ਲੁਧਿਆਣਾ ‘ਚ ਕੋਰੋਨਾ ਨਾਲ ਇਕ ਮਰੀਜ਼ ਦੀ ਮੌਤ, 8 ਨਵੇਂ ਕੇਸ ਆਏ ਪਾਜ਼ੇਟਿਵ

ਲੁਧਿਆਣਾ : ਮਹਾਨਗਰ ‘ਚ ਕੋਰੋਨਾ ਦੇ ਇਕ ਮਰੀਜ਼ ਦੀ ਮੌਤ ਹੋ ਗਈ ਹੈ। 52 ਸਾਲਾ ਮਰੀਜ਼ ਮੋਹਨਦੇਈ ਓਸਵਾਲ ਹਸਪਤਾਲ ‘ਚ ਦਾਖ਼ਲ ਸੀ। ਸਿਹਤ ਅਧਿਕਾਰੀਆਂ ਮੁਤਾਬਕ ਮ੍ਰਿਤਕ ਮਰੀਜ਼ ਕਾਫੀ ਸਮੇਂ ਤੋਂ ਪੀਲੀਆ ਤੋਂ ਪੀੜਤ ਸੀ। ਉਸ ਨੂੰ ਬੀਤੇ ਦਿਨ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ।
ਜ਼ਿਲ੍ਹੇ ‘ਚ ਪਿਛਲੇ 24 ਘੰਟਿਆਂ ਦੌਰਾਨ 8 ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਨ੍ਹਾਂ ਵਿਚੋਂ 6 ਮਰੀਜ਼ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਇਨ੍ਹਾਂ ਵਿਚੋਂ ਦੋ ਹੈਲਥ ਕੇਅਰ ਵਰਕਰ ਸ਼ਾਮਲ ਹਨ, ਜਿਸ ‘ਚ ਇਕ 20 ਸਾਲਾ ਕੁੜੀ ਸੀ. ਐੱਮ. ਸੀ. ਹਸਪਤਾਲ ਦੇ ਨੇੜੇ ਰਹਿਣ ਵਾਲੀ ਹੈ, ਜਦੋਂਕਿ ਦੂਜੀ 48 ਸਾਲਾ ਔਰਤ ਦੇਵ ਨਗਰ ਦੀ ਨਿਵਾਸੀ ਹੈ। ਇਸ ਤੋਂ ਇਲਾਵਾ 36 ਸਾਲਾ ਪਾਜ਼ੇਟਿਵ ਔਰਤ ਮਰੀਜ਼ ਚੱਕ ਮੰਡੀ ਖੰਨਾ, 62 ਸਾਲਾ ਔਰਤ ਸੈਂਸੋਵਾਲ ਕਲਾਂ ਅਤੇ 75 ਸਾਲਾ ਔਰਤ ਬਸਤੀ ਜੋਧੇਵਾਲ ਦੀ ਰਹਿਣ ਵਾਲੀ ਹੈ। ਇਸ ਤੋਂ ਇਲਾਵਾ ਇਕ 52 ਸਾਲਾ ਮਰੀਜ਼, ਜੋ ਕਰਨੈਲ ਸਿੰਘ ਨਗਰ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ, ਪਾਜ਼ੇਟਿਵ ਆਉਣ ਤੋਂ ਬਾਅਦ ਲਾਪਤਾ ਹੈ।