ਸਲਮਾਨ ਨੂੰ ਧਮਕੀ ਦੇਣ ਵਾਲਾ ਰਾਜਸਥਾਨ ਤੋਂ ਗ੍ਰਿਫ਼ਤਾਰ

ਮੁੰਬਈ ਪੁਲੀਸ ਨੇ ਅਦਾਕਾਰ ਸਲਮਾਨ ਖ਼ਾਨ ਦੇ ਦਫ਼ਤਰ ‘ਚ ਧਮਕੀ ਭਰੀ ਈ-ਮੇਲ ਭੇਜਣ ਦੇ ਮਾਮਲੇ ‘ਚ ਰਾਜਸਥਾਨ ਤੋਂ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਨੂੰ ਮੁੰਬਈ ਲਿਆਂਦਾ ਜਾ ਰਿਹਾ ਹੈ।
ਧਮਕੀ ਭਰੀ ਈ-ਮੇਲ ਸਬੰਧੀ ਸ਼ਿਕਾਇਤ ਪ੍ਰਸ਼ਾਂਤ ਗੁੰਜਾਲਕਰ ਨੇ ਬਾਂਦਰਾ ਪੁਲੀਸ ਸਟੇਸ਼ਨ ‘ਚ ਦਰਜ ਕਰਵਾਈ ਸੀ। ਗੁੰਜਾਲਕਰ ਅਕਸਰ ਸਲਮਾਨ ਖ਼ਾਨ ਦੇ ਬਾਂਦਰਾ ਸਥਿਤ ਘਰ ਆਉਂਦਾ-ਜਾਂਦਾ ਰਹਿੰਦਾ ਹੈ। ਉਹ ਫ਼ਿਲਮ ਸੈਕਟਰ ਨਾਲ ਸਬੰਧਤ ਇੱਕ ਕੰਪਨੀ ਚਲਾਉਂਦਾ ਹੈ।
ਜਦੋਂ ਗੁੰਜਾਲਕਰ ਕੁੱਝ ਦਿਨ ਪਹਿਲਾਂ ਗਲੈਕਸੀ ਅਪਾਰਟਮੈਂਟਸ ਸਥਿਤ ਖ਼ਾਨ ਦੇ ਦਫ਼ਤਰ ‘ਚ ਮੌਜੂਦ ਸੀ ਤਾਂ ਉਸ ਨੇ ਦੇਖਿਆ ਕਿ ਰੋਹਿਤ ਗਰਗ ਨਾਂ ਦੀ ਇੱਕ ID ਤੋਂ ਇੱਕ ਈ-ਮੇਲ ਆਈ ਹੈ। ਈ-ਮੇਲ ਭੇਜਣ ਵਾਲੇ ਨੇ ਹਿੰਦੀ ‘ਚ ਲਿਖਿਆ ਸੀ, ”ਗੋਲਡੀ ਭਾਈ (ਗੈਂਗਸਟਰ ਗੋਲਡੀ ਬਰਾੜ) ਕੇਸ ਨੂੰ ਬੰਦ ਕਰਨ ਲਈ ਸਲਮਾਨ ਖ਼ਾਨ ਨਾਲ ਆਹਮੋ-ਸਾਹਮਣੇ ਗੱਲ ਕਰਨੀ ਚਾਹੁੰਦੇ ਹਨ। ਅਗਲੀ ਵਾਰ ਝਟਕਾ ਵੇਖਣ ਨੂੰ ਮਿਲੇਗਾ।”
ਮਾਮਲੇ ਦੀ ਵਿਸਥਾਰਿਤ ਤਕਨੀਕੀ ਜਾਂਚ ਤੋਂ ਬਾਅਦ ਪੁਲੀਸ ਨੂੰ ਮੁਲਜ਼ਮਾਂ ਦੇ ਠਿਕਾਣਿਆਂ ਬਾਰੇ ਜਾਣਕਾਰੀ ਮਿਲੀ। ਉਸ ਤੋਂ ਬਾਅਦ ਇੱਕ ਟੀਮ ਰਾਜਸਥਾਨ ਭੇਜੀ ਗਈ ਅਤੇ ਮੁਲਜ਼ਮ ਨੂੰ ਫ਼ੜ ਲਿਆ ਗਿਆ।