ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਬੰਗਾਲ ‘ਚ ਬੇਲੂਰ ਮੱਠ ਦਾ ਦੌਰਾ ਕੀਤਾ

ਕੋਲਕਾਤਾ- ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ 19ਵੀਂ ਸਦੀ ‘ਚ ਸਵਾਮੀ ਵਿਵੇਕਾਨੰਦ ਦੁਆਰਾ ਸਥਾਪਿਤ ਰਾਮਕ੍ਰਿਸ਼ਨ ਮਿਸ਼ਨ ਦੇ ਗਲੋਬਲ ਹੈੱਡਕੁਆਟਰ ਬੇਲੂਰ ਮੱਠ ਦਾ ਮੰਗਲਵਾਰ ਨੂੰ ਦੌਰਾ ਕੀਤਾ। ਰਾਸ਼ਟਰਪਤੀ ਮੁਰਮੂ ਪੱਛਮੀ ਬੰਗਾਲ ਦੇ ਰਾਜਪਾਲ ਸੀਵੀ ਆਨੰਦ ਬੋਸ ਦੇ ਨਾਲ ਸਵੇਰੇ 8.45 ਵਜੇ ਮੱਠ ਪਹੁੰਚੀ।
ਮਿਸ਼ਨ ਦੇ ਜਨਰਲ ਸਕੱਤਰ ਸਵਾਮੀ ਸੁਵੀਰਾਨੰਦ ਜੀ ਮਹਾਰਾਜ ਅਤੇ ਸੂਬੇ ਦੇ ਮੰਤਰੀ ਬੀਰਬਾਹਾ ਹਾਂਸਦਾ ਨੇ ਮੁਰਮੂ ਦਾ ਸਵਾਗਤ ਕੀਤਾ।
ਇਕ ਅਧਿਕਾਰੀ ਨੇ ਦੱਸਿਆ ਕਿ ਰਾਸ਼ਟਰਪਤੀ ਮੁਰਮੂ ਨੇ ਰਾਮਕ੍ਰਿਸ਼ਨ ਮੰਦਰ ਅਤੇ ਮਾਂ ਸ਼ਾਰਦਾ ਦੇਵੀ ਮੰਦਰ, ਸਵਾਮੀ ਵਿਵੇਕਾਨੰਦ ਦੇ ਕਮਰੇ ਅਤੇ ਉਨ੍ਹਾਂ ਦੀ ਯਾਦਗਾਰ ਦਾ ਦੌਰਾ ਕੀਤਾ। ਰਾਸ਼ਟਰਪਤੀ ਨੇ ਬੈਟਰੀ ਨਾਲ ਚੱਲਣ ਵਾਲੇ ਵਾਹਨ ਰਾਹੀਂ ਮੱਠ ਕੰਪਲੈਕਸ ਦਾ ਦੌਰਾ ਕੀਤਾ। ਉਹ ਸਵੇਰੇ ਕਰੀਬ 9 ਵਜ ਕੇ 20 ਮਿੰਟ ‘ਤੇ ਮੱਠ ‘ਚੋਂ ਰਵਾਨਾ ਹਈ। ਮਿਸ਼ਨ ਅਧਿਕਾਰੀਆਂ ਨੇ ਮੁਰਮੂ ਨੂੰ ਸਾੜੀ ਅਤੇ ਫਲਾਂ ਅਤੇ ਮਠਿਆਈਆਂ ਦੀ ਇੱਕ ਟੋਕਰੀ ਭੇਂਟ ਕੀਤੀ।
ਰਾਸ਼ਟਰਪਤੀ ਦੀ ਸੁਰੱਖਿਆ ਦੇ ਮੱਦੇਨਜ਼ਰ ਮੰਗਲਵਾਰ ਸਵੇਰੇ 10 ਵਜੇ ਤੱਕ ਮੱਠ ਬਾਕੀ ਸਾਰੇ ਸੈਲਾਨੀਆਂ ਲਈ ਬੰਦ ਰਿਹਾ। ਬੇਲੂਰ ਮੱਠ ਦਾ ਦੌਰਾ ਰਾਸ਼ਟਰਪਤੀ ਦੇ ਪੱਛਮੀ ਬੰਗਾਲ ਦੇ ਦੋ ਦਿਨਾਂ ਦੌਰੇ ਦਾ ਹਿੱਸਾ ਸੀ। ਰਾਸ਼ਟਰਪਤੀ ਬਣਨ ਤੋਂ ਬਾਅਦ ਮੁਰਮੂ ਦੇ ਸੂਬੇ ਦੇ ਪਹਿਲੇ ਦੌਰੇ ਦੇ ਮੱਦੇਨਜ਼ਰ ਸ਼ਹਿਰ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਸੀ।
ਆਪਣੇ ਦੌਰੇ ਦੇ ਦੂਜੇ ਦਿਨ ਰਾਸ਼ਟਰਪਤੀ ਕੋਲਕਾਤਾ ‘ਚ ਯੂਕੋ ਬੈਂਕ ਦੇ 80 ਸਾਲ ਪੂਰੇ ਹੋਣ ‘ਤੇ ਆਯੋਜਿਤ ਸਮਾਰੋਹ ‘ਚ ਸ਼ਿਰਕਤ ਕਰਨਗੇ। ਉਨ੍ਹਾਂ ਦਾ ਵਿਸ਼ਵ ਪ੍ਰਸਿੱਧ ਕਵੀ ਰਬਿੰਦਰਨਾਥ ਟੈਗੋਰ ਦੁਆਰਾ ਸਥਾਪਿਤ ਵਿਸ਼ਵ ਭਾਰਤੀ ਯੂਨੀਵਰਸਿਟੀ ਦੇ ਸਾਲਾਨਾ ਕਨਵੋਕੇਸ਼ਨ ਵਿੱਚ ਸ਼ਾਮਲ ਹੋਣ ਤੋਂ ਬਾਅਦ ਸ਼ਾਂਤੀਨਿਕੇਤਨ ਦਾ ਦੌਰਾ ਕਰਨ ਦਾ ਪ੍ਰੋਗਰਾਮ ਵੀ ਹੈ।
ਮੁਰਮੂ ਸੋਮਵਾਰ ਨੂੰ ਕੋਲਕਾਤਾ ਪਹੁੰਚੇ ਸਨ ਅਤੇ ਉਨ੍ਹਾਂ ਨੇਤਾਜੀ ਭਵਨ ਦਾ ਦੌਰਾ ਕੀਤਾ ਸੀ ਜਿੱਥੇ ਭਾਰਤ ਦੀ ਸੁਤੰਤਰਤਾ ਅੰਦੋਲਨ ਦੇ ਨਾਇਕ ਸੁਭਾਸ਼ ਚੰਦਰ ਬੋਸ ਰਹਿੰਦੇ ਸਨ। ਉਹ ਉੱਤਰੀ ਕੋਲਕਾਤਾ ਵਿੱਚ ਟੈਗੋਰ ਦੇ ਜੱਦੀ ਘਰ ਜੋਰਾਸਾਂਕੋ ਠਾਕੁਰਬਾੜੀ ਵੀ ਗਏ ਸਨ। ਮੁਰਮੂ ਨੂੰ ਸ਼ਾਮ ਨੂੰ ਪੱਛਮੀ ਬੰਗਾਲ ਸਰਕਾਰ ਵਲੋਂ ਨੇਤਾਜੀ ਇਨਡੋਰ ਸਟੇਡੀਅਮ ‘ਚ ਆਯੋਜਿਤ ਇਕ ਸਮਾਰੋਹ ‘ਚ ਸਨਮਾਨਿਤ ਕੀਤਾ ਗਿਆ, ਜਿੱਥੇ ਰਾਜਪਾਲ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ਵੀ ਮੌਜੂਦ ਸਨ।