ਲਖਨਊ- ਯੂ. ਪੀ. ਦੀ ਯੋਗੀ ਆਦਿਤਿਆਨਾਥ ਸਰਕਾਰ ਨੇ ਕਿਸਾਨਾਂ ਨੂੰ ਵੱਡੀ ਸੌਗਾਤ ਦਿੱਤੀ ਹੈ। ਇਕ ਅਪ੍ਰੈਲ ਤੋਂ ਕਿਸਾਨਾਂ ਨੂੰ ਟਿਊਬਵੈੱਲ ਰਾਹੀਂ ਸਿੰਚਾਈ ਕਰਨ ਲਈ ਬਿਜਲੀ ਮੁਫ਼ਤ ਮਿਲੇਗੀ। ਕਿਸਾਨਾਂ ਨੂੰ ਇਸ ਦਾ ਬਿੱਲ ਨਹੀਂ ਦੇਣਾ ਪਵੇਗਾ। ਜੋ ਵੀ ਬਿੱਲ ਆਵੇਗਾ, ਉਸ ਦਾ ਭੁਗਤਾਨ ਸਰਕਾਰ ਕਰੇਗੀ। ਡਿਪਟੀ ਸੀ. ਐੱਮ. ਕੇਸ਼ਵ ਪ੍ਰਸਾਦ ਮੌਰਿਆ ਨੇ ਬਾਰਾਬੰਕੀ ਦੇ ਗ੍ਰਾਮ ਪੰਚਾਇਤ ਬਸਾਰਾ ਦੇ ਸਰਕਾਰੀ ਇੰਟਰ ਕਾਲਜ ਨਿੰਦੂਰਾ ਵਿਚ ਆਯੋਜਿਤ ਜਨ ਚੌਪਾਲ ਵਿਚ ਇਸ ਗੱਲ ਦਾ ਐਲਾਨ ਕੀਤਾ।
ਜ਼ਿਕਰਯੋਗ ਹੈ ਕਿ ਯੋਗੀ ਸਰਕਾਰ ਨੇ ਆਉਂਦੇ ਵਿੱਤ ਸਾਲ ਵਿਚ ਕਿਸਾਨਾਂ ਨੂੰ ਨਿੱਜੀ ਟਿਊਬਵੈੱਲਾਂ ਦੇ ਮਾਧਿਅਮ ਨਾਲ ਸਿੰਚਾਈ ਲਈ ਬਿਜਲੀ ਬਿੱਲ ‘ਚ 100 ਫ਼ੀਸਦੀ ਛੋਟ ਦੇਣ ਲਈ ਬਜਟ ‘ਚ 1500 ਕਰੋੜ ਰੁਪਏ ਦਾ ਇੰਤਜ਼ਾਮ ਕੀਤਾ ਸੀ। ਉਸ ਦੇ ਤਹਿਤ ਇਸ ਛੋਟ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।
ਇਸ ਨਾਲ ਕਿਸਾਨਾਂ ਨੂੰ ਵੱਡੀ ਰਾਹਤ ਮਿਲ ਸਕੇਗੀ। ਹੁਣ ਟਿਊਬਵੈੱਲਾਂ ਤੋਂ ਸਿੰਚਾਈ ਦੌਰਾਨ ਕਿਸਾਨਾਂ ਨੂੰ ਬਿਜਲੀ ਬਿੱਲ ਦੀ ਟੈਨਸ਼ਨ ਨਹੀਂ ਰਹੇਗੀ। ਯੋਗੀ ਸਰਕਾਰ ਨੇ ਸਿੰਚਾਈ ਲਈ ਮੁਫ਼ਤ ਬਿਜਲੀ ਦੇ ਕੇ ਭਾਜਪਾ ਦੇ ਲੋਕ ਕਲਿਆਣ ਸੰਕਲਪ ਪੱਤਰ ਵਿਚ ਕੀਏ ਗਏ ਇਕ ਹੋਰ ਵਾਅਦੇ ਨੂੰ ਨਿਭਾਇਆ ਹੈ।