ਰੇਡੀਓ ਦੀਆਂ ਯਾਦਾਂ – 47

ਡਾ. ਦੇਵਿੰਦਰ ਮਹਿੰਦਰੂ
ਕੌੜੇ-ਮਿੱਠੇ ਦਿਨ
ਜਲੰਧਰ ਰੇਡੀਓ ਸਟੇਸ਼ਨ ਦੇ ਪੰਜਾਬੀ ਦੇ ਸਾਹਿਤਕ ਪ੍ਰੋਗਰਾਮ ਸਿਰਜਣਾ ਦਾ ਨਾਂ ਕੇਂਦਰ ਸ਼ੁਰੂ ਹੋਣ ਵੇਲੇ ਤੋਂ ਹੀ ਪਿਆ ਲੱਗਦੈ। ਜਲੰਧਰ ਰੇਡੀਓ 1948 ‘ਚ ਹੋਂਦ ‘ਚ ਆਇਆ ਸੀ ਅਤੇ ਉਸ ਦੇ ਪਹਿਲੇ ਡਾਇਰੈਕਟਰ ਸਾਡੇ ਮੰਨੇ ਹੋਏ ਕਹਾਣੀਕਾਰ ਕਰਤਾਰ ਸਿੰਘ ਦੁੱਗਲ ਸਨ। ਇਸ ਤੋਂ ਪਹਿਲਾਂ ਉਹ ਰੇਡੀਓ ਲਾਹੌਰ ‘ਤੇ ਉਚ ਅਧਿਕਾਰੀ ਰਹੇ ਸਨ। ਮੈਂ ਨਹੀਂ ਜਾਣਦੀ ਸੋਹਣ ਸਿੰਘ ਮੀਸ਼ਾ ਨੇ ਕਿਸ ਵਕਤ ਜਲੰਧਰ ਰੇਡੀਓ ਜੁਆਇਨ ਕੀਤਾ। ਲੱਗਦਾ ਹੈ ਸਿਰਜਣਾ’ ਨਾਂ ਉਨ੍ਹਾਂ ਦਾ ਹੀ ਦਿੱਤਾ ਹੋਇਆ ਸੀ। ਮੀਸ਼ਾ ਜੀ ਨੇ ਇਸ ਪ੍ਰੋਗਰਾਮ ਦਾ ਪੱਧਰ ਭਾਵ ਕਿ ਉੱਚ ਮਿਆਰ ਹਮੇਸ਼ਾ ਬਣਾ ਕੇ ਰੱਖਿਆ। ਉਨ੍ਹਾਂ ਦੇ ਇਸ ਸੰਸਾਰ ਤੋਂ ਚਲੇ ਜਾਣ ਤੋਂ ਬਾਅਦ ਉਸ ਪ੍ਰੋਗਰਾਮ ਦੇ ਇੰਚਾਰਜ ਬਣੇ ਜਸਵੰਤ ਦੀਦ। ਜਸਵੰਤ ਦੀਦ ਨੇ ਇਸ ਪ੍ਰੋਗਰਾਮ ਨੂੰ ਹੋਰ ਉੱਚਾਈਆਂ ਤਕ ਪਹੁੰਚਾਇਆ। ਫ਼ਿਰ ਉਨ੍ਹਾਂ ਦੇ ਦੂਰਦਰਸ਼ਨ ਜਲੰਧਰ ਇੱਕ ਪ੍ਰੋਡਿਊਸਰ ਵਜੋਂ ਚਲੇ ਜਾਣ ਤੋਂ ਬਾਅਦ ਇਸ ਪ੍ਰੋਗਰਾਮ ਦੀ ਜ਼ਿੰਮੇਵਾਰੀ ਮੈਨੂੰ ਮਿਲੀ। ਮੇਰਾ ਸਾਰਾ ਧਿਆਨ, ਜਿੰਨੀ ਦੇਰ ਮੈਂ ਇਸ ਪ੍ਰੋਗਰਾਮ ਦੀ ਇੰਚਾਰਜ ਰਹੀ, ਇਸ ਗੱਲ ‘ਤੇ ਰਿਹਾ ਕਿ ਉਸ ਦਾ ਪੱਧਰ ਬਣਿਆ ਰਹਿਣਾ ਚਾਹੀਦਾ ਹੈ। ਅੱਜ ਇਸ ਨੂੰ ਮੁਹੰਮਦ ਇਮਤਿਆਜ਼ ਸੰਭਾਲ ਰਹੇ ਹਨ ਅਤੇ ਬੜੀ ਅੱਛੀ ਤਰ੍ਹਾਂ ਸੰਭਾਲ ਰਹੇ ਹਨ।
