੇ। ਉਸ ਦਿਨ ਵੀ ਅੱਖਾਂ ਭਰ ਆਈਆਂ ਸਨ ਜਦ ਕੁੱਝ ਸਾਲ ਪਹਿਲਾਂ ਬਾਪੂ ਦੇ ਇਸ ਸੁੰਨੇ ਦਰਵਾਜੇ ਮੂਹਰ ਦੀ ਲੰਘਦਿਆਂ ਮੈਂ ਤੇ ਰਵਿੰਦਰ ਗਰੇਵਾਲ ਰਾਤ ਨੂੰ ਲੰਘੇ ਸਾਂ ਕਿਉਂਕ ਸਾਨੂੰ ਘਰ ਅੰਦਰ ਬਿਠਾਉਣ ਵਾਲਾ ਕੋਈ ਨਹੀਂ ਸੀ।
***
ਯਾਦਾਂ ਦਾ ਝੁਰਮਟ ਹੈ। ਅਭੁੱਲ ਯਾਦਾਂ ਹਨ। ਪ੍ਰੋ ਮੋਹਨ ਸਿੰਘ ਦਾ ਮੇਲਾ ਅਤੇ ਲੁਧਿਆਣੇ ਦਾ ਪੰਜਾਬੀ ਭਵਨ ਦੁਨੀਆਂ ਭਰ ‘ਚ ਮਸ਼ਹੂਰ ਕਰਨ ਵਾਲੇ ਬਾਪੂ ਜਸੋਵਾਲ ਬਾਰੇ ਉਹਦੇ ਜੀਂਦੇ ਜੀਅ ਮੈਂ ਦੋ ਕਿਤਾਬਾਂ ਵੀ ਲਿਖੀਆਂ, ਇੱਕ ਦਾ ਅੰਗਰੇਜ਼ੀ ‘ਚ ਅਨੁਵਾਦ ਵੀ ਹੋਇਆ। ਬਾਪੂ ਦੇ ਪੁਰਾਣੇ ਸੰਗੀ ਤੇ ਉਘੇ ਸ਼ਾਇਰ ਗੁਰਭਜਨ ਗਿੱਲ ਦਾ ਜਦ ਦਿਲ ਕਰਦਾ ਹੈ ਕਿ ਬਾਪੂ ਦੀਆਂ ਬਾਤਾਂ ਪਾਉਣ ਨੂੰ ਤਾਂ ਉਹ ਲੰਬਾ ਫ਼ੋਨ ਕਰਦਾ ਹੈ। ਫ਼ਿਰ ਹਉਕੇ ਭਰਦਾ ਹੈ ਅਤੇ ਅੱਖਾਂ ਵੀ। ਕਹਿੰਦਾ ਹੈ, ”ਕਦੇ ਤਾਂ ਯਾਦ ਕਰੂਗਾ ਹੀ ਕੋਈ, ਕਿੰਨਾ ਕੁ ਚਿਰ ਵਿਸਾਰ ਲਵਾਂਗੇ ਤੇ ਮਨਾਂ ‘ਚੋਂ ਕਿੰਝ ਮਾਰ ਲਵਾਂਗੇ ਓਸ ਹਸਤੀ ਨੂੰ? ਇਹੋ ਜਿਹੇ ਮਨੁੱਖ ਮਨਾਂ ਚੋਂ ਕਿਰਦੇ ਨਹੀਂ ਹੁੰਦੇ।”
***
ਸ੍ਰ. ਜਗਦੇਵ ਸਿੰਘ ਜੱਸੋਵਾਲ ਦਾ ਛੋਟਾ ਭਰਾ ਇੰਦਰਜੀਤ ਸਿੰਘ ਗਰੇਵਾਲ ਆਖਦਾ ਹੈ, ”ਬਾਈ ਸੁਪਨੇ ‘ਚ ਆਉਂਦਾ ਹੈ, ਮੋਢਾ ਹਲੂੰਣ ਜਗਾਉਂਦਾ ਹੈ ਅਤੇ ਕਾਫ਼ਿਲੇ ‘ਚ ਤੁਰਨ ਲਈ ਆਖਦਾ ਹੈ। ਅਸੀਂ ਫ਼ਿਰ ਤੋਂ ਜੁੜਾਂਗੇ ਅਤੇ ਕਾਫ਼ਿਲੇ ਸੰਗ ਤੁਰਾਂਗੇ, ਆਓ ਸਾਰੇ ਅਜ ਤੀਹ ਅਪ੍ਰੈਲ ਦੇ ਦਿਨ ਉਹਦੀਆਂ ਬਾਤਾਂ ਪਾਈਏ। ਬਾਪੂ ਦੇ ਹੋਣਹਾਰ ਚੇਲੇ ਅਮਰਿੰਦਰ ਸਿੰਘ ਜਸੋਵਾਲ ਨੇ ਗੁਰਦੇਵ ਨਗਰ ਵਾਲੇ ਘਰ ਦਾ ਕੁੰਡਾ ਜਿੰਦਾ ਕਦੇ ਨਹੀਂ ਲਾਇਆ। ਸਮੇਂ ਬੜੀ ਤੇਜੀ ਨਾਲ ਬੀਤੇ ਅੱਖ ਝਪਕਣ ਵਾਂਗਰਾਂ। ਅੱਜ ਜਸੋਵਾਲ ਜੀ ਦੇ 88ਵੇਂ ਜਨਮ ਦਿਨ ਉਤੇ ਉਹ ਪੰਛੀ ਵੀ ਘਰ ਦੇ ਆਲਣਿਆਂ ‘ਚ ਪਰਤ ਆਉਣਗੇ ਜੋ ਬਾਪੂ ਦੀ ਅਰਥੀ ਮਗਰ ਉਡਦੇ ਉਡਦੇ ਦੂਰ ਕਿਧਰੇ ਉਡ ਗਏ ਸਨ।
—–