ਅਜੋਕੇ ਸਮਿਆਂ ‘ਚ ਅਸੀਂ ਖ਼ੁਸ਼ੀ ਬਾਰੇ ਬਹੁਤੀ ਜ਼ਿਆਦਾ ਗੱਲਬਾਤ ਨਹੀਂ ਸੁਣਦੇ। ਇਹ ਸ਼ਬਦ ਅੱਜਕੱਲ੍ਹ ਫ਼ੈਸ਼ਨ ‘ਚ ਨਹੀਂ ਰਿਹਾ, ਭਾਵ ਆਊਟ ਔਫ਼ ਫ਼ੈਸ਼ਨ ਹੋ ਚੁੱਕੈ। ਲੋਕ ਸੋਹਣਾ ਦਿਖਣ, ਭਾਰ ਘਟਾਉਣ ਜਾਂ ਮਸ਼ਹੂਰ ਹੋਣ ‘ਚ ਵਧੇਰੇ ਦਿਲਚਸਪੀ ਰੱਖਦੇ ਨੇ। ਸੰਤੁਸ਼ਟੀ? ਉਹ ਕਿਸ ਸ਼ੈਅ ਦਾ ਨਾਮ ਹੈ? ਕਿਸੇ ਵੇਲੇ, ਪਰ, ਕਹਾਣੀ ਵੱਖਰੀ ਹੁੰਦੀ ਸੀ। ਲੋਕ ਇਸ ਗੱਲ ਦੀ ਬਹੁਤੀ ਪਰਵਾਹ ਨਹੀਂ ਸੀ ਕਰਦੇ ਹੁੰਦੇ ਕਿ ਉਹ ਕਿਵੇਂ ਰਹਿੰਦੇ ਹਨ ਜਾਂ ਉਨ੍ਹਾਂ ਨਾਲ ਕੀ ਹੋਇਆ ਹੈ ਜਿੰਨਾ ਚਿਰ ਉਨ੍ਹਾਂ ਦੇ ਦਿਲ ਹਲਕੇ ਅਤੇ ਦਿਮਾਗ਼ ਸਪੱਸ਼ਟ ਸਨ। ਅੱਜ ਅਸੀਂ ਭਾਵੇਂ ਆਪਣੇ ਪੂਰਵਜਾਂ ਤੋਂ ਵੱਧ ਅਮੀਰ ਹੋਵਾਂਗੇ, ਪਰ ਅਸੀਂ ਉਨ੍ਹਾਂ ਤੋਂ ਕਿਤੇ ਵੱਧ ਚਿੰਤਤ ਹਾਂ। ਤੁਸੀਂ ਜਿਵੇਂ ਹੁਣ ਉਸ ਆਕਰਸ਼ਣ ਨੂੰ ਝਾੜਨਾ ਸ਼ੁਰੂ ਕਰ ਦਿੱਤਾ ਹੈ ਜਿਸ ਕਾਰਨ ਬੇਚੈਨੀ ਫ਼ੈਲੀ ਹੋਈ ਸੀ, ਬਹੁਤ ਜਲਦ ਤੁਸੀਂ ਪਹਿਲਾਂ ਤੋਂ ਕਿਤੇ ਬਿਹਤਰ ਮਹਿਸੂਸ ਕਰੋਗੇ।
ਅਸੀਂ ਇੱਕੋ ਚੀਜ਼ ਬਾਰ-ਬਾਰ ਕਿਓਂ ਕਰਦੇ ਹਾਂ? ਕਿਉਂਕਿ ਸਾਨੂੰ ਉਹ ਕਰਨ ‘ਚ ਮਜ਼ਾ ਆਉਂਦੈ? ਕਿਉਂਕਿ ਅਸੀਂ ਕਿਸੇ ਹੋਰ ਬਦਲ ਨੂੰ ਖੋਜਣ ਲਈ ਬਹੁਤ ਥੱਕੇ ਹੋਏ ਹਾਂ? ਕਿਉਂਕਿ ਸਾਡੇ ਤੋਂ ਇਹੀ ਕਰਨ ਦੀ ਤਵੱਕੋ ਕੀਤੀ ਜਾ ਰਹੀ ਹੈ? ਕਿਉਂਕਿ ਹੋਰ ਕੋਈ ਵੀ ਸ਼ੈਅ ਸਾਨੂੰ ਇਸ ਤੋਂ ਵੱਧ ਖ਼ੁਸ਼ੀ ਨਹੀਂ ਦੇ ਸਕਦੀ? ਕਿਉਂਕਿ ਸਾਡੇ ਲਈ ਬਾਕੀ ਸਭ ਚੋਣਾਂ ਮੁੱਕ ਚੁੱਕੀਆਂ ਹਨ? ਚੀਜ਼ਾਂ ਨੂੰ ਦੁਹਰਾਉਂਦੇ ਰਹਿਣ ਲਈ ਬਹੁਤ ਸਾਰੇ ਕਾਰਨ ਮੌਜੂਦ ਹਨ, ਅਤੇ, ਜਦੋਂ ਕਿ ਕੁਝ ਬਹੁਤ ਵਧੀਆ ਹਨ, ਦੂਸਰੇ ਸਪੱਸ਼ਟ ਰੂਪ ਨਾਲ ਨਿੰਦਣਯੋਗ। ਕਿਸੇ ਪੁਰਾਣੀ ਆਦਤ ਨੂੰ ਤਿਆਗਣਾ ਕਿੰਨਾ ਕੁ ਸੌਖਾ ਹੁੰਦੈ? ਇਹ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਤੁਸੀਂ ਖ਼ੁਦ ‘ਚ ਤਬਦੀਲੀ ਲਿਆਉਣ ਲਈ ਗਾਜਰ ਦਾ ਸਹਾਰਾ ਲੈ ਰਹੇ ਹੋ ਜਾਂ ਛੜੀ ਦਾ, ਭਾਵ ਪ੍ਰੇਰਿਤ ਹੋ ਕੇ ਆਪਣੇ ਆਪ ਨੂੰ ਬਦਲਨਾ ਚਾਹੁੰਦੇ ਹੋ ਜਾਂ ਜ਼ਬਰਦਸਤੀ। ਇਸ ਵਕਤ ਗਾਜਰ ਦਾ ਪਿੱਛਾ ਕਰਨਾ ਬਿਹਤਰ ਰਹੇਗਾ।
ਕੁਝ ਚੀਜ਼ਾਂ ਬੱਸ ਕੀਤੀਆਂ ਨਹੀਂ ਜਾ ਸਕਦੀਆਂ। ਕੁਝ ਟੀਚੇ ਕਦੇ ਹਾਸਿਲ ਨਹੀਂ ਹੋ ਸਕਦੇ। ਕੁਝ ਨਿਸ਼ਾਨੇ ਸੇਧੇ ਨਹੀਂ ਜਾ ਸਕਦੇ। ਕੁਝ ਲਕੀਰਾਂ ਖਿੱਚਣੀਆਂ ਪੈਂਦੀਆਂ ਨੇ। ਕੁਝ ਮੋਢਿਆਂ ਨੂੰ ਉਚਕਾ ਕੇ ਹੈਰਾਨੀ ਜਾਂ ਬੇਪਰਵਾਹੀ ਦਿਖਾਉਣੀ ਪੈਂਦੀ ਹੈ। ਮੈਂ ਇਹ ਸਭ ਕੁਝ ਤੁਹਾਨੂੰ ਨਿਰਾਸ਼ ਕਰਨ ਲਈ ਨਹੀਂ ਸਗੋਂ ਹਥ ਲਿਖੇ ਨੂੰ ਇੱਕ ਭਰੋਸੇਯੋਗ ਸੰਦਰਭ ਦੇਣ ਲਈ ਕਹਿ ਰਿਹਾਂ। ਇਹ ਭਲੀ ਪ੍ਰਕਾਰ ਜਾਣਦਿਆਂ ਕਿ ਇਸ ਸੰਸਾਰ ‘ਚ ਕੁਝ ਚੀਜ਼ਾਂ ਸੱਚਮੁੱਚ ਨਾਮੁਮਕਿਨ ਹਨ, ਸਾਨੂੰ ਸਿੱਕੇ ਦੇ ਦੂਸਰੇ ਪਹਿਲੂ ਨੂੰ ਵੀ ਸਵੀਕਾਰ ਕਰ ਲੈਣਾ ਚਾਹੀਦੈ। ਹੈਰਾਨੀਜਨਕ ਚਮਤਕਾਰ, ਸਮੇਂ ਸਮੇਂ ‘ਤੇ, ਵਾਪਰ ਸਕਦੇ ਅਤੇ ਵਾਪਰਦੇ ਰਹਿੰਦੇ ਹਨ। ਇਸ ਵਕਤ ਆਪਣੀ ਭਾਵਨਾਤਮਕ ਜ਼ਿੰਦਗੀ ‘ਚ ਉਨ੍ਹਾਂ ‘ਚੋਂ ਕੁਝ ਲਈ ਥੋੜ੍ਹੀ ਜਗ੍ਹਾ ਬਣਾਓ।
ਅਸੀਂ ਸਾਰੇ, ਜ਼ਿੰਦਗੀ ਦੇ ਸ਼ੁਰੂ ‘ਚ ਹੀ ਇਹ ਸਮਝ ਜਾਂਦੇ ਹਾਂ ਕਿ ਸੱਚ ਅਤੇ ਕਲਪਨਾ ਦਰਮਿਆਨ ਰਿਸ਼ਤਾ ਪੇਚੀਦਾ ਹੈ। ਇਸੇ ਤਰ੍ਹਾਂ, ਕਾਰਵਾਈ ਅਤੇ ਇਰਾਦੇ ਵਿਚਕਾਰ ਵੀ। ਕੁਝ ਲੋਕਾਂ ਨੂੰ ਪਤਾ ਹੁੰਦੈ ਕਿ ਕਿਵੇਂ ਸਾਰੀਆਂ ਸਹੀ ਗੱਲਾਂ ਕਹਿਣੀਆਂ ਹਨ – ਬਿਨਾ ਉਨ੍ਹਾਂ ‘ਚੋਂ ਇੱਕ ਵੀ ਕੀਤਿਆਂ। ਉਹ ਤਾਂ ਇਸ ਕੰਮ ‘ਚ ਪੂਰੇ ਮਾਹਿਰ ਬਣੇ ਹੋਏ ਹੁੰਦੇ ਹਨ। ਹਫ਼ਤਿਆਂ, ਅਤੇ ਕਈ ਵਾਰ ਤਾਂ ਮਹੀਨਿਆਂ, ਤਕ ਉਨ੍ਹਾਂ ਬਾਰੇ ਕਿਸੇ ਨੂੰ ਵੀ ਪਤਾ ਨਹੀਂ ਚੱਲਦਾ। ਜੇਕਰ ਅਜਿਹੇ ਲੋਕ ਸਿਆਸਤਦਾਨ ਹੋਣ ਤਾਂ ਉਨ੍ਹਾਂ ਨੂੰ ਫ਼ੜਨ ‘ਚ ਵਰ੍ਹੇ ਵੀ ਲੱਗ ਸਕਦੇ ਹਨ! ਇਸ ਵਕਤ ਤੁਹਾਡੇ ਭਾਵਨਾਤਮਕ ਜੀਵਨ ‘ਚ ਕਈ ਵੱਡੇ ਐਲਾਨ ਕੀਤੇ ਜਾ ਰਹੇ ਹਨ। ਪਰ ਤੁਹਾਨੂੰ ਕੇਵਲ ਉਸ ‘ਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਜੋ ਤੁਸੀਂ ਦੇਖ ਜਾਂ ਮਹਿਸੂਸ ਕਰ ਰਹੇ ਹੋ, ਨਾ ਕਿ ਜੋ ਸੁਣ ਰਹੇ ਹੋ।
ਤੁਸੀਂ ਕੋਣ ਹੋ? ਕੀ ਤੁਹਾਡਾ ਪਾਸਪੋਰਟ ਇਸ ਸਵਾਲ ਦਾ ਉੱਤਰ ਦਿੰਦਾ ਹੈ? ਕੀ ਤੁਹਾਡਾ ਜਨਮ ਸਰਟੀਫ਼ੀਕੇਟ ਦਿੰਦੈ? ਅਜਿਹੇ ਦਸਤਾਵੇਜ਼ ਸਾਨੂੰ ਕੇਵਲ ਤੁਹਾਡਾ ਨਾਮ, ਨਾਗਰਿਕਤਾ ਅਤੇ ਜਿਣਸੀ ਵਿਰਾਸਤ ਬਾਰੇ ਦੱਸਦੇ ਹਨ। ਉਹ ਤੁਹਾਡੀ ਸ਼ਖ਼ਸੀਅਤ, ਸਮਰਥਾ ਜਾਂ ਤੁਹਾਡੇ ਕਿਰਦਾਰ ਦੀ ਡੂੰਘਾਈ ਬਾਰੇ ਵਖਿਆਣ ਨਹੀਂ ਕਰਦੇ। ਇਹ ਉਹ ਸਵਾਲ ਹਨ ਜਿਨ੍ਹਾਂ ਦੇ ਜਵਾਬ ਲੱਭਣੇ ਪੈਣੇ ਹਨ, ਜੇ ਅਸੀਂ ਤੁਹਾਨੂੰ ਸੱਚਮੁੱਚ ਚੰਗੀ ਤਰ੍ਹਾਂ ਜਾਣਨਾ ਚਾਹੁੰਦੇ ਹਾਂ … ਅਤੇ ਸਾਨੂੰ ਕੰਮ ਦੀ ਕੋਈ ਵੀ ਜਾਣਕਾਰੀ ਤਾਂ ਹੀ ਪ੍ਰਾਪਤ ਹੋਵੇਗੀ ਜੇ ਅਸੀਂ ਤੁਹਾਡੇ ਨਾਲ ਸਮਾਂ ਬਿਤਾਵਾਂਗੇ। ਇਸ ਵਕਤ ਕਿਸੇ ਬਹੁਤ ਹੀ ਖ਼ਾਸ ਵਿਅਕਤੀ ਬਾਰੇ ਕੁਝ ਅਹਿਮ ਖ਼ੁਲਾਸੇ ਹੋ ਰਹੇ ਹਨ। ਉਨ੍ਹਾਂ ‘ਚੋਂ ਕੁਝ ਹੈਰਾਨੀਜਨਕ ਹਨ। ਉਹ ਸਾਰੇ, ਪਰ, ਸਾਕਾਰਤਮਕ ਹਨ।