ਡਾ.ਕੇਵਲ ਅਰੋੜਾ
94176 95299
ਮਾਸੀ ਵਾਲੀ ਗੋਲੀ
ਮਾਸੀ ਇੱਕ ਬਜ਼ੁਰਗ ਮਾਤਾ ਸੀ ਜਿਸ ਬਾਰੇ ਲੋਕ ਦੱਸਦੇ ਸਨ ਕਿ ਉਹ ਅਪਣੀ ਭੈਣ ਦੇ ਗੁਜ਼ਰ ਜਾਣ ਪਿੱਛੋਂ ਬਲਵੰਤ ਸਿਓਂ ਨਾਲ ਵਿਆਹੀ ਗਈ। ਉਸ ਦੀ ਭੈਣ ਦੇ ਦੋ ਬੱਚੇ ਸਨ, ਇੱਕ ਲੜਕਾ ਅਤੇ ਇੱਕ ਲੜਕੀ, ਪਰ ਉਹ ਲੜਕੀ ਦੇ ਜਨਮ ਵੇਲੇ ਚੱਲ ਵੱਸੀ ਸੀ। ਮਾਪਿਆਂ ਨੇ ਅਪਣੇ ਦੋਹਤੇ-ਦੋਹਤੀ ਦਾ ਫ਼ਿਕਰ ਕਰਦਿਆਂ ਆਪਣੀ ਛੋਟੀ ਬੇਟੀ, ਜੋ ਅਜੇ ਅਠਾਰਾਂ ਕੁ ਸਾਲ ਦੀ ਸੀ, ਦਾ ਵਿਆਹ ਬਲਵੰਤ ਸਿਓਂ, ਜੋ ਤੀਹ ਕੁ ਸਾਲ ਦਾ ਸੀ, ਨਾਲ ਕਰ ਦਿੱਤਾ। ਸੋ ਪਹਿਲੇ ਬੱਚੇ ਉਸ ਨੂੰ ਮਾਸੀ ਹੀ ਕਹਿੰਦੇ ਸਨ। ਵਿਆਹ ਤੋਂ ਬਾਅਦ ਉਸ ਦੇ ਪੇਟੋਂ ਹੋਏ ਬੱਚੇ ਵੀ ਉਸ ਨੂੰ ਮਾਸੀ ਹੀ ਕਹਿਣ ਲੱਗੇ। ਸਮੇਂ ਨਾਲ ਮਾਸੀ ਨੂੰਹਾਂ, ਪੋਤਰਿਆਂ ਅਤੇ ਦੋਹਤਰਿਆਂ ਵਾਲੀ ਹੋ ਗਈ ਸੀ ਅਤੇ ਹੁਣ ਸਭ ਉਸ ਨੂੰ ਮਾਸੀ ਹੀ ਕਹਿੰਦੇ ਸਨ। ਹੌਲੀ ਹੌਲੀ ਸਾਰਾ ਪਿੰਡ ਹੀ ਮਾਸੀ ਕਹਿਣ ਲੱਗ ਪਿਆ। ਮੈਂ ਵੀ ਉਸ ਨੂੰ ਮਾਸੀ ਕਹਿੰਦਾ ਸੀ। ਮਾਸੀ ਦੇ ਘਰ ਵਾਲੇ ਨੂੰ ਸਾਰਾ ਪਰਿਵਾਰ ਚਾਚਾ ਕਹਿੰਦਾ। ਚਾਚਾ ਅਤੇ ਮਾਸੀ ਦੋਵੇਂ ਹੀ ਚੰਗੇ ਸੁਭਾਅ ਦੇ ਸਨ, ਪਰ ਪਤਾ ਨਹੀਂ ਕਿਉਂ ਦੋਹਾਂ ਦਾ ਆਪਸ ‘ਚ ਇੱਟ ਖੜਿੱਕਾ ਚੱਲਦਾ ਹੀ ਰਹਿੰਦਾ ਸੀ। ਜਦੋਂ ਚਾਚੇ-ਮਾਸੀ ਦੇ ਦੋਵੇਂ ਲੜਕੇ ਅੱਡ ਹੋਏ ਤਾਂ ਚਾਚਾ ਅਤੇ ਮਾਸੀ ਵੀ ਵੰਡੇ ਗਏ। ਚਾਚਾ ਵੱਡੇ ਵੱਲ ਅਤੇ ਮਾਸੀ ਛੋਟੇ ਵੱਲ। ਮਾਸੀ ਵਿੱਚੋਂ ਦੀ ਦਾਅ ਲਾ ਕੇ ਚਾਚੇ ਨਾਲ ਕੋਈ ਨਾ ਕੋਈ ਬਹਾਨਾ ਲੱਭ ਕੇ ਆਢਾ ਲੈ ਲੈਂਦੀ ਅਤੇ ਅਪਣਾ ਭੁੱਸ ਪੂਰਾ ਕਰ ਹੀ ਆਉਂਦੀ। ਮਾਸੀ ਇੱਕ ਦਿਨ ਕਿਸੇ ਦੇ ਘਰ ਮਿਲ ਗਈ ਅਤੇ ਕਹਿੰਦੀ, ”ਪੁੱਤ ਦੋ ਝੋਟੀਆਂ ਚਾਰ-ਚਾਰ ਸਾਲ ਦੀਆਂ ਹੋ ਗਈਆਂ ਪਰ ਅਜੇ ਤਕ ਬਣੀਆਂ ਨਹੀਂ, ਪੁੱਤ ਕੋਈ ਦਵਾਈ ਹੀ ਲਿਖ ਦੇ, ਮੈਂ ਸਾਦਿਕ ਆਈ ਗਈ ਲੈ ਆਊਂਗੀ।”
ਮੈਂ ਮਾਸੀ ਨੂੰ ਡੀਵੌਰਮਿੰਗ ਦੀ ਗੋਲੀ ਅਤੇ ਮਿਨਰਲ ਮਿਕਸਚਰ ਲਿਖ ਦਿੱਤੇ। ਜਦ ਉਹ ਦਵਾਈ ਲੈਣ ਦੁਕਾਨ ‘ਤੇ ਗਈ ਤਾਂ ਸਾਰਾ ਬਿਲ ਬਣਵਾ ਕੇ ਵੇਖਿਆ। ਮਾਸੀ ਕੋਲ ਪੂਰੇ ਪੈਸੇ ਨਾ ਹੋਣ ਕਰ ਕੇ ਦੁਕਾਨ ਵਾਲੇ ਨੂੰ ਕਹਿੰਦੀ, ”ਭਾਈ ਕਿ ਇੱਕ ਵਾਰ ਗੋਲੀਆਂ ਹੀ ਦੇ ਦੇ, ਪਾਊਡਰ ਫ਼ੇਰ ਲੈ ਜਾਊਂਗੀ ਅੱਜ ਪੈਸੇ ਘੱਟ ਆ ਮੇਰੇ ਕੋਲ।” ਮਾਸੀ ਨੇ ਦੋਹਾਂ ਝੋਟੀਆਂ ਨੂੰ ਇੱਕ ਇੱਕ ਗੋਲੀ ਦੇ ਦਿੱਤੀ ਅਤੇ ਪੱਤਾ (ਪੈਕਿੰਗ) ਸੰਭਾਲ ਕੇ ਰੱਖ ਲਿਆ। ਸਬੱਬੀਂ, ਹਫ਼ਤੇ ‘ਚ ਹੀ ਦੋਵੇਂ ਝੋਟੀਆਂ ਬੋਲ ਪਈਆਂ। ਬਸ ਫ਼ਿਰ ਕੀ ਸੀ ਮਾਸੀ ਤਾਂ ਝੋਟੀਆਂ ਦੇ ਨਵੇਂ ਦੁੱਧ ਕਰਾਉਣ ਦੀ ਮਾਹਿਰ ਹੀ ਬਣ ਗਈ। ਜਿਸ ਦੇ ਘਰੇ ਵੀ ਜਾਂਦੀ, ਪਹਿਲਾਂ ਖੈਰ-ਸੁਖ ਪੁੱਛਦੀ ਅਤੇ ਫ਼ੇਰ ਆਖਦੀ, ”ਕੁੜੇ ਤੇਰੀ ਝੋਟੀ ਬਣ ਗਈ ਕਿ ਨਹੀਂ ਅਜੇ? ਜੇ ਨਹੀਂ ਬਣੀ ਤਾਂ ਮੈਥੋਂ ਪੱਤਾ ਲੈ ਆਈਂ, ਚੁੱਪ ਕਰ ਕੇ ਗੁੜ ‘ਚ ਇੱਕ ਗੋਲੀ ਦੇ ਦੇਵੀਂ ਪਰ ਮੇਰਾ ਖ਼ਾਲੀ ਪੱਤਾ ਮੋੜ ਜਾਵੀਂ ਮੈਨੂੰ।”
ਬਰੀਡਿੰਗ ਸੀਜ਼ਨ ਹੋਣ ਕਰ ਕੇ ਕਈ ਝੋਟੀਆਂ ਬੋਲ ਪਈਆਂ ਅਤੇ ਮਾਸੀ ਦੀ ਗੋਲੀ ਸਾਰੇ ਪਿੰਡ ‘ਚ ਮਸ਼ਹੂਰ ਹੋ ਗਈ। ਜਿਸ ਦੀ ਝੋਟੀ ਫ਼ਿਰ ਵੀ ਨਾ ਬਣਨੀ, ਉਸ ਨੇ ਕਹਿਣਾ, ”ਡਾ.ਸਾਹਿਬ ਮਾਸੀ ਵਾਲੀ ਗੋਲੀ ਸ਼ਰਤੀਆ ਕਹਿੰਦੇ ਆ, ਉਸ ਨਾਲ ਵੀ ਗੱਲ ਨਹੀਂ ਬਣੀ, ਹੁਣ ਤੁਸੀਂ ਦੱਸੋ ਕੋਈ ਉਪਾਅ?” ਇਸ ਤਰਾਂ ਮੇਰੀ ਡਾਕਟਰੀ ਡਿਗਰੀ ਅਤੇ ਕੰਪਨੀ ਦੇ ਨਾਮ ਨੂੰ ਮਾਸੀ ਮਾਤ ਪਾ ਗਈ ਸੀ। ਦੋ-ਤਿੰਨ ਸਾਲ ਮਾਸੀ ਦਾ ਸਿੱਕਾ ਚੱਲਦਾ ਰਿਹਾ। ਕੁਦਰਤੀ ਉਸ ਕੰਪਨੀ ਦਾ ਰਲੇਵਾਂ ਕਿਸੇ ਹੋਰ ਕੰਪਨੀ ‘ਚ ਹੋ ਗਿਆ। ਮਾਸੀ ਵਾਲਾ ਪੱਤਾ ਬੰਦ ਹੋ ਗਿਆ, ਪਰ ਮਾਸੀ ਵਾਲੀ ਗੋਲੀ ਅੱਜ ਵੀ ਯਾਦ ਕਰ ਕੇ ਹੱਸਦੇ ਨੇ ਲੋਕ। ਪਸ਼ੂ ਪਾਲਕ ਡਾਕਟਰਾਂ ਦੀ ਜਿੰਦਗੀ ‘ਚ ਮਾਸੀ ਵਰਗੇ ਭੋਲੇ ਭਾਲੇ ਪਾਤਰ ਆਉਂਦੇ ਰਹਿੰਦੇ ਨੇ ਜੋ ਸਦੀਵੀ ਯਾਦਾਂ ਦਾ ਹਿਸਾ ਬਣ ਜਾਂਦੇ ਨੇ! ਮਾਸੀ ਉਨਾ ‘ਚੋਂ ਹੀ ਇੱਕ ਹੈ।