ਸਾਹਿਤਕ ਪ੍ਰੋਗਰਾਮ ਕਿਸੇ ਵੀ ਰੇਡੀਓ ਸਟੇਸ਼ਨ ਦੀ ਜਾਨ ਹੁੰਦੇ ਹਨ। ਪ੍ਰੋਗਰਾਮ ਮਿਆਰੀ ਅਤੇ ਦਿਲਚਸਪ ਹੋਣ ਤਾਂ ਉੱਥੋਂ ਦੇ ਸਾਹਿਤਕ ਖੇਤਰ ‘ਚ ਚਰਚਾ ਦਾ ਵਿਸ਼ਾ ਬਣਦੇ ਰਹਿੰਦੇ ਨੇ। ਹਰ ਵਿਧਾ ਦੇ ਵਧੀਆ ਲੇਖਕ, ਕਵੀ, ਕਹਾਣੀਕਾਰ, ਨਾਵਲਕਾਰ ਅਤੇ ਵਾਰਤਾਕਾਰ ਬੁਲਾਏ ਜਾਂਦੇ ਹਨ ਇਸ ਪ੍ਰੋਗਰਾਮ ਵਿੱਚ। ਲੇਖਕ ਆਪਣੀਆਂ ਰਚਨਾਵਾਂ ਭੇਜਦੇ ਹਨ, ਪ੍ਰੋਡਿਊਸਰ ਉਨ੍ਹਾਂ ਨੂੰ ਪੜ੍ਹ ਕੇ ਤੈਅ ਕਰਦੇ ਹਨ ਕਿ ਉਹ ਰਚਨਾ ਸਿਰਜਣਾ ਪਰੋਗ੍ਰਾਮ ‘ਚ ਸ਼ਾਮਿਲ ਹੋਣ ਯੋਗ ਹੈ ਕਿ ਨਹੀਂ। ਪ੍ਰੋਡਿਊਸਰ ਪੰਜਾਬੀ ‘ਚ ਛਪ ਰਹੇ ਰਸਾਲੇ ਪੜ੍ਹ ਕੇ ਵੀ ਅੱਛੇ ਸਾਹਿਤਕਾਰ ਲੱਭਦੇ ਰਹਿੰਦੇ ਸਨ ਕਿਉਂਕਿ ਇਹ ਉਨਾਂ ਦੀ ਡਿਊਟੀ ‘ਚ ਸ਼ਾਮਿਲ ਹੁੰਦਾ ਹੈ। ਹੁਣ ਤਾਂ ਇੱਕ ਪਲੈਟਫ਼ੌਰਮ ਸੋਸ਼ਲ ਮੀਡੀਆ ਵਾਲਾ ਵੀ ਹੈ। ਸਿਫ਼ਾਰਸ਼ ਵਾਲੇ ਲੇਖਕ ਕੰਮ ਖ਼ਰਾਬ ਕਰਦੇ ਹਨ ਅਤੇ ਲੋਕਾਂ ਦਾ ਵਿਸ਼ਵਾਸ ਉੱਠ ਜਾਂਦਾ ਹੈ, ਪ੍ਰੋਗਰਾਮ ਤੋਂ ਵੀ ਅਤੇ ਰੇਡੀਓ ਤੋਂ ਵੀ। ਉਨ੍ਹਾਂ ਨੂੰ ਕਿਸੇ ਹੋਰ ਪ੍ਰੋਗਰਾਮ ‘ਚ ਬੁਲਾਇਆ ਜਾ ਸਕਦਾ ਹੈ। ਬਹੁਤ ਸਾਰੇ ਪ੍ਰੋਗਰਾਮ ਹੁੰਦੇ ਹਨ। ਉਨ੍ਹਾਂ ਦਾ ਰੇਡੀਓ ‘ਤੇ ਬੋਲਣ ਦਾ ਸ਼ੌਕ ਹੀ ਪੂਰਾ ਕਰਨਾ ਹੁੰਦਾ ਸੀ। ਇੱਕ ਵਾਰ ਹੋਰ ਕਿਤੇ ਬੁਲਾ ਲਵੋ ਅਤੇ ਟਾਈਮ ਟਪਾ ਲਵੋ।
