ਕਿਸੇ ਨਾਲ ਨੱਚਣਾ ਮੇਰੇ ਲਈ ਔਖਾ ਕੰਮ: ਰਿਤਿਕ ਰੌਸ਼ਨ

ਅਦਾਕਾਰ ਰਿਤਿਕ ਰੌਸ਼ਨ ਦਾ ਕਹਿਣਾ ਹੈ ਕਿ ਕਿਸੇ ਨਾਲ ਨੱਚਣ ਦੇ ਮਾਮਲੇ ‘ਚ ਉਹ ਬਹੁਤ ਹੀ ਕੱਚਾ ਹੈ। ਰਿਤਿਕ ਨੇ ਕਿਹਾ, ”ਇਕੱਲਿਆਂ ਨੱਚਣ ਵੇਲੇ ਮੈਂ ਬਹੁਤ ਹੀ ਅਰਾਮਦੇਹ ਸਥਿਤੀ ‘ਚ ਹੁੰਦਾ ਹਾਂ, ਪਰ ਜਦੋਂ ਗੱਲ ਕਿਸੇ ਨਾਲ ਨੱਚਣ ਦੀ ਹੋਵੇ ਤਾਂ ਤੁਹਾਨੂੰ ਇੱਕ ਖ਼ਾਸ ਲੈਅ ਅਤੇ ਤਾਲ ਦਾ ਖ਼ਿਆਲ ਰੱਖਣਾ ਪੈਂਦਾ ਹੈ ਜੋ ਆਪਣੇ ਆਪ ‘ਚ ਇੱਕ ਬਹੁਤ ਹੀ ਖ਼ੂਬਸੂਰਤ ਚੀਜ਼ ਹੈ। ਮੈਂ ਕਦੇ ਵੀ ਇਹ ਲੈਅ ਤੇ ਤਾਲ ਨਹੀਂ ਬਣਾ ਸਕਿਆ।
ਬੈਲੇ ਨਾਚ ਨੂੰ ਵੇਖ ਕੇ ਮੈਂ ਬਹੁਤ ਹੈਰਾਨ ਹੁੰਦਾ ਹਾਂ … ਇਸ ਨਾਚ ਦੀ ਬਾਰੀਕੀ, ਲੈਅਬੱਧਤਾ ਅਤੇ ਸੰਤੁਲਨ ਸਭ ਕੁੱਝ ਹੀ ਬਹੁਤ ਕਮਾਲ ਦੇ ਹਨ। ਫ਼ਿਲਮ ਗ਼ੁਜ਼ਾਰਿਸ਼ ਵੇਲੇ ਮੈਨੂੰ ਇਹ ਨਾਚ ਸਿੱਖਣ ਦਾ ਮੌਕਾ ਮਿਲਿਆ ਸੀ ਜੋ ਮੇਰੇ ਲਈ ਇੱਕ ਵੱਖਰਾ ਅਤੇ ਆਨੰਦਮਈ ਤਜਰਬਾ ਸੀ। ਇਹ ਇਸ ਤਰ੍ਹਾਂ ਸੀ ਜਿਵੇਂ ਮੈਂ ਇੱਕ ਗੇਂਦ ਫ਼ੜ ਕੇ ਘੁੰਮ ਰਿਹਾ ਹੋਵਾਂ, ਪਰ ਸ਼ੂਟਿੰਗ ਦੌਰਾਨ ਇਹ ਨਾਚ ਕਰਦਿਆਂ ਮੇਰੇ ਲਈ ਤਿੰਨ ਗੇੜੇ ਲਾਉਣਾ ਹੀ ਔਖਾ ਹੋ ਗਿਆ ਸੀ। ਅਸੀਂ ਦੋ ਘੰਟੇ ਇਸ ‘ਤੇ ਮੁਸ਼ੱਕਤ ਕੀਤੀ ਤੇ ਮਗਰੋਂ ਖਾਣਾ ਖਾ ਕੇ ਮੁੜ ਜੁਟ ਗਏ, ਪਰ ਕਿਸਮਤ ਨਾਲ ਉਦੋਂ ਮੇਰੀ ਪਹਿਲੀ ਹੀ ਕੋਸ਼ਿਸ਼ ਕਾਮਯਾਬ ਹੋ ਗਈ।”
ਅਦਾਕਾਰ ਨੇ ਦੱਸਿਆ ਕਿ ਫ਼ਿਲਮ ਦਾ ਬੈਂਗ ਬੈਂਗ ਦੇ ਟਾਈਟਲ ਗੀਤ ਅਤੇ ਵਾਰ ਦੇ ਗੀਤ ਘੁੰਗਰੂ ਆਦਿ ‘ਤੇ ਕੀਤੇ ਨਾਚ ਦਾ ਉਸ ਨੇ ਬਹੁਤ ਆਨੰਦ ਮਾਣਿਆ।