PM ਮੋਦੀ ਨੇ ਪੋਪ ਫਰਾਂਸਿਸ ਦੇ ਜਲਦ ਸਿਹਤਮੰਦ ਹੋਣ ਦੀ ਕੀਤੀ ਕਾਮਨਾ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਪੋਪ ਫਰਾਂਸਿਸ ਦੀ ਚੰਗੀ ਸਿਹਤ ਅਤੇ ਜਲਦ ਸਿਹਤਮੰਦ ਹੋਣ ਦੀ ਕਾਮਨਾ ਕੀਤੀ। ਪੀ.ਐੱਮ. ਮੋਦੀ ਨੇ ਪੋਪ ਦੇ ਟਵੀਟ ਦੇ ਜਵਾਬ ‘ਚ ਰੀਟਵੀਟ ਕੀਤਾ,”ਪੋਪ ਫਰਾਂਸਿਸ ਦੀ ਚੰਗੀ ਸਿਹਤ ਅਤੇ ਜਲਦ ਸਿਹਤਮੰਦ ਹੋਣ ਦੀ ਕਾਮਨਾ ਕਰਦਾ ਹਾਂ।” ਪੋਪ ਨੇ ਸ਼ੁੱਕਰਵਾਰ ਨੂੰ ਆਪਣੇ ਟਵੀਟ ‘ਚ ਕਿਹਾ,”ਮੈਂ ਪਿਛਲੇ ਕੁਝ ਘੰਟਿਆਂ ‘ਚ ਪ੍ਰਾਪਤ ਕਈ ਸੰਦੇਸ਼ਾਂ ਤੋਂ ਪ੍ਰਭਾਵਿਤ ਹੋਇਆ ਹਾਂ ਅਤੇ ਮੈਂ ਹਮਦਰਦੀ ਅਤੇ ਪ੍ਰਾਰਥਨਾ ਲਈ ਆਪਣਾ ਧੰਨਵਾਦ ਜ਼ਾਹਰ ਕਰਦਾ ਹਾਂ।”
ਪੋਪ ਫਰਾਂਸਿਸ ਨੂੰ ਬੁੱਧਵਾਰ ਨੂੰ ਸਾਹ ਸੰਬੰਧੀ ਇੰਫੈਕਸ਼ਨ ਦਾ ਪਤਾ ਲੱਗਣ ਤੋਂ ਬਾਅਦ ਕੁਝ ਦਿਨਾਂ ਲਈ ਰੋਮ ਦੇ ਜੇਮੇਲੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਸੀ। ਵੇਟਿਕਨ ਨੇ 29 ਮਾਰਚ ਨੂੰ ਜਾਰੀ ਬਿਆਨ ‘ਚ ਇਸ ਦੀ ਪੁਸ਼ਟੀ ਕੀਤੀ ਸੀ। ਬਿਆਨ ਅਨੁਸਾਰ ਪੋਪ ਨੂੰ ਸਾਹ ਲੈਣ ‘ਚ ਪਰੇਸ਼ਾਨੀ ਹੋਣ ਕਾਰਨ ਹਸਪਤਾਲ ‘ਚ ਮੈਡੀਕਲ ਜਾਂਚ ਕੀਤੀ ਗਈ ਸੀ। ਪੋਪ ਨੂੰ ਇੰਫੈਕਸ਼ਨ ਬ੍ਰੋਂਕਾਈਟਿਸ ਨੂੰ ਠੀਕ ਕਰਨ ਲਈ ਦਿੱਤੀ ਜਾਣ ਵਾਲੀ ਐਂਟੀਬਾਇਓਟਿਕ ਦਵਾਈਆਂ ਦਾ ਅਨੁਕੂਲ ਅਸਰ ਪਿਆ ਹੈ ਅਤੇ ਉਨ੍ਹਾਂ ਦੀ ਸਿਹਤ ‘ਚ ਸੁਧਾਰ ਹੋਇਆ ਹੈ। ਦੱਸਣਯੋਗ ਹੈ ਕਿ ਅਕਤੂਬਰ-2021 ‘ਚ ਜੀ20 ਸਿਖਰ ਸੰਮੇਲਨ ‘ਚ ਸ਼ਾਮਲ ਹੋਣ ਲਈ ਇਟਲੀ ਦੀ ਯਾਤਰਾ ਦੌਰਾਨ ਸ਼੍ਰੀ ਮੋਦੀ ਨੇ ਰੋਮ ‘ਚ ਪੋਪ ਨਾਲ ਮੁਲਾਕਾਤ ਕੀਤੀ ਸੀ।