ਕਾਂਗਰਸ ਦੀ ‘ਗਰੰਟੀ ਝੂਠੀ’, ਕਰਨਾਟਕ ਦਾ ਖਜ਼ਾਨਾ ਖਾਲੀ ਹੋ ਜਾਵੇਗਾ ਫਿਰ ਵੀ ਰਹੇਗੀ ਅਧੂਰੀ : PM ਮੋਦੀ

ਕਰਨਾਟਕ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਅੱਤਵਾਦ, ਭ੍ਰਿਸ਼ਟਾਚਾਰ ਅਤੇ ਪਰਿਵਾਰਵਾਦ ਦੇ ਮੁੱਦੇ ‘ਤੇ ਕਾਂਗਰਸ ‘ਤੇ ਨਿਸ਼ਾਨਾ ਵਿੰਨ੍ਹਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਬਿਨਾਂ ਗਰੰਟੀ ਵਾਲੀ ਇਸ ਪਾਰਟੀ ਦੀ ਕਰਨਾਟਕ ਵਿਧਾਨ ਸਭਾ ਚੋਣਾਂ ‘ਚ ਦਿੱਤੀ ਗਈ ‘ਗਰੰਟੀ ਝੂਠੀ’ ਹੈ ਕਿਉਂਕਿ ਕਰਨਾਟਕ ਦਾ ਖਜ਼ਾਨਾ ਵੀ ਖਾਲੀ ਹੋ ਜਾਵੇਗਾ ਤਾਂ ਵੀ ਇਨ੍ਹਾਂ ਨੂੰ ਪੂਰਾ ਨਹੀਂ ਕੀਤਾ ਜਾ ਸਕੇਗਾ। ਇੱਥੇ ਇਕ ਚੋਣਾਵੀ ਜਨ ਸਭਾ ਨੂੰ ਸੰਬੋਧਿਤ ਕਰਦਿਆਂ ਪ੍ਰਧਾਨ ਮੰਤਰੀ ਨੇ ਪ੍ਰਦੇਸ਼ ਦੀ ਜਨਤਾ ਨੂੰ ਕਾਂਗਰਸ ਅਤੇ ਜਨਤਾ ਦਲ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਅਤੇ ਦੋਸ਼ ਲਾਇਆ ਕਿ ਇਨ੍ਹਾਂ ਪਾਰਟੀਆਂ ਦੀ ਤਰਜ਼ੀਹ ਵਿਚ ਸੂਬੇ ਦਾ ਵਿਕਾਸ ਕਿਤੇ ਨਹੀਂ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਬਿਨਾਂ ਗਰੰਟੀ ਵਾਲੀ ਕਾਂਗਰਸ ਦੀ ਗਰੰਟੀ ਵੀ ਓਨੀਂ ਹੀ ਝੂਠੀ ਹੈ ਅਤੇ ਝੂਠੀਆਂ ਗਰੰਟੀਆਂ ਦਾ ਕਾਂਗਰਸ ਦਾ ਟਰੈਕ ਰਿਕਾਰਡ ਬਹੁਤ ਪੁਰਾਣਾ ਹੈ। ਉਸ ਦੇ ਐਲਾਨ ‘ਚ ਸਾਰੇ ਘਰਾਂ ਨੂੰ 200 ਯੂਨਿਟ ਮੁਫ਼ਤ ਬਿਜਲੀ, ਹਰ ਪਰਿਵਾਰ ਦੀ ਮਹਿਲਾ ਮੁਖੀਆ ਨੂੰ 2000 ਰੁਪਏ ਸਲਾਨਾ ਮਦਦ, ਗਰੈਜੂਏਟ ਨੌਜਵਾਨਾਂ ਲਈ 3000 ਰੁਪਏ ਅਤੇ ਡਿਪਲੋਮਾ ਧਾਰਕਾਂ ਨੂੰ 2 ਸਾਲ ਲਈ 1500 ਰੁਪਏ ਸ਼ਾਮਲ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਨੂੰ ਪਤਾ ਹੈ ਕਿ ਕਰਨਾਟਕ ਦੇ ਲੋਕ ਉਸ ਨੂੰ ਸੱਤਾ ਵਿਚ ਨਹੀਂ ਆਉਣ ਦੇਣਗੇ, ਇਸ ਲਈ ਉਹ ਵੱਡੇ-ਵੱਡੇ ਝੂਠੇ ਵਾਅਦੇ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜਿੰਨੀ ਵੱਡੀ ਰਾਸ਼ੀ ਅਤੇ ਗਰੰਟੀ ਦੀ ਗੱਲ ਕਾਂਗਰਸ ਕਰ ਰਹੀ ਹੈ, ਉਸ ਤੋਂ ਤਾਂ ਕਰਨਾਟਕ ਦਾ ਖਜ਼ਾਨਾ ਵੀ ਖਾਲੀ ਹੋ ਜਾਵੇਗਾ, ਫਿਰ ਵੀ ਗਰੰਟੀ ਅਧੂਰੀ ਰਹਿ ਜਾਵੇਗੀ। ਇਹ ਗਰੰਟੀ ਜੇਕਰ ਪੂਰੀ ਕਰਨੀ ਹੈ ਤਾਂ ਸੂਬੇ ਦੇ ਵਿਕਾਸ ਦੇ ਸਾਰੇ ਕੰਮ ਬੰਦ ਕਰ ਦੇਣੇ ਪੈਣਗੇ।
ਪ੍ਰਧਾਨ ਮੰਤਰੀ ਨੇ ਦੋਸ਼ ਲਾਇਆ ਕਿ ਕਾਂਗਰਸ ਦਾ ਇਤਿਹਾਸ ਅੱਤਵਾਦ ਅਤੇ ਅੱਤਵਾਦੀਆਂ ਦੇ ਤੁਸ਼ਟੀਕਰਨ ਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਦਿੱਲੀ ‘ਚ ਬਾਟਲਾ ਹਾਊਸ ਮੁਕਾਬਲਾ ਹੋਇਆ ਤਾਂ ਅੱਤਵਾਦੀਆਂ ਦੇ ਮਾਰੇ ਜਾਣ ਦੀ ਖਬਰ ਸੁਣ ਕੇ ਕਾਂਗਰਸ ਦੇ ਸਭ ਤੋਂ ਵੱਡੇ ਨੇਤਾ ਦੀਆਂ ਅੱਖਾਂ ‘ਚ ਹੰਝੂ ਆ ਗਏ। ਜਦੋਂ ਸਰਜੀਕਲ ਸਟ੍ਰਾਈਕ ਅਤੇ ਹਵਾਈ ਹਮਲੇ ਹੋਏ ਤਾਂ ਕਾਂਗਰਸ ਨੇ ਦੇਸ਼ ਦੀਆਂ ਫੌਜਾਂ ਦੀ ਸਮਰੱਥਾ ‘ਤੇ ਸਵਾਲ ਖੜ੍ਹੇ ਕੀਤੇ।