ਰਣਧੀਰ ਸਿੰਘ ਹੁੰਦੇ ਸਨ। ਬਾਰ ਬਾਰ ਇਸਰਾਰ ਕਰਦੇ ਸਨ ਚਿੱਠੀ ਲਿਖ ਕੇ ਕਿ ਸਿਰਜਣਾ ‘ਚ ਬੁਲਾ ਲਵੋ। ਠੀਕ ਲਿਖਦੇ ਸਨ, ਪਰ ਸਿਰਜਣਾ ਪ੍ਰੋਗਰਾਮ ਦੇ ਪੱਧਰ ਦੀ ਨਹੀਂ ਸੀ ਹੁੰਦੀ ਉਨਾਂ ਦੀ ਲਿਖਤ। ਮੈਂ ਨਹੀਂ ਬੁਲਾਇਆ ਉਨਾਂ ਨੂੰ ਅਤੇ ਉਹ ਸਟੇਸ਼ਨ ‘ਤੇ ਇੱਕ ਦਿਨ ਲੜਨ ਹੀ ਆ ਗਏ। ਜਨਾਬ ਮਤੀਹ ਅਹਿਮਦ (ਮੋਤੀਆ ਅਹਿਮਦ) ਉਸ ਵਕਤ ਹੁੰਦੇ ਸਨ ਸਟੇਸ਼ਨ ਡਾਇਰੈਕਟਰ। ਉਹ ਉਨ੍ਹਾਂ ਕੋਲ ਆ ਕੇ ਬੈਠ ਗਏ। ਸ਼ਿਕਾਇਤ ਲਾਈ ਮੇਰੀ। ਕਹਿੰਦੇ ਕਿ ਉਹਨੂੰ ਬੁਲਾ ਕੇ ਮੇਰੇ ਸਾਹਮਣੇ ਕਹੋ ਕਿ ਇਨ੍ਹਾਂ ਨੂੰ ਸਿਰਜਣਾ ਪ੍ਰੋਗਰਾਮ ਲਈ ਬੁਲਾਇਆ ਜਾਵੇ। ਸ਼ਰੀਫ਼ ਸਨ ਸਟੇਸ਼ਨ ਡਾਇਰੈਕਟਰ ਵੀ। ਉਨ੍ਹਾਂ ਨੇ ਮੈਨੂੰ ਆਪਣੇ ਕਮਰੇ ‘ਚ ਬੁਲਾ ਲਿਆ। ਸਾਡੀ ਗੱਲ ਕਰਵਾਈ। ਮੈਂ ਵੀ ਓਦੋਂ ਕਾਫ਼ੀ ਅੜੀਅਲ ਜਿਹੀ ਹੁੰਦੀ ਸੀ। ਮੈਂ ਖੜ੍ਹੀ ਖਲੋਤੀ ਨੇ ਸਾਫ਼ ਨਾਂਹ ਕਰ ਦਿੱਤੀ। ਰਣਧੀਰ ਸਿੰਘ ਉੱਚੀ-ਉੱਚੀ ਬੋਲਣ ਲੱਗ ਪਏ। ਮੈਂ ਉਨ੍ਹਾਂ ਤੋਂ ਵੀ ਉੱਚੀ ਆਵਾਜ਼ ‘ਚ ਜਵਾਬ ਦਿੱਤੇ। ਕਮਰੇ ਦੇ ਬਾਹਰ ਲੋਕ ਇਕੱਠੇ ਹੋ ਗਏ। ਡਾਇਰੈਕਟਰ ਜਨਾਬ ਮਤੀਹ ਅਹਿਮਦ ਜੀ ਨੇ ਸਥਿਤੀ ਸੰਭਾਲਣ ਲਈ ਮੈਨੂੰ ਆਪਣੇ ਕਮਰੇ ‘ਚ ਚਲੇ ਜਾਣ ਲਈ ਕਿਹਾ। ਮੇਰੇ ਜਾਣ ਤੋਂ ਬਾਅਦ ਉਨ੍ਹਾਂ ਨੇ ਪਤਾ ਨਹੀਂ ਕਿਸ ਤਰ੍ਹਾਂ ਰਣਧੀਰ ਜੀ ਨੂੰ ਸ਼ਾਂਤ ਕਰ ਕੇ ਘਰ ਭੇਜਿਆ। ਫ਼ੇਰ ਮੈਨੂੰ ਬੁਲਾਇਆ ਕਮਰੇ ਵਿੱਚ। ਬੜੇ ਪਿਆਰ ਨਾਲ ਸਮਝਾਇਆ, ”ਬੁਲਾ ਲੋਗੀ ਏਕ ਵਾਰ ਤੋ ਕੌਨ ਸਾ ਤੂਫ਼ਾਨ ਆ ਜਾਏਗਾ, ਕਹੀਂ ਨਹੀਂ ਸਿਰਜਣਾ ਕਾ ਮਿਆਰ ਨੀਚੇ ਆਤਾ।” ਪਰ ਮੈਂ ਫ਼ਿਰ ਵੀ ਨਹੀਂ ਬੁਲਾਇਆ ਉਨ੍ਹਾਂ ਨੂੰ। ਦੁਸ਼ਮਣ ਪੈਦਾ ਕੀਤੇ ਮੈਂ। ਨੁਕਸਾਨ ਉਠਾਏ ਮੈਂ। ਅੱਜ ਸੋਚਦੀ ਹਾਂ ਤਾਂ ਲੱਗਦਾ ਹੈ ਕਿ ਸਟੇਸ਼ਨ ਡਾਇਰੈਕਟਰ ਠੀਕ ਹੀ ਕਹਿ ਰਹੇ ਸਨ। ਇੱਕ ਗਰੁੱਪ ਮੈਂ ਆਪਣੇ ਖ਼ਿਲਾਫ਼ ਖੜ੍ਹਾ ਕਰ ਲਿਆ। ਕੌਣ ਜਾਣਦਾ ਸੀ ਕਿ ਅਤਿਵਾਦੀ ਵੀ ਲੱਗੇ ਸਨ ਬਾਅਦ ‘ਚ ਮੇਰੇ ਪਿੱਛੇ।
ਉਨ੍ਹਾਂ ਕਾਲੇ ਦਿਨਾਂ ‘ਚ ਜਦੋਂ ਨਿੱਤ ਹੀ ਕੋਈ ਧਮਕੀ ਭਰਿਆ ਫ਼ੋਨ ਯਾ ਚਿੱਠੀ ਆਈ ਹੁੰਦੀ ਮੈਨੂੰ ਕਿ ਤੇਰੀਆਂ ਬੇਟੀਆਂ ਨੂੰ ਲੈਜਾਂਗੇ ਚੱਕ ਕੇਅ ਤੇ ਯਾ ਤੇਰੇ ਸਾਰੇ ਟੱਬਰ ਨੂੰ ਉਡਾ ਦਿਆਂਗੇ ਗੋਲੀਆਂ ਨਾਲ। ਚਿੱਠੀ ਪੜ੍ਹ ਕੇ ਮੈਨੂੰ ਆਪਣੀ ਨਹੀਂ, ਆਪਣੇ ਪਰਿਵਾਰ ਦੀ ਫ਼ਿਕਰ ਹੁੰਦੀ। ਪੰਜਾਬ ‘ਚ ਜਦੋਂ ਸ਼ਾਂਤੀ ਹੋਈ ਸਭ ਤੋਂ ਪਹਿਲਾਂ ਮੇਰੀ ਬਦਲੀ ਦੇ ਹੁਕਮ ਜਾਰੀ ਹੋਏ। ਇਹ ਇਨਾਮ ਸੀ ਮੇਰੇ ਕੰਮ ਦਾ? ਮੇਰਾ ਮਨ ਦੁਖਿਆ। ਭੇਜਣਾ ਸੀ ਤਾਂ ਉਨ੍ਹਾਂ ਦਿਨਾਂ ‘ਚ ਸੀਨ ਤੋਂ ਹਟਾ ਕੇ ਸ਼ਰਾਫ਼ਤ ਦਾ ਸਬੂਤ ਦਿੱਤਾ ਹੁੰਦਾ। ਫ਼ੇਰ ਮੈਂ ਚਾਹੇ ਜਾਂਦੀ ਯਾ ਨਾਂਹ ਕਰ ਦਿੰਦੀ। ਕਿਹਾ ਗਿਆ ਕਿ ਨਵਾਂ ਕੇਂਦਰ ਖੁੱਲ੍ਹਣਾ ਹੈ, ਸੀਨੀਅਰ ਨੂੰ ਹੀ ਭੇਜਣਾ ਪੈਣਾ ਸੀ। ਬੁਲਾ ਲਵਾਂਗੇ ਛੇ ਮਹੀਨੇ ਬਾਅਦ ਵਾਪਿਸ ਤੈਨੂੰ। ਹਾਂ ਜੀ, ਬੁਲਾਇਆ ਗਿਆ, ਪਰ ਮੈਂ ਵਾਪਿਸ ਨਹੀਂ ਗਈ। ਨਾਂਹ ਕਰ ਦਿੱਤੀ ਮੈਂ … ਸਗੋਂ ਸ਼ਿਮਲਾ ਮੰਗਿਆ, ਧਰਮਸ਼ਾਲਾ ਛੋਟਾ ਸਟੇਸ਼ਨ ਸੀ ਅਤੇ ਮਿਲ ਗਿਆ ਸ਼ਿਮਲਾ। ਪਾਠਕੋ, ਕੌੜੇ ਮਿੱਠੇ ਦਿਨਾਂ ਦੀਆਂ ਯਾਦਾਂ ਨੇ ਇਹ। ਕੀ ਕਰਾਂ? ਮਨ ‘ਚ ਖੌਰੂ ਪੈਂਦਾ ਹੈ ਅਤੇ ਲਿਖ ਦਿੰਦੀ ਹਾਂ ਅਤੇ ਆਪ ਪੜ੍ਹ ਲੈਂਦੇ ਹੋ!