ਪਹਿਲਵਾਨਾਂ ਦੇ ਧਰਨੇ ’ਚ ਸ਼ਾਮਲ ਹੋਏ ਨਵਜੋਤ ਸਿੱਧੂ

ਭਾਰਤੀ ਕੁਸ਼ਤੀ ਸੰਘ ਦੇ ਮੁਖੀ ਖਿਲਾਫ ਚੱਲ ਰਿਹਾ ਹੈ ਜੰਤਰ ਮੰਤਰ ’ਤੇ ਧਰਨਾ
ਨਵੀਂ ਦਿੱਲੀ : ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਅੱਜ ਭਾਰਤੀ ਕੁਸ਼ਤੀ ਸੰਘ ਦੇ ਮੁਖੀ ਬਿ੍ਰਜ਼ ਭੂਸ਼ਣ ਸ਼ਰਣ ਸਿੰਘ ਖਿਲਾਫ ਨਵੀਂ ਦਿੱਲੀ ਵਿਖੇ ਜੰਤਰ ਮੰਤਰ ’ਤੇ ਚੱਲ ਰਹੇ ਪਹਿਲਵਾਨਾਂ ਦੇ ਧਰਨੇ ਵਿਚ ਸ਼ਾਮਲ ਹੋਏ। ਇਸ ਦੌਰਾਨ ਨਵਜੋਤ ਸਿੱਧੂ ਨੇ ਧਰਨਾ ਦੇ ਰਹੇ ਪਹਿਲਵਾਨਾਂ ਨਾਲ ਮੁਲਾਕਾਤ ਕੀਤੀ। ਬਿ੍ਰਜ ਭੂਸ਼ਣ ਸ਼ਰਣ ਸਿੰਘ ਦੀ ਗਿ੍ਰਫ਼ਤਾਰੀ ਨਾ ਹੋਣ ’ਤੇ ਸਵਾਲ ਚੁੱਕਦਿਆਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਇਹ ਦੇਸ਼ ਦੀਆਂ ਮਹਿਲਾਵਾਂ ਦੇ ਸਨਮਾਨ ਦੀ ਲੜਾਈ ਹੈ। ਉਨ੍ਹਾਂ ਕਿਹਾ ਕਿ ਦੋਸ਼ੀ ਚਾਹੇ ਕੋਈ ਵੀ ਹੋਵੇ, ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਸਰਕਾਰ ਸਜ਼ਾ ਦੇਣ ਵਿਚ ਦੋਹਰਾ ਮਾਪਦੰਡ ਅਪਣਾ ਰਹੀ ਹੈ ਅਤੇ ਮਾਮਲਾ ਠੰਢੇ ਬਸਤੇ ਵਿਚ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਭਾਰਤੀ ਕੁਸ਼ਤੀ ਸੰਘ ਦੇ ਮੁਖੀ ਬਿ੍ਰਜ਼ ਭੂਸ਼ਣ ਸ਼ਰਣ ਸਿੰਘ ਖਿਲਾਫ ਕੁਝ ਮਹਿਲਾ ਪਹਿਲਵਾਨਾਂ ਨੇ ਜਿਨਸ਼ੀ ਸ਼ੋਸ਼ਣ ਦੇ ਆਰੋਪ ਲਗਾਏ ਹਨ। ਦਿੱਲੀ ਪੁਲਿਸ ਨੇ 7 ਮਹਿਲਾ ਪਹਿਲਵਾਨਾਂ ਵਲੋਂ ਲਗਾਏ ਗਏ ਜਿਨਸ਼ੀ ਸ਼ੋਸ਼ਣ ਦੇ ਆਰੋਪਾਂ ਤਹਿਤ ਬਿ੍ਰਜ਼ ਭੂਸ਼ਣ ਸ਼ਰਣ ਸਿੰਘ ਖਿਲਾਫ ਦੋ ਐਫ.ਆਈ.ਆਰ. ਦਰਜ ਕੀਤੀਆਂ ਹਨ। ਜਦੋਂ ਕਿ ਪਹਿਲੀ ਐਫ.ਆਈ.ਆਰ. ਇਕ ਨਾਬਾਲਗ ਪਹਿਲਵਾਨ ਵਲੋਂ ਲਗਾਏ ਆਰੋਪਾਂ ਨਾਲ ਸਬੰਧਤ ਹੈ ਅਤੇ ਪੋਕਸੋ ਐਕਟ ਦੇ ਤਹਿਤ ਦਰਜ ਕੀਤੀ ਗਈ ਹੈ। ਇਸੇ ਦੌਰਾਨ ਦੂੁਜੀ ਐਫ.ਆਈ.ਆਰ. ਔਰਤਾਂ ਦੀ ਮਰਿਆਦਾ ਨੂੰ ਠੇਸ ਪਹੁੰਚਾਉਣ ਨਾਲ ਸਬੰਧਤ ਸੀ। ਇਸੇ ਦੌਰਾਨ ਰਾਜ ਸਭਾ ਮੈਂਬਰ ਕਪਿਲ ਸਿੱਬਲ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜੰਤਰ-ਮੰਤਰ ਜਾ ਕੇ ਪ੍ਰਦਰਸ਼ਨਕਾਰੀ ਮਹਿਲਾ ਪਹਿਲਵਾਨਾਂ ਦੇ ‘ਮਨ ਕੀ ਬਾਤ’ ਸੁਣਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਕਦਮ ਨਾਲ ਇਹ ਸਾਬਿਤ ਹੋਵੇਗਾ ਕਿ ਪ੍ਰਧਾਨ ਮੰਤਰੀ ਉਨ੍ਹਾਂ ਦੇ ਦਰਦ ਨੂੰ ਸਮਝਣ ਲਈ ਤਿਆਰ ਹਨ। ਧਿਆਨ ਰਹੇ ਕਿ ਸੀਨੀਅਰ ਵਕੀਲ ਸਿੱਬਲ ਪਹਿਲਵਾਨਾਂ ਵੱਲੋਂ ਸੁਪਰੀਮ ਕੋਰਟ ’ਚ ਪੈਰਵੀ ਕਰ ਰਹੇ ਹਨ।