ਨਸ਼ੀਲੇ ਪਦਾਰਥਾਂ ਦੀ ਤਸਕਰੀ ਮਾਮਲੇ ‘ਚ ਆਸਟ੍ਰੇਲੀਆਈ ਵਿਅਕਤੀ ਗ੍ਰਿਫ਼ਤਾਰ

ਕੈਨਬਰਾ : ਤਸਮਾਨੀਆ ਰਾਜ ਦੇ ਹੋਬਾਰਟ ਹਵਾਈ ਅੱਡੇ ‘ਤੇ ਇਕ ਆਸਟ੍ਰੇਲੀਆਈ ਵਿਅਕਤੀ ਨੂੰ 5.5 ਮਿਲੀਅਨ ਆਸਟ੍ਰੇਲੀਅਨ ਡਾਲਰ (3.7 ਮਿਲੀਅਨ ਡਾਲਰ) ਦੀ ਕੋਕੀਨ ਅਤੇ ਮੈਥਾਈਲੈਂਫੇਟਾਮਾਈਨ ਲਿਜਾਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ। ਮੰਗਲਵਾਰ ਨੂੰ ਇਕ ਅਧਿਕਾਰਤ ਬਿਆਨ ਵਿਚ ਇਹ ਜਾਣਕਾਰੀ ਦਿੱਤੀ ਗਈ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ 32 ਸਾਲਾ ਵਿਅਕਤੀ ਨੂੰ ਸੋਮਵਾਰ ਰਾਤ ਤਸਮਾਨੀਅਨ ਪੁਲਸ ਅਤੇ ਆਸਟ੍ਰੇਲੀਅਨ ਫੈਡਰਲ ਪੁਲਸ (ਏਐਫਪੀ) ਦੁਆਰਾ ਸਾਂਝੇ ਤੌਰ ‘ਤੇ ਗ੍ਰਿਫ਼ਤਾਰ ਕੀਤਾ ਗਿਆ।
ਬਿਆਨ ਅਨੁਸਾਰ ਜਦੋਂ ਪੁਲਸ ਅਧਿਕਾਰੀ ਆਉਣ ਵਾਲੇ ਯਾਤਰੀਆਂ ‘ਤੇ ਡਰੱਗ ਸਕ੍ਰੀਨਿੰਗ ਕਰ ਰਹੇ ਸਨ, ਤਾਂ ਉਸ ਵਿਅਕਤੀ ਕੋਲ ਇੱਕ ਨਸ਼ੀਲਾ ਪਦਾਰਥ ਹੋਣ ਦਾ ਸੰਕੇਤ ਮਿਲਿਆ। ਵਿਅਕਤੀ ਦੇ ਸਾਮਾਨ ਦੀ ਤਲਾਸ਼ੀ ਲੈਣ ਤੋਂ ਬਾਅਦ ਪੁਲਸ ਨੇ 2 ਕਿਲੋਗ੍ਰਾਮ ਕੋਕੀਨ ਅਤੇ 3.5 ਕਿਲੋ ਮਿਥਾਈਲੈਂਫੇਟਾਮਾਈਨ ਬਰਾਮਦ ਕੀਤੀ। ਉਕਤ ਵਿਅਕਤੀ, ਜੋ ਹਾਲ ਹੀ ਵਿੱਚ ਸਿਡਨੀ ਤੋਂ ਇੱਕ ਫਲਾਈਟ ‘ਤੇ ਆਇਆ ਸੀ, ਨੂੰ ਹੋਬਾਰਟ ਪੁਲਸ ਸਟੇਸ਼ਨ ਲਿਜਾਇਆ ਗਿਆ, ਜਿੱਥੇ ਉਸ ਤੋਂ ਪੁੱਛਗਿੱਛ ਕੀਤੀ ਗਈ ਅਤੇ ਫਿਰ ਉਸ ‘ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਦੋਸ਼ ਲਗਾਇਆ ਗਿਆ। ਵਿਅਕਤੀ ਨੂੰ ਤੁਰੰਤ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਮੰਗਲਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।