ਦਿਲਜੀਤ ਦੋਸਾਂਝ ਦੀ ਨਵੀਂ ਬੌਲੀਵੁਡ ਫ਼ਿਲਮ ਦਾ ਕਰੂ ਦੀ ਸ਼ੂਟਿੰਗ ਸ਼ੁਰੂ

ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਫ਼ਿਲਮਾਂ ਦੀ ਸ਼ੂਟਿੰਗ ‘ਚ ਰੁੱਝਿਆ ਹੋਇਆ ਹੈ। ਹਾਲ ਹੀ ‘ਚ ਦਿਲਜੀਤ ਦੋਸਾਂਝ ਨੇ ਆਪਣੀ ਫ਼ਿਲਮ ਚਮਕੀਲਾ ਦੀ ਸ਼ੂਟਿੰਗ ਖ਼ਤਮ ਕੀਤੀ ਹੈ। ਇਸ ਫ਼ਿਲਮ ‘ਚ ਦਿਲਜੀਤ ਨਾਲ ਪਰਿਣੀਤੀ ਚੋਪੜਾ ਮੁੱਖ ਭੂਮਿਕਾ ਨਿਭਾ ਰਹੇ ਹਨ। ਫ਼ਿਲਮ ਨੂੰ ਇਮਤਿਆਜ਼ ਅਲੀ ਨੇ ਡਾਇਰੈਕਟ ਕੀਤਾ ਹੈ।
ਹੁਣ ਦਿਲਜੀਤ ਦੋਸਾਂਝ ਦੀ ਨਵੀਂ ਬੌਲੀਵੁਡ ਫ਼ਿਲਮ ਦਾ ਕਰੂ ਦੀ ਸ਼ੂਟਿੰਗ ਵੀ ਸ਼ੁਰੂ ਹੋ ਗਈ ਹੈ। ਇਸ ਗੱਲ ਦੀ ਜਾਣਕਾਰੀ ਫ਼ਿਲਮ ਸਮੀਖਿਅਕ ਤਰਨ ਆਦਰਸ਼ ਨੇ ਦਿੱਤੀ।
ਦਾ ਕਰੂ ‘ਚ ਦਿਲਜੀਤ ਤੋਂ ਇਲਾਵਾ ਕਰੀਨਾ ਕਪੂਰ ਖ਼ਾਨ, ਤਬੂ ਅਤੇ ਕ੍ਰਿਤੀ ਸੈਨਨ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਦੀ ਸ਼ੂਟਿੰਗ ਮੁੰਬਈ ‘ਚ ਸ਼ੁਰੂ ਹੋ ਚੁੱਕੀ ਹੈ।
ਫ਼ਿਲਮ ਦੀ ਕਹਾਣੀ ਏਅਰਲਾਈਨਜ਼ ਇੰਡਸਟਰੀ ਦੇ ਆਲੇ-ਦੁਆਲੇ ਘੁੰਮਦੀ ਹੈ। ਦਾ ਕਰੂ ਨੂੰ ਏਕਤਾ ਕਪੂਰ ਅਤੇ ਰੀਆ ਕਪੂਰ ਪ੍ਰੋਡਿਊਸ ਕਰ ਰਹੇ ਹਨ।
ਇਸ ਤੋਂ ਪਹਿਲਾਂ ਦੋਵਾਂ ਨੇ ਵੀਰੇ ਦੀ ਵੈੱਡਿੰਗ ਫ਼ਿਲਮ ਨੂੰ ਪ੍ਰੋਡਿਊਸ ਕੀਤਾ ਹੈ। ਦਾ ਕਰੂ ਨੂੰ ਰਾਜੇਸ਼ ਕ੍ਰਿਸ਼ਨਨ ਡਾਇਰੈਕਟ ਕਰਨਗੇ।