ਅੰਮ੍ਰਿਤਪਾਲ ਦੇ 5 ਸਾਥੀ ਅਜਨਾਲਾ ਅਦਾਲਤ ’ਚ ਪੇਸ਼, ਹਰਕਰਨ ਸਿੰਘ ਨੂੰ ਭੇਜਿਆ 14 ਦਿਨਾਂ ਲਈ ਜੁਡੀਸ਼ੀਅਲ ਰਿਮਾਂਡ ‘ਤੇ

ਅਜਨਾਲਾ/ਬਾਬਾ ਬਕਾਲਾ ਸਾਹਿਬ ਪੰਜਾਬ ਪੁਲਸ ਵੱਲੋਂ ਅਜਨਾਲਾ ਕਾਂਡ ’ਚ ਸ਼ਾਮਲ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਦੀ ਹੋਈ ਗ੍ਰਿਫ਼ਤਾਰੀ ਤੋਂ ਬਾਅਦ ਬੀਤੇ ਦਿਨ ਉਨ੍ਹਾਂ ’ਚੋਂ 5 ਵਿਅਕਤੀਆਂ ਨੂੰ ਅਜਨਾਲਾ ਦੀ ਮਾਣਯੋਗ ਅਦਾਲਤ ’ਚ ਪੇਸ਼ ਕੀਤਾ ਗਿਆ, ਜਿਨ੍ਹਾਂ ਵਿੱਚੋਂ ਤਿੰਨ ਵਿਅਕਤੀ ਰਣਜੋਧ ਸਿੰਘ, ਗੁਰਜੋਤ ਸਿੰਘ ਅਤੇ ਬਲਵਿੰਦਰ ਸਿੰਘ ਨੂੰ ਵੀਡੀਓ ਕਾਨਫਰੰਸ ਰਾਹੀਂ ਅਤੇ ਹਰਕਰਨ ਸਿੰਘ ਤੇ ਓਂਕਾਰ ਸਿੰਘ ਨੂੰ ਭਾਰੀ ਸਕਿਓਰਿਟੀ ਹੇਠ ਅਦਾਲਤ ਸਾਹਮਣੇ ਪੇਸ਼ ਕੀਤਾ ਗਿਆ।
ਇਸ ਸਬੰਧੀ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਦੇ ਵਕੀਲ ਐਡਵੋਕੇਟ ਰਿਤੂ ਰਾਜ ਸਿੰਘ ਸੰਧੂ ਨੇ ਦੱਸਿਆ ਕਿ ਵੀਡੀਓ ਕਾਨਫਰੰਸ ਰਾਹੀਂ ਪੇਸ਼ ਹੋਏ 3 ਵਿਅਕਤੀ ਰਣਜੋਧ ਸਿੰਘ, ਗੁਰਜੋਤ ਸਿੰਘ ਅਤੇ ਬਲਵਿੰਦਰ ਸਿੰਘ ਤੋਂ ਇਲਾਵਾ ਮਾਨਯੋਗ ਅਦਾਲਤਾਂ ਸਾਹਮਣੇ ਪੇਸ਼ ਕੀਤੇ ਗਏ ਹਰਕਰਨ ਸਿੰਘ ਨੂੰ ਅਦਾਲਤ ਨੇ ਟ੍ਰਾਂਜਿਟ ਰਿਮਾਂਡ ’ਤੇ ਐੱਫ. ਆਈ. ਆਰ. ਨੰਬਰ 26 ’ਚ ਖਿਲਚੀਆ ਭੇਜ ਦਿੱਤਾ ਗਿਆ ਅਤੇ ਓਂਕਾਰ ਸਿੰਘ ਨੂੰ ਜੁਡੀਸ਼ੀਅਲ ਹਿਰਾਸਤ ’ਚ ਭੇਜਿਆ ਹੈ।
ਉੱਧਰ ਹਰਕਰਨ ਸਿੰਘ ਨੂੰ ਬੀਤੇ ਦਿਨ ਮਾਣਯੋਗ ਜੇ. ਐੱਮ. ਆਈ. ਸੀ. ਬਿਕਰਮਜੀਤ ਸਿੰਘ ਬਾਬਾ ਬਕਾਲਾ ਸਾਹਿਬ ਦੀ ਅਦਾਲਤ ਵਿਚ ਵੀ ਪੇਸ਼ ਕੀਤਾ ਗਿਆ, ਜਿੱਥੇ ਕਿ ਮਾਣਯੋਗ ਅਦਾਲਤ ਨੇ ਉਸਨੂੰ 14 ਦਿਨਾਂ ਲਈ ਜੁਡੀਸ਼ੀਅਲ ਹਿਰਾਸਤ ਵਿਚ ਭੇਜਣ ਦਾ ਹੁਕਮ ਦਿੱਤਾ ਹੈ। ਉਸਦੀ ਦੋਬਾਰਾ ਅਗਲੀ ਪੇਸ਼ੀ 10 ਅਪ੍ਰੈਲ ਨੂੰ ਹੋਵੇਗੀ ।