ਬਿਹਾਰ ਦੇ ਉੱਪ ਮੁੱਖ ਮੰਤਰੀ ਤੇਜਸਵੀ ਯਾਦਵ ਬਣੇ ਪਿਤਾ, ਪਤਨੀ ਨੇ ਧੀ ਨੂੰ ਦਿੱਤਾ ਜਨਮ

ਪਟਨਾ – ਬਿਹਾਰ ਦੇ ਉੱਪ ਮੁੱਖ ਮੰਤਰੀ ਤੇਜਸਵੀ ਯਾਦਵ ਅਤੇ ਉਨ੍ਹਾਂ ਦੀ ਪਤਨੀ ਰਾਜਸ਼੍ਰੀ ਸੋਮਵਾਰ ਨੂੰ ਇਕ ਬੱਚੀ ਦੇ ਮਾਤਾ-ਪਿਤਾ ਬਣ ਗਏ ਹਨ। ਯਾਦਵ ਨੇ ਸੋਸ਼ਲ ਮੀਡੀਆ ‘ਤੇ ਇਸ ਖ਼ਬਰ ਦਾ ਐਲਾਨ ਕਰਦੇ ਹੋਏ ਬੱਚੀ ਨੂੰ ਗੋਦ ‘ਚ ਲਏ ਹੋਏ ਇਕ ਤਸਵੀਰ ਸਾਂਝੀ ਕੀਤੀ ਅਤੇ ਕੈਪਸ਼ਨ ‘ਚ ਲਿਖਿਆ,”ਭਗਵਾਨ ਨੇ ਬੱਚੀ ਦੇ ਰੂਪ ‘ਚ ਤੋਹਫ਼ਾ ਭੇਜਿਆ ਹੈ। ਸੂਤਰਾਂ ਅਨੁਸਾਰ ਨਵੇਂ ਮੈਂਬਰ ਦੇ ਸੁਆਗਤ ਲਈ ਪਰਿਵਾਰ ਇਕ ਪ੍ਰੋਗਰਾਮ ਆਯੋਜਿਤ ਕਰੇਗਾ।
ਦੱਸਣਯੋਗ ਹੈ ਕਿ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਕੇਂਦਰੀ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਦਾ ਪਰਿਵਾਰ ਪਿਛਲੇ ਕੁਝ ਹਫ਼ਤਿਆਂ ਤੋਂ ਨੌਕਰੀ ਦੇ ਬਦਲੇ ਜ਼ਮੀਨ ਦੇ ਮਾਮਲੇ ‘ਚ ਕੇਂਦਰੀ ਏਜੰਸੀਆਂ ਦੀ ਕਾਰਵਾਈ ਦਾ ਸਾਹਮਣਾ ਕਰ ਰਿਹਾ ਹੈ। ਤੇਜਸਵੀ ਤੋਂ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਸ਼ਨੀਵਾਰ ਨੂੰ 9 ਘੰਟੇ ਤੱਕ ਪੁੱਛ-ਗਿੱਛ ਕੀਤੀ ਸੀ। ਕੁਝ ਸਮੇਂ ਪਹਿਲਾਂ ਕੇਂਦਰੀ ਏਜੰਸੀ ਨੇ ਨਵੀਂ ਦਿੱਲੀ ‘ਚ ਉਨ੍ਹਾਂ ਦੇ ਨਿਊ ਫਰੈਂਡਸ ਕਾਲੋਨੀ ਸਥਿਤ ਘਰ ਛਾਪਾ ਮਾਰਿਆ ਸੀ। ਕਿਉਂਕਿ ਰਾਜਸ਼੍ਰੀ ਯਾਦਵ ਗਰਭਵਤੀ ਸੀ, ਇਸ ਲਈ ਛਾਪੇਮਾਰੀ ਕਾਰਨ ਉਹ ਸਰੀਰਕ ਰੂਪ ਨਾਲ ਅਸਹਿਜ ਹੋ ਗਈ। ਪਰਿਵਾਰ ਨੇ ਦਾਅਵਾ ਕੀਤਾ ਸੀ ਕਿ ਈ.ਡੀ. ਦੇ ਅਧਿਕਾਰੀਆਂ ਨੇ ਗਰਭਵਤੀ ਹੋਣ ਅਤੇ ਬਲੱਡ ਪ੍ਰੈਸ਼ਰ ਦੀ ਸਮੱਸਿਆ ਦੇ ਬਾਵਜੂਦ ਉਸ ਨੂੰ 15 ਘੰਟਿਆਂ ਤੱਕ ਇਕ ਜਗ੍ਹਾ ਬੈਠਣ ਲਈ ਮਜ਼ਬੂਰ ਕੀਤਾ ਸੀ। ਛਾਪੇਮਾਰੀ ਦੇ ਤੁਰੰਤ ਬਾਅਦ ਉਸ ਨੂੰ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਸੀ।